ਵਿਜੀਲੈਂਸ ਵਲੋਂ ਮਿੱਤਲ ਭਰਾਵਾਂ ਤੇ ਬੀ. ਡੀ. ਪੀ. ਓ. ਢਿੱਲੋਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ

06/09/2018 4:58:12 AM

ਮੋਹਾਲੀ, (ਕੁਲਦੀਪ)- ਬਲਾਕ ਸੰਮਤੀ ਖਰੜ ਵਿਚ ਹੋਏ ਲੱਖਾਂ ਰੁਪਏ ਦੇ ਘਪਲੇ ਸਬੰਧੀ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਕੇਸ ਦੇ ਬਾਕੀ ਮੁਲਜ਼ਮਾਂ ਬੀ. ਡੀ. ਪੀ. ਓ. ਖਰੜ ਜਤਿੰਦਰ ਸਿੰਘ ਢਿੱਲੋਂ, ਪ੍ਰਾਈਵੇਟ ਫਰਮ ਜੇ. ਆਰ. ਪ੍ਰਿੰਟਰਸ ਦੇ ਪਾਰਟਨਰਾਂ ਪੁਨੀਤ ਮਿੱਤਲ, ਰਾਜਿੰਦਰਪਾਲ ਮਿੱਤਲ ਤੇ ਜੀਤਪਾਲ ਮਿੱਤਲ ਦੀਆਂ ਰਿਹਾਇਸ਼ਾਂ ਤੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਫਿਲਹਾਲ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ । ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਬਲਾਕ ਸੰਮਤੀ ਚੇਅਰਮੈਨ ਰੇਸ਼ਮ ਸਿੰਘ ਬੈਰੋਂਪੁਰ ਨੂੰ ਅੱਜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸਨੂੰ ਵਿਜੀਲੈਂਸ ਕੋਲ ਤਿੰਨ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । 
ਜ਼ਮਾਨਤ ਉਪਰੰਤ ਬੀ. ਡੀ. ਪੀ. ਓ. ਢਿੱਲੋਂ ਤੇ ਜੀਤਪਾਲ ਮਿੱਤਲ ਫਰਾਰ 
ਦੱਸਣਯੋਗ ਹੈ ਕਿ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਤੇ ਜੀਤਪਾਲ ਮਿੱਤਲ ਨੂੰ ਇਸ ਤੋਂ ਪਹਿਲਾਂ ਵਿਜੀਲੈਂਸ ਵਲੋਂ ਪਿੰਡ ਝਿਊਰਹੇੜੀ ਵਿਚ ਕਰੋੜਾਂ ਰੁਪਏ ਦੇ ਪੰਚਾਇਤੀ ਜ਼ਮੀਨ ਘਪਲੇ ਵਾਲੇ ਕੇਸ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ । ਉਸ ਕੇਸ ਵਿਚ ਢਿੱਲੋਂ ਤੇ ਜੀਤਪਾਲ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਹੁਣ ਵਿਜੀਲੈਂਸ ਨੇ ਜਦੋਂ ਬਲਾਕ ਸੰਮਤੀ ਖਰੜ ਵਿਚ ਘਪਲੇ ਸਬੰਧੀ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਨੀ ਚਾਹੀ ਤਾਂ ਉਹ ਫਰਾਰ ਹੋ ਗਏ।  ਵਿਜੀਲੈਂਸ ਨੇ ਅੱਜ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰਨ ਲਈ ਉਸਦੀ ਮੋਹਾਲੀ ਦੇ ਸੈਕਟਰ-69 ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਸੀ ਪਰ ਉਹ ਫਰਾਰ ਸੀ ।PunjabKesari
ਸੰਗਰੂਰ ਤੇ ਪਟਿਆਲਾ 'ਚ ਵੀ ਕੀਤੀ ਰੇਡ 
ਵਿਜੀਲੈਂਸ ਨੇ ਜੇ. ਆਰ. ਪ੍ਰਿੰਟਰਸ ਫਰਮ ਦੇ ਮਾਲਕਾਂ ਪੁਨੀਤ, ਰਾਜਿੰਦਰਪਾਲ ਤੇ ਜੀਤਪਾਲ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੀਆਂ ਸੰਗਰੂਰ ਤੇ ਪਟਿਆਲਾ ਸਥਿਤ ਰਿਹਾਇਸ਼ਾਂ ਅਤੇ ਦਫ਼ਤਰਾਂ ਵਿਚ ਵੀ ਰੇਡ ਕੀਤੀ ਪਰ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ । 
ਇਹ ਸੀ ਮਾਮਲਾ 
ਦੱਸਣਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਲਾਕ ਸੰਮਤੀ ਖਰੜ ਵਿਚ ਸਟੇਸ਼ਨਰੀ ਦੀ ਸਪਲਾਈ ਤੇ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਪਿੰਡਾਂ ਵਿਚ ਫਲੈਕਸ ਬੋਰਡ ਆਦਿ ਲਵਾਉਣ ਦੇ ਨਾਂ 'ਤੇ 47 ਲੱਖ ਰੁਪਏ ਦੇ ਘਪਲੇ ਦਾ ਮਾਮਲਾ ਇਸ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਵਿਜੀਲੈਂਸ ਵਲੋਂ ਉਜਾਗਰ ਕੀਤਾ ਗਿਆ ਸੀ। ਵਿਜੀਲੈਂਸ ਵਲੋਂ ਬਲਾਕ ਸੰਮਤੀ ਚੇਅਰਮੈਨ ਰੇਸ਼ਮ ਸਿੰਘ, ਬੀ. ਡੀ. ਪੀ. ਓ. ਖਰੜ ਜਤਿੰਦਰ ਸਿੰਘ ਢਿੱਲੋਂ, ਪ੍ਰਾਈਵੇਟ ਫਰਮ ਜੇ. ਆਰ. ਪ੍ਰਿੰਟਰਸ ਦੇ ਪਾਰਟਨਰਾਂ ਪੁਨੀਤ ਮਿੱਤਲ, ਰਾਜਿੰਦਰਪਾਲ ਮਿੱਤਲ ਤੇ ਜੀਤਪਾਲ ਮਿੱਤਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਚੇਅਰਮੈਨ ਰੇਸ਼ਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । 


Related News