ਦੋਰਾਹਾ ਦੇ 2 ਮੈਡੀਕਲ ਸਟੋਰਾਂ ਦੀ ਹੋਈ ਚੈਕਿੰਗ, ਬਿਨਾਂ ਲੋੜੀਂਦੇ ਰਿਕਾਰਡ ਦੇ 7 ਐੱਮ.ਟੀ.ਪੀ. ਕਿੱਟਾਂ ਬਰਾਮਦ

Wednesday, Oct 21, 2026 - 07:43 PM (IST)

ਦੋਰਾਹਾ ਦੇ 2 ਮੈਡੀਕਲ ਸਟੋਰਾਂ ਦੀ ਹੋਈ ਚੈਕਿੰਗ, ਬਿਨਾਂ ਲੋੜੀਂਦੇ ਰਿਕਾਰਡ ਦੇ 7 ਐੱਮ.ਟੀ.ਪੀ. ਕਿੱਟਾਂ ਬਰਾਮਦ

ਦੋਰਾਹਾ (ਵਿਨਾਇਕ): ਮਹਿਲਾਵਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐਮ.ਟੀ.ਪੀ.) ਕਿੱਟਾਂ ਦੀ ਗੈਰ-ਕਾਨੂੰਨੀ ਸਟਾਕਿੰਗ, ਖਰੀਦ-ਫਰੋਖ਼ਤ ਅਤੇ ਦੁਰਵਰਤੋਂ ਨੂੰ ਰੋਕਣ ਲਈ ਜ਼ਿਲਾਂ ਪ੍ਰਸ਼ਾਸਨ ਲੁਧਿਆਣਾ ਵੱਲੋਂ ਮਿਸ਼ਨ ਜੀਵਨੀ ਤਹਿਤ ਮੈਡੀਕਲ ਸਟੋਰਾਂ ਦੀ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਬੁੱਧਵਾਰ ਨੂੰ ਦੋਰਾਹਾ ਦੇ ਦੋ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਕੁੱਲ 7 ਐਮ.ਟੀ.ਪੀ. ਕਿੱਟਾਂ ਲੋੜੀਂਦੇ ਖਰੀਦ-ਵਿਕਰੀ ਰਿਕਾਰਡ ਤੋਂ ਬਿਨਾਂ ਸਟਾਕ ਕੀਤੀਆਂ ਹੋਈਆਂ ਮਿਲੀਆਂ।

ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੇ ਨਿਰਦੇਸ਼ਾਂ 'ਤੇ ਕੀਤੀ ਜਾ ਰਹੀ ਇਸ ਕਾਰਵਾਈ ਦਾ ਉਦੇਸ਼ ਦਵਾਈਆਂ ਦੀ ਵਿਕਰੀ ਅਤੇ ਸਟਾਕ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਅਤੇ ਐਮ.ਟੀ.ਪੀ. ਕਿੱਟਾਂ ਦੀ ਗਲਤ ਵਰਤੋਂ ਨੂੰ ਰੋਕਣਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਡਰੱਗਜ਼ ਕੰਟਰੋਲ ਅਫ਼ਸਰ (ਲੁਧਿਆਣਾ-5) ਸੰਦੀਪ ਕੌਸ਼ਿਕ ਨੇ ਪੁਲਸ ਅਧਿਕਾਰੀਆਂ ਦੇ ਸਹਿਯੋਗ ਨਾਲ ਦੋਰਾਹਾ ਵਿਖੇ ਦੋ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ਜੀ.ਟੀ. ਰੋਡ ਸਥਿਤ ਮੈਸਰਜ਼ ਗੋਇਲ ਮੈਡੀਕੋਸ ਵਿਖੇ ਦੋ ਐਮ.ਟੀ.ਪੀ. ਕਿੱਟਾਂ ਅਜਿਹੀਆਂ ਮਿਲੀਆਂ, ਜਿਨ੍ਹਾਂ ਦੇ ਸਟਾਕ ਅਤੇ ਖਰੀਦ-ਵਿਕਰੀ ਸਬੰਧੀ ਲੋੜੀਂਦਾ ਰਿਕਾਰਡ ਮੌਜੂਦ ਨਹੀਂ ਸੀ। ਇਸੇ ਤਰ੍ਹਾਂ ਅੜ੍ਹੈਚਾਂ ਰੋਡ ਸਥਿਤ ਮੈਸਰਜ਼ ਟਾਂਡਾ ਮੈਡੀਕਲ ਸਟੋਰ ਦੀ ਜਾਂਚ ਦੌਰਾਨ ਵੀ ਪੰਜ ਐਮ.ਟੀ.ਪੀ. ਕਿੱਟਾਂ ਲੋੜੀਂਦੇ ਰਿਕਾਰਡ ਤੋਂ ਬਿਨਾਂ ਪਾਈਆਂ ਗਈਆਂ।

ਇਸ ਤਰ੍ਹਾਂ ਦੋਵਾਂ ਮੈਡੀਕਲ ਸਟੋਰਾਂ ਤੋਂ ਕੁੱਲ ਸੱਤ ਐਮ.ਟੀ.ਪੀ. ਕਿੱਟਾਂ ਸਬੰਧੀ ਰਿਕਾਰਡ ਦੀ ਘਾਟ ਸਾਹਮਣੇ ਆਈ। ਨਿਰੀਖਣ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਬੇਨਿਯਮੀਆਂ ਸਬੰਧੀ ਰਿਪੋਰਟਾਂ ਅਗਲੇਰੀ ਲੋੜੀਂਦੀ ਕਾਰਵਾਈ ਲਈ ਸਮਰੱਥ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮਿਸ਼ਨ ਜੀਵਨੀ ਤਹਿਤ ਮੈਡੀਕਲ ਸਟੋਰਾਂ ਦੀ ਨਿਗਰਾਨੀ ਜਾਰੀ ਰਹੇਗੀ ਅਤੇ ਦਵਾਈਆਂ ਦੇ ਸਟਾਕ, ਖਰੀਦ ਅਤੇ ਵਿਕਰੀ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦੀ ਇਸ ਪਹਿਲਕਦਮੀ ਦਾ ਮੁੱਖ ਮਕਸਦ ਮਹਿਲਾਵਾਂ ਦੀ ਸਿਹਤ ਦੀ ਰੱਖਿਆ ਕਰਨ ਦੇ ਨਾਲ-ਨਾਲ ਐਮ.ਟੀ.ਪੀ. ਕਿੱਟਾਂ ਦੀ ਸੁਰੱਖਿਅਤ, ਜ਼ਿੰਮੇਵਾਰ ਅਤੇ ਕਾਨੂੰਨੀ ਵਰਤੋਂ ਨੂੰ ਯਕੀਨੀ ਬਣਾਉਣਾ ਹੈ।


author

Anmol Tagra

Content Editor

Related News