ਅਕਾਲੀ ਦਲ ਪੁਨਰ ਸੁਰਜੀਤੀ ਤੋਂ ਇਯਾਲੀ ਨੇ ਬਣਾਈ ਦੂਰੀ, ''ਵਾਰਿਸ ਪੰਜਾਬ ਦੇ'' ਕਾਨਫਰੰਸ ''ਚ ਪਹੁੰਚੇ
Thursday, Jan 15, 2026 - 04:56 PM (IST)
ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਬੀਤੇ ਦਿਨ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਕਾਨਫਰੰਸ ਵਿਚ ਸ਼ਾਮਲ ਹੋਏ। ਇਸ ਦੌਰਾਨ ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਇਯਾਲੀ ਨੇ ਨਾ ਸਿਰਫ਼ ਇਸ ਕਾਨਫਰੰਸ ਵਿਚ ਹਾਜ਼ਰੀ ਭਰੀ, ਸਗੋਂ ਉਨ੍ਹਾਂ ਨੇ ਜਥੇਬੰਦੀ ਦੀ ਸਟੇਜ ਤੋਂ ਸੰਗਤ ਨੂੰ ਸੰਬੋਧਨ ਵੀ ਕੀਤਾ। ਸਟੇਜ ਤੋਂ ਪ੍ਰਬੰਧਕਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਯਾਲੀ ਇਸ ਕਾਨਫਰੰਸ ਵਿਚ ਇਕੱਲੇ ਨਹੀਂ ਆਏ ਸਗੋਂ ਆਪਣੇ ਨਾਲ ਲਗਭਗ 20 ਬੱਸਾਂ ਦਾ ਕਾਫਲਾ ਵੀ ਲੈ ਕੇ ਆਏ ਹਨ। ਬੁੱਧਵਾਰ ਹੋਈ ਇਸ ਕਾਨਫਰੰਸ ਨੇ ਸੂਬੇ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਲਾਨ ਕਰ ਚੁੱਕੇ ਹਨ ਕਿ ਇਯਾਲੀ ਹੁਣ ਅਕਾਲੀ ਦਲ ਨਹੀਂ ਆਉਣਗੇ। ਦੂਜੇ ਪਾਸੇ ਇਯਾਲੀ ਖੁਦ ਹੁਣ ਅਕਾਲੀ ਦਲ ਪੁਨਰ ਸੁਰਜੀਤੀ ਤੋਂ ਵੀ ਕਿਨਾਰਾ ਕਰਦੇ ਹੋਏ ਵਾਰਿਸ ਪੰਜਾਬ ਦੇ ਦੀ ਸਟੇਜ ਤੇ ਚੜ੍ਹ ਗਏ ਹਨ।
ਕੀ ਹਨ ਇਸ ਦੇ ਸਿਆਸੀ ਮਾਇਨੇ?
ਮਨਪ੍ਰੀਤ ਸਿੰਘ ਇਯਾਲੀ ਦਾ 'ਵਾਰਿਸ ਪੰਜਾਬ ਦੇ' ਦੀ ਸਟੇਜ 'ਤੇ ਨਜ਼ਰ ਆਉਣਾ ਪੰਜਾਬ ਦੀ ਸਿਆਸਤ ਵਿਚ ਕਈ ਨਵੇਂ ਸੰਕੇਤ ਦੇ ਰਿਹਾ ਹੈ। ਅਕਾਲੀ ਦਲ ਪੁਨਰ ਸੁਰਜੀਤੀ ਦੀ ਲੀਡਰਸ਼ਿਪ ਤੋਂ ਦੂਰੀ : ਇਯਾਲੀ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਪੁਨਰ ਸੁਰਜੀਤੀ ਦੀ ਮੌਜੂਦਾ ਲੀਡਰਸ਼ਿਪ ਤੋਂ ਵੱਖ ਚੱਲਦੇ ਆ ਰਹੇ ਹਨ। ਉਨ੍ਹਾਂ ਦਾ ਇਸ ਤਰ੍ਹਾਂ ਦੂਜੀ ਜਥੇਬੰਦੀ ਦੀ ਸਟੇਜ 'ਤੇ ਜਾਣਾ ਪਾਰਟੀ ਅੰਦਰਲੀ ਬਗਾਵਤ ਨੂੰ ਹੋਰ ਸਪੱਸ਼ਟ ਕਰਦਾ ਹੈ। ਬੀਤੇ ਦਿਨੀਂ ਚਰਨਜੀਤ ਸਿੰਘ ਬਰਾੜ ਨੇ ਵੀ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤੀ ਅੰਦਰ ਸਭ ਕੁਝ ਠੀਕ ਨਹੀਂ ਹੈ।
• ਪੰਥਕ ਵੋਟ ਬੈਂਕ ਦੀ ਖਿੱਚ : 'ਵਾਰਿਸ ਪੰਜਾਬ ਦੇ' ਜਥੇਬੰਦੀ ਨੌਜਵਾਨਾਂ ਅਤੇ ਕੱਟੜ ਪੰਥਕ ਸੋਚ ਵਾਲੇ ਲੋਕਾਂ ਵਿਚ ਆਪਣਾ ਆਧਾਰ ਬਣਾ ਰਹੀ ਹੈ। ਇਯਾਲੀ ਦਾ ਇਸ ਮੰਚ 'ਤੇ ਜਾਣਾ ਇਹ ਦਰਸਾਉਂਦਾ ਹੈ ਕਿ ਉਹ ਆਪਣੀ ਸਿਆਸਤ ਨੂੰ ਮੁੜ ਪੰਥਕ ਲੀਹਾਂ 'ਤੇ ਲਿਆਉਣਾ ਚਾਹੁੰਦੇ ਹਨ।
ਨਵੇਂ ਸਿਆਸੀ ਸਮੀਕਰਨ
ਇਸ ਕਦਮ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਨਵੇਂ ਸਿਆਸੀ ਗਠਜੋੜ ਜਾਂ ਨਵੇਂ ਬਦਲ ਦੀ ਸੰਭਾਵਨਾ ਨੂੰ ਬਲ ਮਿਲ ਸਕਦਾ ਹੈ। ਇਹ ਵੀ ਚਰਚਾ ਹੈ ਕਿ ਕੀ ਇਯਾਲੀ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਪੁਨਰ ਸੁਰਜੀਤੀ ਤੋਂ ਪੂਰੀ ਤਰ੍ਹਾਂ ਵੱਖ ਹੋ ਕੇ ਕਿਸੇ ਨਵੇਂ ਰਾਹ 'ਤੇ ਚੱਲਣ ਦੀ ਤਿਆਰੀ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਹੁਣ ਸਾਰਿਆਂ ਦੀਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੀ ਲੀਡਰਸ਼ਿਪ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਆਪਣੇ ਇਸ ਸੀਨੀਅਰ ਆਗੂ ਦੇ ਅਜਿਹੇ ਕਦਮ 'ਤੇ ਕੀ ਪ੍ਰਤੀਕਿਰਿਆ ਦਿੰਦੇ ਹਨ।
