ਮੰਤਰੀ ਹਰਜੋਤ ਬੈਂਸ ਨੇ ਸੜਕ ਹਾਦਸੇ ''ਚ ਮਾਰੇ ਗਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਸਾਂਝਾ ਕੀਤਾ ਦੁੱਖ਼
Wednesday, Apr 05, 2023 - 01:04 PM (IST)
ਜਲਾਲਾਬਾਦ (ਟੀਨੂੰ, ਸੁਮਿਤ, ਨਿਖੰਜ, ਜਤਿੰਦਰ, ਬਜਾਜ) : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬੀਤੇ ਦਿਨੀਂ ਸੜਕ ਹਾਦਸੇ 'ਚ ਮਾਰੇ ਗਏ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਦੁਖ਼ਦਾਈ ਹਾਦਸੇ ’ਚ ਜਾਨ ਗੁਆਉਣ ਵਾਲੇ ਮ੍ਰਿਤਕ ਅਧਿਆਪਕਾਂ ਦੇ ਘਰ ਜਾ ਕੇ ਪਰਿਵਾਰ ਨਾਲ ਆਪਣੀ ਸੰਵੇਦਨਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਬੇਵਕਤੇ ਚਲੇ ਜਾਣ ਨਾਲ ਨਾ ਸਿਰਫ਼ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਗੋਂ ਸਿੱਖਿਆ ਵਿਭਾਗ ਨੇ ਵੀ ਆਪਣੇ ਹੋਣਹਾਰ ਅਧਿਆਪਕ ਗੁਆਏ ਹਨ। ਉਨ੍ਹਾਂ ਨੇ ਮ੍ਰਿਤਕ ਅਧਿਆਪਕਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ। ਬੇਸ਼ਕ ਇਨ੍ਹਾਂ ਅਧਿਆਪਕਾਂ ਦੇ ਜਾਣ ਨਾਲ ਪਿਆ ਘਾਟਾ ਕਿਸੇ ਵੀ ਤਰ੍ਹਾਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਹੈ ਪਰ ਸਰਕਾਰੀ ਪਾਲਿਸੀ ਅਨੁਸਾਰ ਜੋ ਵੀ ਸੰਭਵ ਹੋਇਆ ਪਰਿਵਾਰਾਂ ਦੀ ਮਦਦ ਕਰੇਗੀ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲਾਲਾਬਾਦ ਦੇ ਅਧਿਆਪਕਾਂ ਦੇ ਵਾਹਨ ਨਾਲ ਭਿਆਨਕ ਹਾਦਸਾ ਵਾਪਰਿਆ ਸੀ। ਇਸ ਵਾਹਨ ਰਾਹੀਂ ਇਹ ਅਧਿਆਪਕ ਆਪਣੇ ਡਿਊਟੀ ਸਥਾਨ ’ਤੇ ਜਾ ਰਹੇ ਸਨ ਤੇ ਹਾਦਸੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੀ ਮੌਤ ਹੋ ਗਈ ਸੀ। ਜਿਨ੍ਹਾਂ ਅਧਿਆਪਕਾਂ ਦੀ ਇਸ ਹਾਦਸੇ ’ਚ ਮੌਤ ਹੋਈ ਸੀ ਉਨ੍ਹਾਂ ’ਚ ਪ੍ਰਿੰਸ ਕੰਬੋਜ਼ ਵਾਸੀ ਪੀਰ ਮੁਹੰਮਦ, ਕੰਚਨ ਚੁੱਘ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ ਅਤੇ ਮਨਿੰਦਰ ਕੌਰ ਵਾਸੀ ਪਿੰਡ ਕਮਰੇ ਵਾਲਾ ਜਲਾਲਾਬਾਦ ਦੇ ਨਾਂ ਸ਼ਾਮਲ ਸਨ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਇਹ ਵੀ ਪੜ੍ਹੋ- ਹਾਈਕੋਰਟ ਵੱਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਤ 3 ਲਿਫ਼ਾਫੇ ਮੁੱਖ ਮੰਤਰੀ ਕੋਲ ਪੁੱਜੇ, ਵੱਡੀ ਕਾਰਵਾਈ ਦੀ ਤਿਆਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।