ਮਾਂ ਨਾਲ ਘਰੋਂ ਲੜ ਕੇ ਗਈ ਮੰਦਬੁੱਧੀ ਧੀ, ਨਹਿਰ ''ਚੋਂ ਮਿਲੀ ਲਾਸ਼
Saturday, Aug 22, 2020 - 02:15 PM (IST)
ਸਮਾਣਾ (ਦਰਦ) : ਇਕ ਹਫ਼ਤਾ ਪਹਿਲਾਂ ਘਰੋਂ ਲਾਪਤਾ ਹੋਈ ਨੇਪਾਲੀ ਪਰਿਵਾਰ ਦੀ ਨਾਬਾਲਗ ਧੀ ਦੀ ਲਾਸ਼ ਮਾਨਸਾ ਨੇੜਿਓਂ ਭਾਖੜਾ ਨਹਿਰ ਦੀ ਬ੍ਰਾਂਚ ’ਚੋਂ ਮਿਲੀ ਹੈ। ਲੜਕੀ ਦੇ ਪਿਤਾ ਵੱਲੋਂ ਸ਼ਨਾਖ਼ਤ ਕੀਤੇ ਜਾਣ ਉਪਰੰਤ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਅਗੰਰੇਜ਼ ਸਿੰਘ ਸੰਧੂ ਦੀ ਅਗਵਾਈ ਹੇਠ ਸਿਟੀ ਪੁਲਸ ਸਮਾਣਾ ਦੀ ਟੀਮ ਵੱਲੋਂ ਸਿਵਲ ਹਸਪਤਾਲ ਤਲਵੰਡੀ ਸਾਬੋ (ਬਠਿੰਡਾ) ਤੋਂ ਲਾਸ਼ ਨੂੰ ਸਮਾਣਾ ਲਿਆਂਦਾ ਗਿਆ।
ਸਿਟੀ ਪੁਲਸ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕਾ ਨੇਹਾ ਵਰਮਾ ਦੇ ਪਿਤਾ ਦਿਲੂ ਵਰਮਾ ਵਾਸੀ ਮਲਕਾਨਾ ਸਮਾਣਾ ਵੱਲੋਂ ਦਰਜ ਕਰਵਾਏ ਗਏ ਬਿਆਨ ਅਨੁਸਾਰ ਉਸ ਦੀ 16 ਸਾਲਾ ਮੰਦਬੁਧੀ ਧੀ ਆਪਣੀ ਮਾਂ ਨਾਲ ਗੁੱਸੇ ਹੋ ਕੇ 13 ਅਗਸਤ ਨੂੰ ਘਰੋਂ ਚਲੀ ਗਈ ਸੀ। ਤਲਾਸ਼ ਕਰਨ ਦੇ ਬਾਵਜੂਦ ਨਾ ਮਿਲਣ ’ਤੇ ਸਿਟੀ ਪੁਲਸ ਨੂੰ ਰਿਪੋਰਟ ਦਰਜ ਕਰਵਾਈ ਗਈ। ਇਸ ਦੌਰਾਨ ਵੀਰਵਾਰ ਨੂੰ ਗੋਤਾਖੋਰਾ ਵੱਲੋਂ ਭਾਖੜਾ ਨਹਿਰ ਦੀ ਮਾਨਸਾ ਬ੍ਰਾਂਚ ਤੋਂ ਉਕਤ ਲੜਕੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲਣ ’ਤੇ ਸਿਟੀ ਪੁਲਸ ਵੱਲੋਂ ਪੋਸਟਮਾਰਟਮ ਲਈ ਲਾਸ਼ ਨੂੰ ਤਲਵੰਡੀ ਤੋਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿਤਾ ਵੱਲੋਂ ਲੜਕੀ ਦੀ ਮੌਤ ਸਬੰਧੀ ਕਿਸੇ ’ਤੇ ਵੀ ਸ਼ੱਕ ਨਾ ਜਤਾਏ ਜਾਣ ਦੇ ਬਾਵਜੂਦ ਹਸਪਤਾਲ ਅਧਿਕਾਰੀਆਂ ਨੂੰ ਡਾਕਟਰਾਂ ਦਾ ਪੈਨਲ ਬਣਾ ਕੇ ਪੋਸਟਮਾਰਟਮ ਕਰਨ ਲਈ ਬੇਨਤੀ ਕੀਤੀ ਗਈ। ਮ੍ਰਿਤਕਾ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਪੁਲਸ ਵੱਲੋਂ ਧਾਰਾ-174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਪੋਸਟਮਾਰਟਮ ਦੀ ਪੂਰੀ ਰਿਪੋਰਟ ਮਿਲਣ ਉਪਰੰਤ ਸ਼ੱਕ ਹੋਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਕੀਤਾ ਪੋਸਟਮਾਰਟਮ
ਇਸ ਸਬੰਧੀ ਐੱਸ. ਐੱਮ. ਓ. ਡਾ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਦੀ ਬੇਨਤੀ ’ਤੇ ਡਾ. ਹਰਪ੍ਰੀਤ ਸਿੰਘ, ਡਾ. ਬਲਜੀਤ ਕੌਰ, ਡਾ. ਦੀਪਕਾ ਸਮੇਤ 3 ਡਾਕਟਰਾਂ ਦਾ ਇਕ ਪੈਨਲ ਬਣਾ ਕੇ ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ। ਹੋਰ ਜਾਂਚ ਲਈ ਮ੍ਰਿਤਕਾ ਦਾ ਬਿਸਰਾ ਅਤੇ ਪਾਰਟ ਆਫ ਸਰਨਮ (ਹੱਡੀਆਂ) ਨੂੰ ਲੈਬ ਭੇਜਿਆ ਗਿਆ ਹੈ।