ਪਠਾਨਕੋਟ ''ਚ 14 ਸਾਲ ਦੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਵਾਲਿਆਂ ਨੇ ਦੱਸਿਆ ਦਰਦ

04/18/2017 7:39:32 AM

ਪਠਾਨਕੋਟ (ਸ਼ਾਰਦਾ) : ਇੱਥੇ 14 ਸਾਲਾ ਲੜਕੀ ਵੱਲੋਂ ਤੰਦਰੁਸਤ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਗੁਆਂਢੀ ਸੂਬਾ ਜੰਮੂ-ਕਸ਼ਮੀਰ ਦੀ ਔਰਤ ਆਪਣੀ ਨਾਬਾਲਿਗ ਲੜਕੀ ਨੂੰ ਪੇਟ ''ਚ ਦਰਦ ਹੋਣ ਦੀ ਸ਼ਿਕਾਇਤ ਨੂੰ ਲੈ ਕੇ ਸਥਾਨਕ ਸਿਵਲ ਹਸਪਤਾਲ ''ਚ ਇਲਾਜ ਲਈ ਆਈ ਸੀ। ਇਲਾਜ ਦੌਰਾਨ ਜਦੋਂ ਹਸਪਤਾਲ ''ਚ ਤਾਇਨਾਤ ਮਹਿਲਾ ਡਾਕਟਰ ਨੇ ਲੜਕੀ ਦੀ ਮੈਡੀਕਲ ਜਾਂਚ ਕੀਤੀ ਤਾਂ ਉਸ ਨੂੰ ਉਕਤ ਲੜਕੀ ਗਰਭਵਤੀ ਹੋਣ ਦਾ ਪਤਾ ਲੱਗਾ। ਡਾਕਟਰ ਨੇ ਜਦੋਂ ਔਰਤ ਤੋਂ ਉਸ ਦੀ ਲੜਕੀ ਦੀ ਉਮਰ ਪੁੱਛੀ ਤਾਂ ਉਸ ਨੇ 18 ਸਾਲ ਦੱਸੀ ਪਰ ਡਾਕਟਰ ਨੂੰ ਸ਼ੱਕ ਹੋਣ ''ਤੇ ਉਸ ਨੇ ਲੜਕੀ ਦਾ ਆਧਾਰ ਕਾਰਡ ਮੰਗਿਆ। ਆਧਾਰ ਕਾਰਡ ਦੀ ਜਾਂਚ ਦੌਰਾਨ ਉਕਤ ਲੜਕੀ ਸਿਰਫ਼ 14 ਸਾਲ ਦੀ ਪਾਈ ਗਈ। ਸਬੰਧਿਤ ਡਾਕਟਰ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਬਾਅਦ ''ਚ ਲੇਬਰ ਰੂਮ ਵਿਚ 14 ਸਾਲਾ ਲੜਕੀ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ। ਪੁਲਸ ਨੇ ਜਦੋਂ ਲੜਕੀ ਦੀ ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਕ ਫੈਕਟਰੀ ''ਚ ਕੰਮ ਕਰਦੀ ਹੈ। ਜਦੋਂ ਉਹ ਕੰਮ ''ਤੇ ਚਲੀ ਜਾਂਦੀ ਸੀ ਤਾਂ ਪਿੱਛੋਂ ਇਕ ਬਿਹਾਰੀ ਨੌਜਵਾਨ ਉਸ ਦੇ ਘਰ ਆਉਂਦਾ ਸੀ। ਇਹ ਉਸ ਨੌਜਵਾਨ ਵੱਲੋਂ ਕੀਤੇ ਗਏ ਜਬਰ-ਜ਼ਨਾਹ ਦਾ ਨਤੀਜਾ ਹੈ। ਔਰਤ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾ ਸੁਣਾਉਣ ਦੀ ਮੰਗ ਕੀਤੀ ਹੈ। ਉਥੇ ਹੀ ਇਸ ਸਬੰਧ ''ਚ ਸਥਾਨਕ ਪੁਲਸ ਨੇ ਜੰਮੂ-ਕਸ਼ਮੀਰ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

Babita Marhas

News Editor

Related News