ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਜ਼ਿਲੇ ਭਰ ਦੇ 700 ਮੈਡੀਕਲ ਸਟੋਰ ਰਹੇ ਬੰਦ, ਮਰੀਜ਼ ਹੋਏ ਪ੍ਰੇਸ਼ਾਨ

Tuesday, Jul 31, 2018 - 06:20 AM (IST)

ਤਰਨਤਾਰਨ,  (ਰਮਨ ਚਾਵਲਾ, ਆਹਲੂਵਾਲੀਆ)-  ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਜਨਤਾ ਦੇ  ਸਹਿਯੋਗ ਨਾਲ ਨਸ਼ਿਅਾਂ ਖਿਲਾਫ ਇਕ ਵੱਡਾ ਮਿਸ਼ਨ ਚਲਾਇਆ ਗਿਆ ਹੈ, ਜਿਸ ਦੇ ਚੰਗੇ ਨਤੀਜੇ ਮਿਲ ਰਹੇ  ਹਨ। ਉਨ੍ਹਾਂ ਕਿਹਾ ਕਿ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਬਲੀ ਨਾ ਚਡ਼੍ਹੇ ਇਸ  ਸਬੰਧੀ ਉਨ੍ਹਾਂ ਵੱਲੋਂ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਨਸ਼ਾ ਸਮੱਗਲਰਾਂ ਨੂੰ ਟਿਕਣ  ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਭਾਵੇਂ ਕਿੰਨੀ  ਵੀ ਪਹੁੰਚ ਵਾਲਾ ਕਿਉਂ ਨਾ ਹੋਵੇ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ। 
ਉਨ੍ਹਾਂ  ਕਿਹਾ ਕਿ ਨਸ਼ੇ ਦੀ ਵਿਕਰੀ ਅਤੇ ਵਰਤੋਂ ’ਤੇ ਬ੍ਰੇਕ ਲੱਗ ਗਈ ਹੈ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਜ਼ਿਲੇ ਭਰ ਦੇ ਕੈਮਿਸਟਾਂ ਨੇ ਅੱਜ ਆਪਣੀਆਂ  ਦੁਕਾਨਾਂ ਸਾਰਾ ਦਿਨ ਬੰਦ ਰੱਖ ਕੇ ਪ੍ਰਸ਼ਾਸਨ ਖਿਲਾਫ ਬੇਲੋਡ਼ੀ ਦਖਲ ਅੰਦਾਜ਼ੀ ਤੇ ਆਨਲਾਈਨ (ਈ-ਫਾਰਮੇਸੀ) ਪਾਬੰਦੀਸ਼ੁਦਾ ਦਵਾਈਆਂ ਦੀ ਬੇਰੋਕ ਵਿੱਕਰੀ ਖਿਲਾਫ ਰੋਸ ਜਤਾਇਆ। ਇਸ  ਦੌਰਾਨ ਅੱਜ ਤਰਨਤਾਰਨ, ਕਸਬਾ ਝਬਾਲ, ਸੁਰ ਸਿੰਘ, ਭਿੱਖੀਵਿੰਡ, ਸ਼ਬਾਜਪੁਰ, ਪੱਟੀ,  ਘਰਿਆਲਾ, ਹਰੀਕੇ, ਗੋਇੰਦਵਾਲ ਸਾਹਿਬ, ਨੌਸ਼ਹਿਰਾ ਪੰਨੂਆਂ, ਸਰਹਾਲੀ ਕਲਾਂ, ਸ਼ੇਰੋਂ,  ਫਤਿਆਬਾਦ, ਖਡੂਰ ਸਾਹਿਬ, ਖੇਮਕਰਨ, ਦਬੁਰਜੀ, ਦਿਆਲਪੁਰ, ਖਾਲਡ਼ਾ, ਵਲਟੋਹਾ, ਕੈਰੋਂ ਆਦਿ  ਤੋਂ ਇਲਾਵਾ ਜ਼ਿਲੇ ਭਰ ਦੇ 700 ਮੈਡੀਕਲ ਸਟੋਰ ਬੰਦ ਰਹੇ। ਇਸ ਕਾਰਨ ਮਰੀਜ਼ਾਂ ਨੂੰ ਦਵਾਈਆਂ ਆਦਿ ਲੈਣ ਸਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕੀ ਜਾਰੀ ਕੀਤਾ ਹੈ ਪੁਲਸ ਨੇ ਪਰਵਾਨਾ
ਥਾਣਾ ਗੋਇੰਦਵਾਲ ਅਧੀਨ ਆਉਂਦੀ ਪੁਲਸ ਚੌਕੀ ਫਤਿਆਬਾਦ ਵੱਲੋਂ ਇਕ ਪਰਵਾਨਾ ਮੈਡੀਕਲ ਸਟੋਰਾਂ ਤੇ ਝੋਲਾਛਾਪ ਡਾਕਟਰਾਂ ਖਿਲਾਫ ਜਾਰੀ ਕਰ  ਕੇ ਨੋਟ ਕਰਵਾਇਆ ਜਾ ਰਿਹਾ ਹੈ ਕਿ ਜਿਸ ਮੈਡੀਕਲ ਸਟੋਰ ਲਾਇਸੈਂਸ ਧਾਰਕ ਦੀ ਥਾਂ ਕੋਈ ਹੋਰ ਵਿਅਕਤੀ ਮੌਜੂਦ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਪਰਵਾਨੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਬਿਨਾਂ ਡਿਗਰੀ  ਡਾਕਟਰ ਉਦੋਂ ਤੱਕ ਕੋਈ ਵੀ ਪ੍ਰੈਕਟਿਸ ਨਹੀਂ ਕਰਨਗੇ ਜਦ ਤੱਕ ਉਹ ਡਿਪਟੀ ਕਮਿਸ਼ਨਰ ਜਾਂ ਸਿਵਲ ਸਰਜਨ ਵੱਲੋਂ ਪ੍ਰੈਕਟਿਸ ਕਰਨ ਸਬੰਧੀ ਦਸਤਾਵੇਜ਼ ਨਹੀਂ ਲੈ  ਕੇ ਆਉਂਦੇ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਥਾਣਾ ਗੋਇੰਦਵਾਲ ਦੇ  ਸਬ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਡੀ. ਸੀ. ਅਤੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੇ ਹੁਕਮਾਂ ਰਾਹੀਂ ਇਹ ਪਰਵਾਨਾ ਨੋਟ ਕਰਵਾਇਆ ਜਾ ਰਿਹਾ ਹੈ।
ਜ਼ਿਲੇ ਦੇ ਵਸਨੀਕ ਜਸਬੀਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਤਰਨਤਾਰਨ, ਅਵਤਾਰ ਸਿੰਘ ਤਨੇਜਾ ਪ੍ਰਧਾਨ ਰਾਈਸ ਮਿਲਰਜ਼ ਐਸੋਸੀਏਸ਼ਨ, ਅਮਰਜੀਤ ਸਿੰਘ ਰਾਜਪੂਤ ਸਾਬਕਾ ਕੌਂਸਲਰ, ਮਨਿੰਦਰਪਾਲ ਸਿੰਘ ਪਲਾਸੌਰ ਸੀਨੀਅਰ ਕਾਂਗਰਸੀ, ਸੰਪੂਰਨ ਸਿੰਘ ਬਾਕੀਪੁਰ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ, ਰਾਮ ਸਿੰਘ ਸਾਬਕਾ ਕੌਂਸਲਰ ਨੇ ਦੱਸਿਆ ਕਿ  ਨਸ਼ੇ ਦੀ ਅਲਾਮਤ ਨੂੰ ਦੂਰ ਕਰਨ ਵਿਚ  ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੀ ਦਿਨ-ਰਾਤ ਕੀਤੀ ਅਣਥੱਕ ਮਿਹਨਤ ਕਾਰਨ ਜ਼ਿਲਾ ਨਸ਼ਾ ਮੁਕਤ ਹੋਣ ਕਿਨਾਰੇ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਖਤੀ ਕਾਰਨ ਨਸ਼ਾ ਸਮੱਗਲਰ ਜ਼ਿਲੇ ’ਚੋਂ ਆਪਣਾ ਘਰ-ਬਾਰ ਛੱਡ  ਕੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਜਲਦ ਸਨਮਾਨਤ ਕੀਤਾ ਜਾਵੇਗਾ।

ਕੈਮਿਸਟ ਸਿਰਫ ਦਵਾਈ ਵੇਚਦੇ ਹਨ ਨਾ ਕਿ ਨਸ਼ਾ : ਦੁੱਗਲ
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਆਨਲਾਈਨ ਫਾਰਮੇਸੀ ਦੇ ਖਿਲਾਫ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਰੋਸ ਵਜੋਂ ਪੰਜਾਬ ਦੇ ਕਰੀਬ 25 ਹਜ਼ਾਰ ਕੈਮਿਸਟ ਹਡ਼ਤਾਲ ’ਤੇ ਹਨ, ਜਿਸ ਨਾਲ ਪੰਜਾਬ ਭਰ ’ਚ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਹਾਜ਼ਰੀ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਦੁਕਾਨਦਾਰ ਦਾ ਕੋਈ ਅਣਗਹਿਲੀ ਵਿਚ ਨੁਕਸਾਨ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਇਕ ਸਰਵੇ ਅਨੁਸਾਰ ਪਤਾ ਲੱਗਾ ਹੈ ਕਿ ਮੈਡੀਕਲ ਸਟੋਰਾਂ ਰਾਹੀਂ ਸਿਰਫ 11 ਫੀਸਦੀ ਨਸ਼ੇ ਦਾ ਇਸਤੇਮਾਲ ਹੁੰਦਾ ਹੈ ਜਦਕਿ 89 ਫੀਸਦੀ ਨਸ਼ਾ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਨਸ਼ੇ ਵਾਲੇ ਪਦਾਰਥਾਂ ਦੇ ਇਸਤੇਮਾਲ ਨਾਲ ਕੀਤਾ ਜਾਂਦਾ ਹੈ, ਜਿਸ ਦੀ ਰਿਪੋਰਟ ਸਿਹਤ ਵਿਭਾਗ ਪੰਜਾਬ ਕੋਲ ਪਹੁੰਚ ਚੁੱਕੀ ਹੈ। ਸਰਹੱਦੀ ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਮੈਡੀਕਲ ਸਟੋਰ  ਮਾਲਕਾਂ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਫਾਰਮਾਸਿਸਟ ਦੀ ਗੈਰਹਾਜ਼ਰੀ ਪਾਏ ਜਾਣ ’ਤੇ ਉਸ  ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ  ਪ੍ਰਸ਼ਾਸਨ ਖਿਲਾਫ ਮੈਡੀਕਲ ਸਟੋਰ ਐਸੋਸੀਏਸ਼ਨ ਵੱਲੋਂ ਪੂਰੇ ਰਾਜ  ਵਿਚ ਅੱਜ ਮੈਡੀਕਲ  ਸਟੋਰਾਂ ਦੀ ਪੂਰਨ ਹਡ਼ਤਾਲ ਰਹੀ।


Related News