ਛੋਟੇ ਭਰਾ ਨੂੰ ਪੁਲਸ ਦੀ ਗ੍ਰਿਫ਼ਤ ''ਚੋਂ ਛੁਡਵਾਉਣ ਲਈ 70 ਫੁੱਟ ਉੱਚੇ ਬਿਜਲੀ ਦੇ ਖੰਭੇ ''ਤੇ ਜਾ ਚੜ੍ਹਿਆ ਭਰਾ
Sunday, Aug 10, 2025 - 04:44 PM (IST)

ਮੋਗਾ (ਕਸ਼ਿਸ਼ ਸਿੰਗਲਾ): ਮੋਗਾ ਦੇ ਕੋਟਕਪੂਰਾ ਬਾਈਪਾਸ ਨੇੜੇ ਬੋਨਾ ਚੌਂਕ ਕੋਲ ਇਕ ਸ਼ਖ਼ਸ ਬਿਜਲੀ ਦੇ 66 ਕੇ. ਵੀ. ਤਾਰਾਂ ਵਾਲੇ ਖੰਭੇ ਉੱਪਰ ਚੜ੍ਹ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹ ਵਿਅਕਤੀ ਆਪਣੇ ਭਰਾ ਨੂੰ ਪੁਲਸ ਦੀ ਗ੍ਰਿਫ਼ਤ ਤੋਂ ਛੁਡਵਾਉਣ ਲਈ ਟਾਵਰ 'ਤੇ ਚੜ੍ਹਿਆ ਸੀ। ਉਸ ਨੇ ਥੱਲੇ ਆ ਕੇ ਦੱਸਿਆ ਕਿ ਪੁਲਸ ਵੱਲੋਂ ਉਸ ਦੇ ਭਰਾ ਨੂੰ ਚੋਰੀ ਦੇ ਇਲਜ਼ਾਮ ਵਿਚ ਪਿਛਲੇ ਕਈ ਦਿਨਾਂ ਤੋਂ ਹਿਰਾਸਤ ਵਿਚ ਰੱਖਿਆ ਹੋਇਆ ਸੀ ਅਤੇ ਅੱਜ ਉਸ ਨੂੰ ਟਾਵਰ 'ਤੇ ਚੜ੍ਹਣ ਤੋਂ ਬਾਅਦ ਪੁਲਸ ਨੂੰ ਉਸ ਨੂੰ ਮਜਬੂਰਨ ਛੱਡਣਾ ਪਿਆ।
ਇਸ ਮੌਕੇ ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਪੁਲਸ ਵੱਲੋਂ ਨਜਾਇਜ਼ ਚੱਕਿਆ ਹੋਇਆ ਹੈ ਅਤੇ ਉਸ ਦੇ ਬੇਟੇ ਵੱਲੋਂ ਕੋਈ ਵੀ ਚੋਰੀ ਨਹੀਂ ਕੀਤੀ ਗਈ। ਪੁਲਸ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ ਕੋਈ ਵੀ ਚੋਰੀ ਨਹੀਂ ਕੀਤੀ ਗਈ, ਪੁਲਸ ਵੱਲੋਂ ਜਾਣਬੁਝ ਕੇ ਉਸ ਨੂੰ ਫਸਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SSP ਖ਼ਿਲਾਫ਼ ਐਕਸ਼ਨ! ਜਾਰੀ ਹੋ ਗਏ ਸਖ਼ਤ ਹੁਕਮ
ਦਰਅਸਲ, ਕੁਝ ਦਿਨ ਪਹਿਲਾਂ ਬਾਈਪਾਸ ‘ਤੇ ਇਕ ਘਰ ਵਿਚ ਚੋਰੀ ਹੋਈ ਸੀ ਅਤੇ ਚੋਰੀ ਦੀ ਘਟਨਾ ਪੁਲਸ ਨੂੰ ਦੱਸਣ ‘ਤੇ ਪੁਲਸ ਨੇ ਮੰਗਲਵਾਰ 5 ਅਗਸਤ ਨੂੰ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਬਬਲਜੀਤ ਸਿੰਘ ਨੂੰ ਚੋਰੀ ਦੇ ਮਾਮਲੇ ਵਿਚ ਜਾਂਚ ਲਈ ਹਿਰਾਸਤ ਵਿਚ ਲਿਆ ਸੀ। ਪਰਿਵਾਰ ਦਾ ਕਹਿਣਾ ਸੀ ਕਿ ਇਸ ਚੋਰੀ ਵਿਚ ਬਬਲ ਦਾ ਕੋਈ ਹੱਥ ਨਹੀਂ ਸੀ ਅਤੇ ਨਾ ਹੀ ਉਹ ਕਿਤੇ ਸੀ.ਸੀ.ਟੀ.ਵੀ. ਵਿਚ ਆਇਆ ਸੀ। ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪੁਲਸ ਨੇ ਹਿਰਾਸਤ ਵਿਚ ਰੱਖਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ।
ਪਰਿਵਾਰ ਨੇ ਐੱਸ.ਐੱਸ.ਪੀ. ਨੂੰ ਵੀ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਰੱਖਿਆ। ਪੁਲਸ ਅਤੇ ਜਿਨ੍ਹਾਂ ਦੇ ਘਰ ‘ਤੇ ਚੋਰੀ ਹੋਈ ਸੀ, ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ। ਜਦੋਂ ਪਰਿਵਾਰ ਨੂੰ ਕਿਤਿਓਂ ਵੀ ਇਨਸਾਫ ਨਹੀਂ ਮਿਲਿਆ ਤਾਂ ਇਨਸਾਫ ਦੀ ਗੁਹਾਰ ਲਗਾਉਣ ਅਤੇ ਇਨਸਾਫ ਲੈਣ ਲਈ ਬਬਲ ਦਾ ਵੱਡਾ ਭਰਾ ਸੁਖਵਿੰਦਰ 70 ਫੁੱਟ ਉੱਚੇ 66 ਕੇ.ਵੀ. ਬਿਜਲੀ ਦੀਆਂ ਤਾਰਾਂ ਦੇ ਖੰਭੇ ਉੱਤੇ ਚੜ੍ਹ ਗਿਆ।
ਇਸ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਬੁਲਾਈ ਗਈ। ਟੀ-ਰੋਡ ‘ਤੇ ਭਾਰੀ ਭੀੜ ਇਕੱਠੀ ਹੋ ਗਈ। ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਨੇ ਪਹਿਲਾਂ ਸੁਖਵਿੰਦਰ ਦੇ ਭਰਾ ਬਬਲੂ ਨੂੰ ਰਿਹਾਅ ਕਰਵਾਇਆ ਅਤੇ ਫਿਰ ਉਸ ਦੇ ਬਿਆਨ ਲੈ ਕੇ ਲਗਭਗ ਦੋ ਘੰਟਿਆਂ ਬਾਅਦ ਸੁਖਵਿੰਦਰ ਨੂੰ ਹੇਠਾਂ ਉਤਾਰਿਆ ਅਤੇ ਮਾਮਲਾ ਸ਼ਾਂਤ ਕਰਵਾਇਆ। ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਆਨ ਲੈ ਲਏ ਗਏ ਹਨ, ਜੋ ਵੀ ਕਸੂਰਵਾਰ ਪਾਇਆ ਗਿਆ, ਉਸ ‘ਤੇ ਕਾਰਵਾਈ ਹੋਵੇਗੀ। ਨੌਜਵਾਨ ਨੂੰ ਹੇਠਾਂ ਉਤਾਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8