ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ
Thursday, Jul 31, 2025 - 03:51 PM (IST)

ਅਬੋਹਰ (ਸੁਨੀਲ) : ਉਪ-ਮੰਡਲ ’ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਹੈ। ਬੀਤੀ ਰਾਤ ਚੋਰਾਂ ਨੇ ਉਪ-ਮੰਡਲ ਦੇ ਪਿੰਡ ਦੀਵਾਨਖੇੜਾ ’ਚ ਇਕ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਦੋਂ ਪਰਿਵਾਰ ਸਵੇਰੇ ਉੱਠਿਆ ਤਾਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਅਤੇ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪੂਰਾ ਪਰਿਵਾਰ ਵਿਹੜੇ ’ਚ ਸੁੱਤਾ ਪਿਆ ਸੀ ਅਤੇ ਰਾਤ ਦੇ ਕਰੀਬ 3:30 ਵਜੇ ਉਹ ਪਾਣੀ ਦੀ ਵਾਰੀ ਲਈ ਗਿਆ ਸੀ, ਤਦ ਸਭ ਕੁੱਝ ਠੀਕ ਸੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਚੋਰ ਉਸ ਦੇ ਘਰ ਦੇ ਨਾਲ ਬਣੇ ਬਗੀਚੇ ਵਿਚੋਂ ਕੰਧ ਟੱਪ ਕੇ ਘਰ ’ਚ ਦਾਖ਼ਲ ਹੋਏ ਅਤੇ ਘਰ ਦੀ ਇਕ ਖਿੜਕੀ ਤੋੜ ਕੇ ਕਮਰੇ ’ਚ ਦਾਖ਼ਲ ਹੋਏ ਅਤੇ ਸਾਰੇ ਕਮਰਿਆਂ ਨੂੰ ਤਾਲਾ ਲਗਾ ਦਿੱਤਾ। ਚੋਰਾਂ ਨੇ ਕਮਰਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਅਤੇ ਟਰੰਕ ਅਤੇ ਬੈੱਡ ਬਾਕਸ ’ਚੋਂ ਸਾਰੇ ਬਿਸਤਰੇ ਅਤੇ ਕੱਪੜੇ ਸੁੱਟ ਦਿੱਤੇ। ਚੋਰਾਂ ਨੇ ਉਨ੍ਹਾਂ ਦੇ ਘਰੋਂ ਕਰੀਬ 5 ਤੋਲੇ ਸੋਨੇ ਦੇ ਗਹਿਣੇ, 10 ਤੋਲੇ ਚਾਂਦੀ ਦੇ ਗਹਿਣੇ ਅਤੇ ਕਰੀਬ 12 ਹਜ਼ਾਰ ਦੀ ਨਕਦੀ ਚੋਰੀ ਕਰ ਲਈ।
ਪੀੜਤ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੀ ਪਤਨੀ ਚਾਹ ਬਣਾਉਣ ਲਈ ਉੱਠੀ ਤਾਂ ਉਸ ਨੇ ਰਸੋਈ ’ਚ ਜਾਣ ਲਈ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਗੇਟ ਬੰਦ ਸੀ। ਇਸ ਕਾਰਨ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸਬੰਧਿਤ ਥਾਣੇ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਖੂਈਆਂ ਸਰਵਰ ਥਾਣੇ ਅਧੀਨ ਆਉਂਦੇ ਪਿੰਡ ਕੱਲਰਖੇੜਾ, ਗਿੱਦੜਾਂਵਾਲੀ, ਖਾਟਵਾਂ ’ਚ ਚੋਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਅਤੇ ਬੀਤੀ ਰਾਤ ਚੋਰਾਂ ਨੇ ਦੀਵਾਨਖੇੜਾ ’ਚ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਕਾਰਨ ਲੋਕਾਂ ’ਚ ਡਰ ਹੈ।