ਵਿਧਾਇਕ ਦਾ ਸੈਕਟਰੀ ਦੱਸ ਨੌਸਰਬਾਜ਼ ਨੇ ਮਾਰੀ ਹਜ਼ਾਰਾਂ ਦੀ ਠੱਗੀ

10/20/2019 10:01:00 AM

ਅਮਲੋਹ (ਵਿਪਨ ਬੀਜਾ) - ਅਮਲੋਹ ਵਿਖੇ ਵਿਧਾਇਕ ਦਾ ਸੈਕਟਰੀ ਦੱਸ ਇਕ ਨੌਸਰਬਾਜ਼ ਨੇ ਮੋਬਾਇਲ ਰਾਹੀਂ 87,906 ਰੁਪਏ ਦੀ ਠੱਗੀ ਮਾਰ ਲਈ, ਜੋ ਪੁਲਸ ਵਲੋਂ ਇਸ ਨੂੰ ਸਾਈਬਰ ਕਰਾਈਮ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਸੈਕਟਰੀ ਬਣ ਇਕ ਵਿਅਕਤੀ ਨੇ ਮਨੀ ਟਰਾਂਸਫਰ ਕਰਨ ਵਾਲੇ ਵਿਅਕਤੀ ਨੂੰ ਹਜ਼ਾਰਾਂ ਦੀ ਠੱਗੀ ਮਾਰ ਲਈ, ਜਿਸ ਦੇ ਖਿਲਾਫ ਅਮਲੋਹ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਰਾਜੀਵ ਕੁਮਾਰ ਉਰਫ ਸਾਧੂ ਰਾਮ ਪੁੱਤਰ ਕ੍ਰਿਸ਼ਨ ਲਾਲ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਰਮਾ ਇੰਟਰਪ੍ਰਾਈਜ਼ਿਜ਼ ਨਾਂ ਦਾ ਸਰਾਫਾ ਬਾਜ਼ਾਰ ਅਮਲੋਹ ਵਿਖੇ ਮਨੀ ਟਰਾਂਸਫਰ ਦਾ ਕੰਮ ਹੈ। 17 ਅਕਤੂਬਰ ਨੂੰ ਸਵੇਰੇ ਸਾਢੇ 9 ਵਜੇ ਦੇ ਕਰੀਬ 91367-21211 ਤੋਂ ਫੋਨ ਆਇਆ ਕਿ ਮੈਂ ਹਲਕਾ ਵਿਧਾਇਕ ਰਣਦੀਪ ਸਿੰਘ ਦੇ ਘਰੋਂ ਉਨ੍ਹਾਂ ਦਾ ਸੈਕਟਰੀ ਸਹਿਗਲ ਬੋਲ ਰਿਹਾ ਹਾਂ, ਮੇਰੀ ਬੇਟੀ ਜੋ ਚੰਡੀਗੜ੍ਹ ਪੜ੍ਹਦੀ ਹੈ, ਦੀ ਟਿਊਸ਼ਨ ਫੀਸ ਜੋ 23-24 ਹਜ਼ਾਰ ਰੁਪਏ ਹੈ, ਭਰਨੀ ਹੈ, ਤੁਸੀਂ ਇਹ ਰਕਮ ਉਸ ਦੇ ਖਾਤੇ 'ਚ ਟਰਾਂਸਫਰ ਕਰ ਦਿਓ। ਉਨ੍ਹਾਂ ਮੈਨੂੰ ਅਕਾਊਂਟ ਨੰਬਰ '20383624740 ਸਟੇਟ ਬੈਂਕ ਆਫ ਇੰਡੀਆ' ਜੋ ਸਾਕਸ਼ੀ ਦੇ ਨਾਂ 'ਤੇ ਚੱਲਦਾ ਹੈ, ਦੇ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਇਲੈਕਸ਼ਨ 'ਚ ਬਹੁਤ ਬਿਜ਼ੀ ਹਾਂ, ਤੁਸੀਂ ਪੇਮੈਂਟ ਕਾਕਾ ਰਣਦੀਪ ਸਿੰਘ ਦੇ ਘਰੋਂ ਲੈ ਲੈਣਾ ਜਾਂ ਫਿਰ ਰਾਹੁਲ ਨਾਂ ਦਾ ਲੜਕਾ ਤੁਹਾਨੂੰ ਦੇ ਜਾਵੇਗਾ।

ਉਕਤ ਵਿਅਕਤੀ ਨੇ ਕਿਹਾ ਕਿ ਤੁਸੀਂ ਕਾਕਾ ਰਣਦੀਪ ਸਿੰਘ ਜੀ ਨਾਲ ਗੱਲ ਕਰ ਲਵੋ। ਮੋਬਾਇਲ 'ਤੇ ਗੱਲ ਕਰਨ ਵਾਲੇ ਵਿਅਕਤੀ ਦੀ ਆਵਾਜ਼ ਕਾਕਾ ਰਣਦੀਪ ਨਾਲ ਮਿਲਦੀ-ਜੁਲਦੀ ਸੀ। ਉਨ੍ਹਾਂ ਦੇ ਕਹਿਣ 'ਤੇ ਮੈਂ ਉਸ ਵਲੋਂ ਦੱਸੇ ਅਕਾਊਂਟ ਨੰਬਰ 'ਚ ਦੋ ਵਾਰ 22876, 22876 ਰੁਪਏ ਟਰਾਂਸਫਰ ਕਰ ਦਿੱਤੇ। ਉਪਰੰਤ ਸਹਿਗਲ ਦਾ ਫੋਨ ਆਇਆ ਕਿ ਮੈਂ ਤੇਰੇ ਅਕਾਊਂਟ 'ਚ 60000 ਰੁਪਏ ਦੀ ਰਾਸ਼ੀ ਨੈਫਟ ਕਰਵਾ ਦਿੱਤੀ ਪਰ ਉਸ ਵਲੋਂ ਭੇਜੀ ਨੈਫਟ ਮੈਨੂੰ ਨਹੀਂ ਮਿਲੀ। ਮੈਂ ਉਸ ਨੂੰ ਫੋਨ ਕਰ ਕੇ ਕਿਹਾ ਕਿ ਨੈਫਟ ਨਹੀਂ ਮਿਲੀ। ਉਸ ਨੇ ਕਿਹਾ ਕਿ ਮੈਂ ਦੁਬਾਰਾ ਕਰਵਾ ਦਿੰਦਾ ਹਾਂ, ਤੁਸੀਂ ਬਾਕੀ ਦੀ ਰਕਮ 13600 ਰੁਪਏ ਟਰਾਂਸਫਰ ਕਰ ਦੇਵੋ। ਮੇਰੇ ਵਲੋਂ 13600 ਰੁਪਏ ਦੀ ਰਕਮ ਉਸ ਵਲੋਂ ਦੱਸੇ ਅਕਾਊਂਟ 'ਚ ਟਰਾਂਸਫਰ ਕਰ ਦਿੱਤੀ ਗਈ। 18 ਅਕਤੂਬਰ ਨੂੰ ਉਕਤ ਨੌਸਰਬਾਜ਼ ਦਾ ਫਿਰ ਫੋਨ ਆਇਆ ਕਿ ਨੈਫਟ ਪਹੁੰਚ ਗਈ? ਜਦੋਂ ਮੈਂ ਕਿਹਾ ਕਿ ਨਹੀਂ ਪਹੁੰਚੀ ਤਾਂ ਉਸ ਨੇ ਕਿਹਾ ਕਿ ਤੁਸੀਂ 28644 ਰੁਪਏ ਹੋਰ ਜਮ੍ਹਾ ਕਰਵਾ ਦਿਓ, ਰਾਹੁਲ 2 ਵਜੇ ਤੁਹਾਨੂੰ 50 ਹਜ਼ਾਰ ਰੁਪਏ ਦੇ ਜਾਵੇਗਾ ਅਤੇ ਮੈਂ 28644 ਰੁਪਏ ਦੀ ਰਕਮ ਉਸ ਦੇ ਖਾਤੇ 'ਚ ਜਮ੍ਹਾ ਕਰਵਾ ਦਿੱਤੀ। ਜਦੋਂ ਸ਼ਾਮ ਤੱਕ ਮੇਰੇ ਪੈਸੇ ਨਹੀਂ ਪਹੁੰਚੇ ਤਾਂ ਮੈਂ ਕਾਕਾ ਰਣਦੀਪ ਸਿੰਘ ਦੇ ਦਫ਼ਤਰ ਸੈਕਟਰੀ ਸਹਿਗਲ ਬਾਰੇ ਪਤਾ ਕੀਤਾ। ਪਤਾ ਲੱਗਾ ਕਿ ਕਾਕਾ ਰਣਦੀਪ ਸਿੰਘ ਦਾ ਕੋਈ ਸਹਿਗਲ ਨਾਂ ਦਾ ਸੈਕਟਰੀ ਨਹੀਂ ਅਤੇ ਕਿਸੇ ਵਿਅਕਤੀ ਨੇ ਕਾਕਾ ਰਣਦੀਪ ਦਾ ਸੈਕਟਰੀ ਬਣ 87906 ਰੁਪਏ ਠੱਗ ਲਏ। 

ਨੌਸਰਬਾਜ਼ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ : ਕਾਕਾ ਰਣਦੀਪ ਸਿੰਘ
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦੋ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਡੀ. ਐੱਸ. ਪੀ. ਅਮਲੋਹ ਨੂੰ ਨੌਸਰਬਾਜ਼ ਵਿਰੁੱਧ ਮਾਮਲਾ ਦਰਜ ਕਰ ਗ੍ਰਿਫਤਾਰ ਕਰਨ ਲਈ ਕਿਹਾ ਤਾਂ ਜੋ ਕਿਸੇ ਹੋਰ ਵਿਅਕਤੀ ਨਾਲ ਠੱਗੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਹਿਗਲ ਜਾਂ ਰਾਹੁਲ ਨਾਂ ਦਾ ਕੋਈ ਵਿਅਕਤੀ ਉਨ੍ਹਾਂ ਦੀ ਕੋਠੀ ਜਾਂ ਦਫ਼ਤਰ 'ਚ ਨਹੀਂ।

ਕੀ ਕਹਿਣਾ ਹੈ ਥਾਣਾ ਮੁਖੀ ਅਮਲੋਹ ਦਾ?
ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮਲੋਹ ਦੇ ਮੁਖੀ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਤਫਤੀਸ਼ ਚੱਲ ਰਹੀ ਹੈ।


rajwinder kaur

Content Editor

Related News