6 ਮਹੀਨਿਆਂ ਤੋਂ ਕੁਵੈਤ ''ਚ ਲਾਪਤਾ ਨੌਜਵਾਨ, ਆਖਰੀ ਵਾਰ ਫੋਨ ''ਤੇ ਕਹੀ ਸੀ ਇਹ ਗੱਲ

12/05/2019 12:15:05 AM

ਹੁਸ਼ਿਆਰਪੁਰ (ਅਮਰੀਕ ਕੁਮਾਰ)- ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਦਾ ਸੁਪਨਾ ਲੈ ਕੇ 4 ਸਾਲ ਪਹਿਲਾਂ ਕੁਵੈਤ ਗਿਆ ਰਾਕੇਸ਼ ਉਥੇ ਕਿਸੇ ਮੁਸੀਬਤ ਵਿਚ ਫੱਸ ਗਿਆ ਹੈ। ਉਸ ਨੂੰ ਬਚਾਉਣ ਲਈ ਰਾਕੇਸ਼ ਦੇ ਪਰਿਵਾਰ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਕੰਦਾਲੀ ਨਰੰਗਪੁਰ ਦੇ ਵਾਲੇ ਰਾਕੇਸ਼ ਦੇ ਪਰਿਵਾਰ ਨੇ ਦੱਸਿਆ ਕਿ ਰਾਕੇਸ਼ ਕੁਵੈਤ ਦੀ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਦੱਸਿਆ ਕਿ 6 ਕੁ ਮਹੀਨੇ ਪਹਿਲਾਂ ਉਸ ਦਾ ਫੋਨ ਆਇਆ। ਆਪਣੇ ਫੋਨ ਵਿਚ ਉਹ ਖੁਦ ਨੂੰ ਮਜ਼ਬੂਰ ਦੱਸ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਸ਼ਾਇਦ ਹੁਣ ਉਹ ਦੁਬਾਰਾ ਫੋਨ ਨਾ ਕਰ ਸਕੇ। ਉਸ ਤੋਂ ਬਾਅਦ ਰਾਕੇਸ਼ ਦਾ ਕੋਈ ਫੋਨ ਨਹੀਂ ਆਇਆ।
ਇਸ ਤੋਂ ਇਲਾਵਾ ਪਰਿਵਾਰ ਨੂੰ ਉਸ ਬਾਰੇ ਕੁਝ ਨਹੀਂ ਪਤਾ। ਰਾਕੇਸ਼ ਦੀ ਪਤਨੀ, ਦੋ ਜੁੜਵਾ ਬੱਚੀਆਂ ਤੇ ਉਸ ਦੇ ਬੁੱਢੇ ਮਾਤਾ-ਪਿਤਾ ਉਸ ਦਾ ਇੰਤਜ਼ਾਰ ਕਰ ਰਹੇ ਹਨ ਤੇ ਪਰਿਵਾਰ ਦੀ ਮੰਗ ਹੈ ਕਿ ਸਰਕਾਰ ਰਾਕੇਸ਼ ਬਾਰੇ ਪਤਾ ਲਗਾਏ।

ਰਾਕੇਸ਼ ਦਾ ਪਰਿਵਾਰ ਬੇਹੱਦ ਗਰੀਬ ਹੈ। ਗਰੀਬੀ ਦੂਰ ਕਰਨ ਲਈ ਹੀ ਪਰਿਵਾਰ ਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਵਿਦੇਸ਼ ਦੀ ਇਹ ਧਰਤੀ ਉਨ੍ਹਾਂ ਨੂੰ ਲੰਮੀਆਂ ਉਡੀਕਾਂ ਵਿਚ ਪਾ ਦੇਵੇਗੀ। ਆਪਣੇ ਪਿਤਾ ਦੀ ਤਸਵੀਰ ਦੇਖ ਕੇ ਖੁਸ਼ ਹੋ ਰਹੀ ਇਸ ਬੱਚੀ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਕਿ ਉਸ ਦਾ ਪਿਤਾ ਕਿੱਥੇ ਹੈ ਤੇ ਕਿਸ ਹਾਲ ਵਿਚ ਹੈ। ਇਸ ਨੂੰ ਤਾਂ ਸਿਰਫ ਉਮੀਦ ਹੈ ਕਿ ਉਸ ਦਾ ਪਿਤਾ ਆਏਗਾ ਤੇ ਉਸ ਲਈ ਬਹੁਤ ਸਾਰੇ ਖਿਡੌਣੇ ਲੈ ਕੇ ਆਏਗਾ। ਇਸ ਬੱਚੀ ਨੂੰ ਨਹੀਂ ਪਤਾ ਕਿ ਉਸ ਦੀ ਮਾਂ ਦੀਆਂ ਅੱਖਾਂ ਵਿਚ ਹੰਝੂ ਕਿਉਂ ਨੇ। ਇਸ ਪਰਿਵਾਰ ਦੇ ਸਿਰ ਦਾ ਸਾਈਂ ਬੀਤੇ ਛੇ ਮਹੀਨਿਆਂ ਤੋਂ ਕੁਵੈਤ ਵਿਚ ਲਾਪਤਾ ਹੈ।
ਪਰਿਵਾਰ ਭਗਵੰਤ ਮਾਨ ਤੇ ਕਈ ਹੋਰ ਨੇਤਾਵਾਂ ਕੋਲ ਮਦਦ ਦੀ ਗੁਹਾਰ ਲਗਾ ਚੁੱਕਾ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੱਤੀ। ਪਰਿਵਾਰ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਬੇਟੇ ਨੂੰ ਕਿਸੇ ਤਰ੍ਹਾਂ ਵਾਪਸ ਲੈ ਆਵੇ। ਉਨ੍ਹਾਂ ਨੂੰ ਇਸ ਤੋਂ ਇਲਾਵਾ ਕੁਝ ਨਹੀਂ ਚਾਹੀਦਾ।
 


Sunny Mehra

Content Editor

Related News