ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
Sunday, Nov 21, 2021 - 04:45 PM (IST)
ਲੁਧਿਆਣਾ (ਰਾਜ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸਮਾਰਟ ਸਕੂਲ ਤੋਂ ਲਾਪਤਾ ਹੋਏ ਵਿਦਿਆਰਥੀ ਬਲਜੀਤ ਸਿੰਘ (18) ਦੀ ਲਾਸ਼ ਸਿਧਵਾਂ ਨਹਿਰ ਵਿਚ ਤੈਰਦੀ ਹੋਈ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਵਿਦਿਆਰਥੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤਾ ਹੈ। ਬਲਜੀਤ ਸਿੰਘ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਬੇਟੇ ਨੂੰ ਲੱਭਣ ਵਿਚ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਹ ਖੁਦ ਬੱਚੇ ਨੂੰ ਲੱਭਣ ਵਿਚ ਲੱਗੇ ਰਹੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਊਥ ਸਿਟੀ ਸਿਧਵਾਂ ਨਹਿਰ ਕੋਲ ਇਕ ਮੋਟਰਸਾਈਕਲ ਖੜ੍ਹਾ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਮੋਟਰਸਾਈਕਲ ਉਨ੍ਹਾਂ ਦੇ ਬੇਟੇ ਦਾ ਸੀ, ਨਾਲ ਹੀ ਮੋਬਾਇਲ ਵੀ ਮਿਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਨਹਿਰ ਵਿਚ ਗੋਤਾਖੋਰਾਂ ਦੀ ਮਦਦ ਨਾਲ ਚੈੱਕ ਕਰਵਾਇਆ ਤਾਂ ਉਨ੍ਹਾਂ ਦੇ ਬੇਟੇ ਦੀ ਲਾਸ਼ ਨਹਿਰ ’ਚੋਂ ਤੈਰਦੀ ਹੋਈ ਮਿਲੀ।
ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)
ਪੀੜਤ ਪਰਿਵਾਰ ਦਾ ਦੋਸ਼, ਥਾਣਾ ਪੀ. ਏ. ਯੂ. ਦਾ ਨਹੀਂ ਮਿਲਿਆ ਸਹਿਯੋਗ
ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਥਾਣਾ ਪੀ. ਏ. ਯੂ. ਦੀ ਪੁਲਸ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸ਼ਿਕਾਇਤ ਦੇਣ ਲਈ ਹੀ ਉਨ੍ਹਾਂ ਨੂੰ 2 ਥਾਣਿਆਂ ਅਤੇ ਇਕ ਚੌਕੀ ਦੇ ਚੱਕਰ ਕੱਟਣੇ ਪਏ ਸੀ। ਪੁਲਸ ਹਦਬੰਦੀ ਨੂੰ ਲੈ ਕੇ ਉਲਝਦੀ ਰਹੀ। ਫਿਰ ਜਦੋਂ ਕਿਸੇ ਤਰ੍ਹਾਂ ਸ਼ਿਕਾਇਤ ਦਰਜ ਹੋਈ ਤਾਂ ਕਾਰਵਾਈ ਲਈ ਪੁਲਸ ਤਿਆਰ ਨਹੀਂ ਸੀ। ਹੁਣ ਤੱਕ ਪੁਲਸ ਨੇ ਉਨ੍ਹਾਂ ਦੇ ਬੇਟੇ ਦੇ ਮੋਬਾਇਲ ਦੀ ਕਾਲ ਡਿਟੇਲ ਤੱਕ ਨਹੀਂ ਕੱਢਵਾਈ ਅਤੇ ਨਾ ਹੀ ਕੋਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਸੀ ਕਿ ਬੱਚੇ ਦੇ ਬਾਰੇ ਵਿਚ ਕੁਝ ਪਤਾ ਲੱਗ ਸਕੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਬੱਚੇ ਦੀ ਲਾਸ਼ ਨੂੰ ਲੱਭਿਆ ਹੈ। ਇਸ ਵਿਚ ਪੁਲਸ ਵੱਲੋਂ ਸਹਿਯੋਗ ਨਹੀਂ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’
ਕਹਿਣ ਨੂੰ ਸਮਾਰਟ ਪਰ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੰਦ
ਪਿਤਾ ਹਰਜੀਤ ਸਿੰਘ ਦਾ ਦੋਸ਼ ਹੈ ਕਿ ਕਹਿਣ ਨੂੰ ਪੀ. ਏ. ਯੂ. ਸਰਕਾਰੀ ਸਕੂਲ ਸਮਾਰਟ ਸਕੂਲ ਹੈ ਪਰ ਇਥੇ ਬੱਚਿਆਂ ਦਾ ਧਿਆਨ ਨਹੀਂ ਰੱਖਿਆ ਜਾਂਦਾ। ਸਕੂਲ ਦੇ ਅੰਦਰ ਅਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਪਰ ਜਦੋਂ ਉਹ ਪ੍ਰਿੰਸੀਪਲ ਕੋਲ ਗਏ ਕਿ ਇਕ ਵਾਰ ਕੈਮਰੇ ਚੈੱਕ ਕਰਵਾ ਦਿਓ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕੈਮਰੇ ਖਰਾਬ ਹਨ। ਸਕੂਲ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਬੇਟਾ ਕਦੋਂ ਆਇਆ ਅਤੇ ਕਦੋਂ ਸਕੂਲੋਂ ਬਾਹਰ ਚਲਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਇਸ ਵਿਚ ਕਿਤੇ ਨਾ ਕਿਤੇ ਸਕੂਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਹੈ।
ਪੜ੍ਹੋ ਇਹ ਵੀ ਖ਼ਬਰ - ਕਿਤੇ ਕਾਂਗਰਸ ਦੇ ਹੱਥੋਂ ਖਿਸਕ ਨਾ ਜਾਵੇ ਪੰਜਾਬ ’ਚ ‘ਕਿੰਗਮੇਕਰ’ ਰਿਹਾ ਹਿੰਦੂ ਵੋਟ ਬੈਂਕ
ਇਹ ਸੀ ਮਾਮਲਾ
11ਵੀਂ ਕਲਾਸ ਵਿਚ ਪੜ੍ਹਨ ਵਾਲਾ ਮ੍ਰਿਤਕ ਬਲਜੀਤ ਸਿੰਘ 16 ਨਵੰਬਰ ਨੂੰ ਘਰੋਂ ਸਕੂਲ ਲਈ ਨਿਕਲਿਆ ਸੀ। ਉਹ ਸਕੂਲ ਵਿਚ ਪੁੱਜਾ ਅਤੇ ਬੈਗ ਵੀ ਕਲਾਸ ਰੂਮ ’ਚ ਰੱਖਿਆ ਪਰ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ। ਸ਼ਾਮ ਨੂੰ ਕਲਾਸ ਵਿਚ ਉਸ ਦਾ ਬੈਗ ਪਿਆ ਦੇਖ ਕੇ ਟੀਚਰ ਨੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਥਾਣਾ ਪੀ. ਏ. ਯੂ. ਵਿਚ ਵਿਦਿਆਰਥੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਸ ਨੇ ਅਣਪਛਾਤੇ ’ਤੇ ਵਿਦਿਆਰਥੀ ਨੂੰ ਬੰਦੀ ਬਣਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਸੀ। ਐੱਸ. ਐੱਚ. ਓ. ਥਾਣਾ ਪੀ. ਏ. ਯੂ. ਜੈਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਨਹਿਰ ’ਚੋਂ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਐਤਵਾਰ ਵਾਲੇ ਦਿਨ ਡਾਕਟਰਾਂ ਦਾ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ। ਇਸ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ