ਚਿੱਟੇ ਦੀ ਲੜਾਈ ਨੇ ਉਜਾੜਿਆ ਘਰ, ਨਸ਼ਾ ਸਮੱਗਲਰਾਂ ਵਲੋਂ ਬੇਕਸੂਰ ਭਰਾਵਾਂ ’ਤੇ ਹਮਲਾ, 1 ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Thursday, May 16, 2024 - 05:19 AM (IST)
ਲੁਧਿਆਣਾ (ਗੌਤਮ)– ਸਲੇਮ ਟਾਬਰੀ ਦੇ ਇਲਾਕੇ ਪੀਰੂਬੰਦਾ ’ਚ ਬੁੱਧਵਾਰ ਨੂੰ ਦੇਰ ਸ਼ਾਮ ਨਸ਼ਾ ਸਮੱਗਲਰਾਂ ਤੇ ਨਸ਼ੇੜੀਆਂ ਵਿਚਕਾਰ ਚਿੱਟੇ ਦੀ ਲੜਾਈ ਕਾਰਨ ਇਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਉਸ ਦਾ ਵੱਡਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ, ਉਥੇ ਨਸ਼ਾ ਸਮੱਗਲਰਾਂ ਤੋਂ ਚਿੱਟਾ ਲੈ ਕੇ ਭੱਜਿਆ ਨਸ਼ੇੜੀ ਬਚਾਅ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਭਾਵੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀ. ਐੱਮ. ਸੀ. ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਕ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਦੀ ਪਛਾਣ ਸੈਮ ਸਿੱਧੂ ਸ਼ੰਮੀ (25) ਤੇ ਜ਼ਖ਼ਮੀ ਦੀ ਪਛਾਣ ਸਾਜਨ (30) ਵਜੋਂ ਕੀਤੀ ਗਈ ਹੈ। ਵਾਰਦਾਤ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ, ਪੁਲਸ ਕਰਨ ਲੱਗੀ ਖ਼ਾਲਿਸਤਾਨੀਆਂ ਨੂੰ ਸੰਬੋਧਨ
ਪਤਾ ਲੱਗਦਿਆਂ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ, ਥਾਣਾ ਦਰੇਸੀ ਦੀ ਪੁਲਸ ਤੇ ਸੀ. ਆਈ. ਏ. ਸਟਾਫ ਮੌਕੇ ’ਤੇ ਪੁੱਜ ਗਏ। ਪੁਲਸ ਨੇ ਪਹੁੰਚਦਿਆਂ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ’ਤੇ ਰੇਡ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਸ ਅਨੁਸਾਰ ਇਲਾਕੇ ਦੇ ਹਰਦੀਪ ਸਿੰਘ ਪੇਂਡੂ ਤੇ ਉਸ ਦੇ ਪੁੱਤਰ ਜਸ਼ਨ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ, ਸਿਰ ਤੇ ਹੋਰ ਹਿੱਸਿਆਂ ’ਤੇ ਅੰਨ੍ਹੇਵਾਹ ਵਾਰ ਕੀਤੇ।
ਚਿੱਟਾ ਲੈ ਕੇ ਭੱਜੇ ਨਸ਼ੇੜੀ ਦਾ ਕਰ ਰਹੇ ਸਨ ਨਸ਼ਾ ਸਮੱਗਲਰ ਪਿੱਛਾ
ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਓ-ਪੁੱਤ ਪੀਰੂਬੰਦਾ ਇਲਾਕੇ ’ਚ ਰਹਿੰਦੇ ਹਨ। ਜਸ਼ਨ ਲਗਭਗ 15 ਦਿਨ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਜੇਲ ’ਚੋਂ ਜ਼ਮਾਨਤ ’ਤੇ ਛੁੱਟ ਕੇ ਆਇਆ ਸੀ। ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਪਿਓ-ਪੁੱਤ ਇਲਾਕੇ ’ਚ ਨਸ਼ਾ ਸਪਲਾਈ ਕਰਦੇ ਹਨ।
ਇਲਾਕੇ ’ਚ ਰਹਿਣ ਵਾਲਾ ਅਜੇ ਪੂਡੀਵਨ ਨਾਂ ਦਾ ਨੌਜਵਾਨ ਖ਼ੁਦ ਵੀ ਨਸ਼ਾ ਕਰਦਾ ਹੈ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਜੇਲ ਜਾਣ ਤੋਂ ਪਹਿਲਾਂ ਜਸ਼ਨ ਨੇ ਅਜੇ ਤੋਂ ਨਸ਼ੇ ਦੇ ਪੈਸੇ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਚੱਲ ਰਹੀ ਸੀ। ਬੁੱਧਵਾਰ ਨੂੰ ਵੀ ਅਜੇ ਨੇ ਉਸ ਤੋਂ ਨਸ਼ਾ ਲਿਆ ਤੇ ਬਿਨਾਂ ਪੈਸੇ ਦਿੱਤੇ ਹੀ ਭੱਜ ਨਿਕਲਿਆ, ਜਿਸ ’ਤੇ ਜਸ਼ਨ ਤੇ ਉਸ ਦਾ ਪਿਤਾ ਪਿੱਛਾ ਕਰਦਿਆਂ ਵਾਰਦਾਤ ਵਾਲੀ ਥਾਂ ’ਤੇ ਪੁੱਜੇ।
ਬਚਾਅ ਲਈ ਵੜਿਆ ਸੈਮ ਦੇ ਘਰ
ਲੋਕਾਂ ਨੇ ਦੱਸਿਆ ਕਿ ਅਜੇ ਪੂਡੀਵਨ ਕਾਤਲ ਪਿਓ-ਪੁੱਤ ਤੋਂ ਬਚਣ ਲਈ ਸੈਮ ਦੇ ਘਰ ਵੜ ਗਿਆ। ਉਸ ਦਾ ਪਿੱਛਾ ਕਰਦਿਆਂ ਮੌਕੇ ’ਤੇ ਪੁੱਜੇ ਪਿਓ-ਪੁੱਤ ਨੇ ਸੈਮ ਦੇ ਭਰਾ ਸਾਜਨ ਨੂੰ ਬਾਹਰ ਨਿਕਲਣ ਲਈ ਕਿਹਾ। ਸਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਝਗੜਾ ਕਰਨ ਤੋਂ ਰੋਕਿਆ ਤੇ ਬਾਅਦ ’ਚ ਉਸ ਨਾਲ ਨਜਿੱਠਣ ਲਈ ਕਿਹਾ ਤਾਂ ਕਿ ਮੁਹੱਲੇ ’ਚ ਕੋਈ ਸ਼ਾਂਤੀ ਭੰਗ ਨਾ ਹੋਵੇ ਪਰ ਪਿਓ-ਪੁੱਤ ਨੇ ਸਾਜਨ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਜਨ ਨੇ ਵਿਰੋਧ ਕੀਤਾ ਤਾਂ ਜਸ਼ਨ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਰੌਲਾ ਸੁਣ ਕੇ ਸ਼ੰਮੀ ਵੀ ਮੌਕੇ ’ਤੇ ਆ ਗਿਆ।
ਗੁੱਸੇ ’ਚ ਆਏ ਜਸ਼ਨ ਨੇ ਸਰਜਰੀਕਲ ਬਲੇਡ ਕੱਢ ਕੇ ਸਾਜਨ ’ਤੇ ਵਾਰ ਕਰਨੇ ਸ਼ੁਰੂ ਦਿੱਤੇ। ਹਰਦੀਪ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਕੋਲ ਹੀ ਖੜ੍ਹੇ ਸ਼ੰਮੀ ਨੇ ਆਪਣੇ ਭਰਾ ਦਾ ਬਚਾਅ ਕਰਨਾ ਚਾਹਿਆ ਤਾਂ ਜ਼ਸਨ ਨੇ ਸਾਜਨ ਨੂੰ ਛੱਡ ਕੇ ਸ਼ੰਮੀ ’ਤੇ ਅੰਨ੍ਹੇਵਾਹ ਵਾਰ ਕੀਤੇ। ਗੰਭੀਰ ਜ਼ਖ਼ਮੀ ਹੋਣ ਕਾਰਨ ਦੋਵੇ ਭਰਾ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਕੇ ਡਿੱਗ ਗਏ ਤੇ ਸ਼ੰਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਥਿਆਰ ਦਿਖਾ ਕੇ ਡਰਾਇਆ ਲੋਕਾਂ ਨੂੰ
ਵਾਰਦਾਤ ਦੌਰਾਨ ਦੋਵੇਂ ਭਰਾਵਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਖ਼ੁਦ ਨੂੰ ਘਿਰੇ ਦੇਖ ਪਿਓ-ਪੁੱਤ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਕੋਈ ਉਨ੍ਹਾਂ ਨੂੰ ਫੜ ਨਾ ਸਕੇ। ਜਿਵੇਂ ਹੀ ਲੋਕ ਡਰ ਕੇ ਪਿੱਛੇ ਹੋਏ ਤਾਂ ਪਿਓ-ਪੁੱਤ ਮੋਟਰਸਾਈਕਲ ’ਤੇ ਫਰਾਰ ਹੋ ਗਏ। ਭੱਜਦਿਆਂ ਦੋਵੇਂ ਲੋਕਾਂ ਨੂੰ ਧਮਕੀਆਂ ਦਿੰਦੇ ਰਹੇ।
ਮਾਂ ਦੀ ਹਾਲਤ ਵਿਗੜੀ, ਸ਼ੰਮੀ ਨੇ ਜਾਣਾ ਸੀ ਬਹਿਰੀਨ
ਜਿਵੇਂ ਹੀ ਸ਼ੰਮੀ ਦੀ ਮਾਂ ਨੂੰ ਵਾਰਦਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਵਿਗੜ ਗਈ। ਉਸ ਦੇ ਪਿਤਾ ਪ੍ਰੇਮ ਲਾਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸ਼ੰਮੀ ਡੈਂਟਿਗ-ਪੇਂਟਿੰਗ ਦਾ ਕੰਮ ਕਰਦਾ ਸੀ ਤੇ ਉਸ ਨੇ ਅਗਲੇ ਹਫ਼ਤੇ ਬਹਿਰੀਨ ਜਾਣਾ ਸੀ, ਜਿਸ ਦੀ ਉਹ ਤਿਆਰੀ ਕਰ ਰਿਹਾ ਸੀ, ਜਦਕਿ ਸ਼ੰਮੀ ਦਾ ਭਰਾ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਉਸ ਦੇ ਇਕ ਪੁੱਤਰ ਤੇ ਇਕ ਧੀ ਹੈ। ਸ਼ੰਮੀ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਘਰ ਚਲਾਉਂਦਾ ਸੀ। ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਦੋਵੇਂ ਪੁੱਤਰ ਨਸ਼ੇ ਤੋਂ ਦੂਰ ਸਨ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਚਲਾਉਂਦੇ ਸਨ।
ਕ੍ਰਿਸ਼ਚੀਅਨ ਭਾਈਚਾਰੇ ’ਚ ਰੋਸ
ਕ੍ਰਿਸ਼ਚੀਅਨ ਭਾਈਚਾਰੇ ਦੇ ਪੰਜਾਬ ਪ੍ਰਧਾਨ ਅਲਬਰਟ ਦੁੂਆ ਨੇ ਦੱਸਿਆ ਕਿ ਇਸ ਵਾਰਦਾਤ ਕਾਰਨ ਪੂਰੇ ਇਲਾਕੇ ’ਚ ਰੋਸ ਫੈਲ ਗਿਆ। ਲੋਕਾਂ ’ਚ ਰੋਸ ਹੈ ਕਿ ਆਏ ਦਿਨ ਸਮਾਜ ’ਤੇ ਹਮਲੇ ਹੋ ਰਹੇ ਹਨ। ਮਰਨ ਵਾਲੇ ਨੌਜਵਾਨ ਦਾ ਚਾਚਾ ਮਦਨ ਲਾਲ ਪਾਸਟਰ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।