ਮੰਡੀਆਂ ’ਚ ਖੁੱਲੇ ਅਸਮਾਨ ਹੇਠ ਪਿਆ ਲੱਖਾਂ ਟਨ ਅਨਾਜ ਬਾਰਸ਼ ਦੀ ਭੇਟ ਚੜ੍ਹਿਆ
Wednesday, Apr 21, 2021 - 09:07 PM (IST)
ਲੁਧਿਆਣਾ (ਖੁਰਾਣਾ)-ਮੰਗਲ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਹੋਈ ਤੇਜ਼ ਬਾਰਸ਼ ਕਾਰਨ ਮਹਾਨਗਰ ਦੀਆਂ ਜ਼ਿਆਦਾਤਰ ਅਨਾਜ ਮੰਡੀਆਂ ਵਿਚ ਖੁੱਲੇ ਅਸਮਾਨ ਹੇਠ ਪਈ ਕਿਸਾਨਾਂ ਦੀ ਬੇਸ਼ਕੀਮਤੀ ਕਣਕ ਬਾਰਸ਼ ਦੇ ਪਾਣੀ ਦੀ ਭੇਟ ਚੜ੍ਹ ਗਈ। ਕਾਬਿਲੇਗੌਰ ਹੈ ਕਿ ਮੌਸਮ ਵਿਭਾਗ ਦੇ ਮਾਹਰਾਂ ਵੱਲੋਂ ਸਮੇਂ ਤੋਂ ਪਹਿਲਾਂ ਬਾਰਸ਼ ਹੋਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਸੀ ਤਾਂਕਿ ਜ਼ਿਲਾ ਪ੍ਰਸ਼ਾਸਨ ਉਚਿਤ ਸਮੇਂ ‘ਤੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਸੁਰੱਖਿਅਤ ਬਚਾਉਣ ਲਈ ਯੋਗ ਕਦਮ ਚੁੱਕ ਸਕੇ ਪਰ ਇਸ ਦਾ ਅਧਿਕਾਰੀਆਂ ਦੀ ਸਿਹਤ ’ਤੇ ਸ਼ਾਇਦ ਕੋਈ ਅਸਰ ਨਹੀਂ ਹੋਇਆ। ਨਤੀਜੇ ਵਜੋਂ ਮੰਡੀਆਂ ਵਿਚ ਪਿਆ ਲੱਖਾਂ ਟਨ ਅਨਾਜ ਬਰਸਾਤੀ ਪਾਣੀ ਦੀ ਮਾਰ ਕਾਰਨ ਬੁਰੀ ਤਰ੍ਹਾਂ ਭਿੱਜ ਗਿਆ ਹੈ।
ਇਹ ਵੀ ਪੜ੍ਹੋ-ਚਾਡ ਦੇ ਰਾਸ਼ਟਰਪਤੀ ਯੁੱਧ ਖੇਤਰ 'ਚ ਮਾਰੇ ਗਏ : ਫੌਜ
ਜਲੰਧਰ ਬਾਈਪਾਸ ਅਤੇ ਅਰੋੜਾ ਪੈਲੇਸ ਨੇੜੇ ਪੈਂਦੀਆਂ ਅਨਾਜ ਮੰਡੀਆਂ ਵਿਚ ਕਈ ਥਾਵਾਂ ’ਤੇ ਹਲਾਤ ਕਾਫੀ ਤਰਸਯੋਗ ਦੇਖੇ ਜਾ ਸਕਦੇ ਹਨ। ਇੱਥੇ ਨਾ ਸਿਰਫ ਖੁੱਲੇ ਵਿਚ ਪਈ ਕਿਸਾਨਾਂ ਦੀ ਕਣਕ ਬਾਰਸ਼ ਦੀ ਭੇਟ ਚੜ੍ਹ ਗਈ, ਸਗੋਂ ਸਰਕਾਰ ਵੱਲੋਂ ਖਰੀਦੀ ਗਈ ਕਣਕ ਦੀਆਂ ਭਰੀਆਂ ਬੋਰੀਆਂ ਵਿਚੋਂ ਵੀ ਪਾਣੀ ਟਪਕ ਕੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ।
ਇਹ ਵੀ ਪੜ੍ਹੋ-ਨਾਈਟ ਕਰਫਿਊ ਦੀ ਮਾਰ, ਸਬਜ਼ੀ ਦਾ ਕਾਰੋਬਾਰ 50 ਫੀਸਦੀ ਥੱਲੇ ਲੁੜਕਿਆ
ਮੁੱਢਲੀਆਂ ਸਹੂਲਤਾਂ ਨੂੰ ਵੀ ਅੰਗੂਠਾ ਦਿਖਾ ਰਹੇ ਹਲਾਤ
ਹੁਣ ਜੇਕਰ ਗੱਲ ਕੀਤੀ ਜਾਵੇ ਮੰਡੀਆਂ ਵਿਚ ਸਰਕਾਰ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁੱਢਲੀਆਂ ਸਹੂਨਤਾਂ ਦੀ ਤਾਂ ਇੱਥੇ ਵੀ ਹਲਾਤ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਅੰਗੂਠਾ ਦਿਖਾ ਰਹੇ ਹਨ। ਪਿੰਡ ਗਰਚਾ ਦੇ ਮੋਹਨ ਸਿੰਘ, ਗੁਲਜਾਰ ਸਿੰਘ, ਪਿੰਡ ਚੂਹੜਵਾਲ ਦੇ ਗੁਰਮੀਤ ਸਿੰਘ, ਪਿੰਡ ਚੂਹੜਪੁਰ ਲਾਦੀਆਂ ਦੇ ਮਹਿੰਦਰ ਸਿੰਘ, ਸਤਨਾਮ ਸਿੰਘ ਸਾਰੇ ਕਿਸਾਨਾਂ ਸਮੇਤ ਕਾਰਾਬਾਰਾ ਵੱਲ ਦੀ ਸ਼ਿੰਦੋ (ਲੇਬਰ ਦਾ ਕੰਮ ਕਰਨ ਵਾਲੀ ਔਰਤ) ਨੇ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਮੰਡੀ ਵਿਚ ਗੰਦਗੀ ਕਾਰਨ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਕੋਰੋਨਾ ਮਹਾਮਾਰੀ ਦਾ ਡਰ ਉਨ੍ਹਾਂ ਨੂੰ ਸਤਾ ਰਿਹਾ ਹੈ, ਦੂਜੇ ਪਾਸੇ ਥਾਂ-ਥਾਂ ਫੈਲੀ ਗੰਦਗੀ ਵੀ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਰਹੀ ਗੱਲ ਪੀਣ ਲਈ ਸਾਫ ਪਾਣੀ ਦੇ ਪ੍ਰਬੰਧ ਦੀ ਅਤੇ ਪਾਖਾਨੇ ਆਦਿ ਦੀ ਤਾਂ ਇਸ ਕੇਸ ਵਿਚ ਵੀ ਸਰਕਾਰੀ ਦਾਅਵੇ ਰੇਤ ਤੋਂ ਬਣੇ ਮਹਿਲ ਵਾਂਗ ਸਾਬਤ ਹੋ ਰਹੇ ਹਨ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਮੰਡੀ ਵਿਚ ਲਿਫਟਿੰਗ ਦੀ ਰਫਤਾਰ ਕਛੁਆ ਚਾਲ
ਮੰਡੀ ਵਿਚ ਕਣਕ ਦੀ ਲਿਫਟਿੰਗ ਦਾ ਕੰਮ ਵੀ ਕਛੁਆ ਚਾਲ ਚੱਲਣ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਾਫੀ ਮਾਤਰਾ ਵਿਚ ਸ਼ੈਡਾਂ ਥੱਲੇ ਖਾਲੀ ਨਾ ਹੋਣ ਕਾਰਨ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਖੁੱਲੇ ਅਸਮਾਨ ਹੇਠ ਉਤਾਰਨ ਲਈ ਮਜਬੂਰ ਹਨ ਜੋ ਕਿ ਮੌਸਮ ਦੇ ਬਦਲਦੇ ਮਿਜਾਜ਼ ਨੂੰ ਧਿਆਨ ਵਿਚ ਰੱਖਦੇ ਹੋਏ ਖਤਰੇ ਤੋਂ ਖਾਲੀ ਨਹੀਂ ਹੈ। ਜਦੋਂਕਿ ਮਾਹਰਾਂ ਮੁਤਾਬਕ ਬਾਰਦਾਨੇ ਦੀ ਕਮੀ ਵੀ ਕਾਰੋਬਾਰੀਆਂ ਅਤੇ ਕਿਸਾਨਾਂ ਦੇ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇਸ ਸਭ ਵਿਚ ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਨਿਰਧਾਰਤ ਕੀਤੀ ਗਈ ਨਮੀ ਦੀ ਮਾਤਰਾ 12 ਫੀਸਦੀ ਤੈਅ ਕੀਤੀ ਗਈ ਹੈ ਪਰ ਹੁਣ ਬਰਸਾਤ ਪੈਣ ਨਾਲ ਕਣਕ ਵਿਚ ਨਮੀ ਕਿਤੇ ਜ਼ਿਆਦਾ ਵਧਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਜੋ ਕਿ ਫਸਲ ਨੂੰ ਖਰੀਦਣ ਲਈ ਰੁਕਾਵਟ ਬਣ ਸਕਦੀ ਹੈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।