ਪੰਜਾਬ ਪੁਲਸ ਦੀ ਗ੍ਰਿਫ਼ਤ ''ਚੋਂ 2 ਮੁਲਜ਼ਮ ਹੱਥਕੜੀ ਸਮੇਤ ਫ਼ਰਾਰ

Thursday, Oct 15, 2026 - 06:39 PM (IST)

ਪੰਜਾਬ ਪੁਲਸ ਦੀ ਗ੍ਰਿਫ਼ਤ ''ਚੋਂ 2 ਮੁਲਜ਼ਮ ਹੱਥਕੜੀ ਸਮੇਤ ਫ਼ਰਾਰ

ਲੁਧਿਆਣਾ (ਰਾਜ): ਪੁਲਸ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਬਾਹਰ ਪੁਲਸ ਹਿਰਾਸਤ 'ਚੋਂ ਦੋ ਸ਼ਾਤਰ ਮੁਲਜ਼ਮਾਂ ਦੇ ਹੱਥਕੜੀ ਸਮੇਤ ਫ਼ਰਾਰ ਹੋ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਤੋਂ ਦੋ ਦਿਨ ਦੇ ਪੁਲਸ ਰਿਮਾਂਡ ''ਚ ਚੱਲ ਰਹੇ ਮੁਲਜ਼ਮਾਂ ਵਿੱਚੋਂ ਇਕ ਨੇ ਪਹਿਲਾਂ ਅਚਾਨਕ ਤਬੀਅਤ ਵਿਗੜਨ ਦਾ ਡਰਾਮਾ ਰਚਿਆ ਅਤੇ ਜਿਵੇਂ ਹੀ ਜਾਂਚ ਅਧਿਕਾਰੀ ਨੇ ਉਸ ਦੀ ਸਾਰ ਲੈਣ ਲਈ ਹੱਥਕੜੀ ਖੋਲ੍ਹੀ, ਤਾਂ ਮੁਲਜ਼ਮ ਸਬ-ਇੰਸਪੈਕਟਰ ਨੂੰ ਜ਼ੋਰਦਾਰ ਧੱਕਾ ਦੇ ਕੇ ਆਪਣੇ ਸਾਥੀ ਸਮੇਤ ਹੱਥਕੜੀ ਲੈ ਕੇ ਭੱਜ ਨਿਕਲੇ।

ਪੁਲਸ ਕਮਿਸ਼ਨਰ ਦਫ਼ਤਰ ਪਰਿਸਰ ਦੇ ਬਾਹਰ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਸ ਮਹਿਕਮੇ ਵਿੱਚ ਭਾੜਦੜ ਮਚ ਗਈ ਹੈ। ਪੁਲਸ ਨੇ ਦੋਹਾਂ ਭਗੌੜਿਆਂ ਖ਼ਿਲਾਫ਼ ਪੁਲਸ ਪਾਰਟੀ ''ਤੇ ਹਮਲਾ ਕਰਨ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਕਸਟਡੀ ''ਚੋਂ ਭੱਜਣ ਦਾ ਥਾਣਾ ਡਿਵੀਜ਼ਨ ਨੰਬਰ-5 ਵਿਚ ਨਵਾਂ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਹਾਂ ਮੁਲਜ਼ਮਾਂ ਦੇ ਗ੍ਰਹਿ ਖੇਤਰਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸੰਭਾਵਿਤ ਛੁਪਣਗਾਹਾਂ ''ਤੇ ਸੀ.ਆਈ.ਏ. ਅਤੇ ਲੋਕਲ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਦੋਹਾਂ ਨੂੰ ਬਹੁਤ ਜਲਦ ਦੁਬਾਰਾ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

ਸਬ-ਇੰਸਪੈਕਟਰ ਬਲਦੇਵ ਸਿੰਘ ਵੱਲੋਂ ਦਰਜ ਕਰਵਾਏ ਗਏ ਅਧਿਕਾਰਤ ਵੇਰਵਿਆਂ ਅਨੁਸਾਰ, ਥਾਣਾ ਮਾਡਲ ਟਾਊਨ ਵਿਚ 8 ਅਕਤੂਬਰ ਨੂੰ ਚੋਰੀ ਦੀ ਐੱਫ਼.ਆਈ.ਆਰ. ਨੰਬਰ 214 ਦਰਜ ਕੀਤੀ ਗਈ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਪੁਲਸ ਨੇ 12 ਅਕਤੂਬਰ ਨੂੰ ਦੋ ਮੁਲਜ਼ਮਾਂ ਪ੍ਰਿੰਸ ਸ਼ਰਮਾ ਅਤੇ ਰਮਨਦੀਪ ਸਿੰਘ ਉਰਫ਼ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਵਿੱਚ ਧਾਰਾ 3(5) ਬੀ.ਐੱਨ.ਐੱਸ. ਦਾ ਵਾਧਾ ਕੀਤਾ ਗਿਆ ਸੀ।

ਇਸ ਤੋਂ ਉਪਰੰਤ 13 ਅਕਤੂਬਰ ਨੂੰ ਦੋਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਡੂੰਘੀ ਪੁੱਛਗਿੱਛ ਅਤੇ ਬਰਾਮਦਗੀ ਲਈ ਦੋਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕਰਵਾਇਆ ਗਿਆ ਸੀ। ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ 14 ਅਕਤੂਬਰ ਨੂੰ ਉਹ ਆਪਣੀ ਪੁਲਿਸ ਪਾਰਟੀ ਅਤੇ ਦੋਹਾਂ ਮੁਲਜ਼ਮਾਂ ਨੂੰ ਲੈ ਕੇ ਅਗਲੇਰੀ ਪੁੱਛਗਿੱਛ ਦੇ ਸਿਲਸਿਲੇ ਵਿੱਚ ਕ੍ਰਾਈਮ ਬ੍ਰਾਂਚ-1 (ਸੀ.ਆਈ.ਏ.) ਪਹੁੰਚੇ ਸਨ। ਉੱਥੇ ਪਹਿਲਾਂ ਤੋਂ ਹੀ ਕਿਸੇ ਹੋਰ ਸੰਗੀਨ ਮਾਮਲੇ ਦੇ ਮੁਲਜ਼ਮ ਤੋਂ ਪੁੱਛਗਿੱਛ ਦੀ ਪ੍ਰਕਿਰਿਆ ਚੱਲ ਰਹੀ ਸੀ।

ਇਸ ਦੇ ਚਲਦਿਆਂ ਐੱਸ.ਆਈ. ਬਲਦੇਵ ਸਿੰਘ ਆਪਣੇ ਸਾਥੀ ਪੁਲਸ ਕਰਮਚਾਰੀਆਂ ਅਤੇ ਦੋਹਾਂ ਰਿਮਾਂਡਸ਼ੁਦਾ ਮੁਲਜ਼ਮਾਂ ਨਾਲ ਪੁਲਸ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ ਮੁੱਖ ਸੜਕ ''ਤੇ ਖੜ੍ਹੀ ਸਰਕਾਰੀ ਗੱਡੀ ਵਿਚ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ। ਗੱਡੀ ਵਿੱਚ ਇੰਤਜ਼ਾਰ ਦੌਰਾਨ ਹੀ ਮੁਲਜ਼ਮ ਰਮਨਦੀਪ ਸਿੰਘ ਉਰਫ਼ ਰਿੰਕੂ ਨੇ ਅਚਾਨਕ ਤਬੀਅਤ ਖ਼ਰਾਬ ਹੋਣ, ਤੇਜ਼ ਘਬਰਾਹਟ ਅਤੇ ਪੇਟ ਦਰਦ ਦਾ ਬਹਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਹਾਲਤ ਵਿਗੜਦੀ ਦੇਖ ਜਿਵੇਂ ਹੀ ਐੱਸ.ਆਈ. ਬਲਦੇਵ ਸਿੰਘ ਨੇ ਉਸ ਦੀ ਸਥਿਤੀ ਜਾਂਚਣ ਲਈ ਉਸ ਦੀ ਹੱਥਕੜੀ ਖੋਲ੍ਹੀ, ਤਾਂ ਰਮਨਦੀਪ ਸਿੰਘ ਅਤੇ ਉਸ ਦੇ ਸਾਥੀ ਪ੍ਰਿੰਸ ਸ਼ਰਮਾ ਨੇ ਪੂਰੀ ਤਾਕਤ ਨਾਲ ਐੱਸ.ਆਈ. ''ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ੋਰਦਾਰ ਧੱਕਾ ਦੇ ਕੇ ਸੜਕ ''ਤੇ ਡੇਗ ਦਿੱਤਾ। ਮੁਲਾਜ਼ਮ ਦੇ ਹੇਠਾਂ ਡਿੱਗਦੇ ਹੀ ਦੋਵੇਂ ਸ਼ਾਤਰ ਬਿਜਲੀ ਦੀ ਤੇਜ਼ੀ ਨਾਲ ਗੱਡੀ ''ਚੋਂ ਬਾਹਰ ਕੁੱਦੇ ਅਤੇ ਹੱਥ ਵਿੱਚ ਲੱਗੀ ਹੱਥਕੜੀ ਸਮੇਤ ਭੀੜ-ਭੜੱਕੇ ਤੇ ਆਸ-ਪਾਸ ਦੀਆਂ ਗਲੀਆਂ ਦਾ ਫ਼ਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਸੁਰੱਖਿਆ ਪ੍ਰੋਟੋਕੋਲ ਦੀ ਘੋਰ ਅਣਦੇਖੀ ਉਜਾਗਰ, ਲਾਪਰਵਾਹ ਪੁਲਸ ਕਰਮਚਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ''ਚ

ਇਸ ਘਟਨਾ ਨੇ ਪੁਲਸ ਦੀ ਬੁਨਿਆਦੀ ਕਾਰਜਪ੍ਰਣਾਲੀ ਅਤੇ ਸੁਰੱਖਿਆ ਪ੍ਰੋਟੋਕੋਲ ''ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸਭ ਤੋਂ ਅਹਿਮ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਮੁਲਜ਼ਮ ਪੁਲਸ ਰਿਮਾਂਡ ''ਤੇ ਸਨ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ, ਤਾਂ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਕਮਰੇ, ਲਾਕਅੱਪ ਜਾਂ ਦਫ਼ਤਰ ਦੇ ਅੰਦਰ ਬਿਠਾਉਣ ਦੀ ਬਜਾਏ ਮੁੱਖ ਸੜਕ ''ਤੇ ਆਮ ਟ੍ਰੈਫ਼ਿਕ ਦੇ ਵਿਚਕਾਰ ਗੱਡੀ ਵਿਚ ਕਿਉਂ ਬਿਠਾ ਕੇ ਰੱਖਿਆ ਗਿਆ?

ਇੱਥੇ ਹੀ ਪੁਲਸ ਦੀ ਗੰਭੀਰ ਲਾਪਰਵਾਹੀ ਉਜਾਗਰ ਹੁੰਦੀ ਹੈ। ਜਾਣਕਾਰਾਂ ਅਤੇ ਪੂਰਵ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਰਿਮਾਂਡਸ਼ੁਦਾ ਜਾਂ ਗ੍ਰਿਫ਼ਤਾਰ ਮੁਲਜ਼ਮ ਨੂੰ ਜਨਤਕ ਸੜਕ ''ਤੇ ਗੱਡੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾਉਣਾ ਪੁਲਸ ਸੁਰੱਖਿਆ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਜੇਕਰ ਕ੍ਰਾਈਮ ਬ੍ਰਾਂਚ ਦੇ ਕਮਰੇ ਵਿਚ ਪੁੱਛਗਿੱਛ ਚੱਲ ਰਹੀ ਸੀ, ਤਾਂ ਮੁਲਜ਼ਮਾਂ ਨੂੰ ਸਬੰਧਤ ਥਾਣੇ, ਸੀ.ਆਈ.ਏ. ਦੇ ਵੇਟਿੰਗ ਰੂਮ ਜਾਂ ਕਿਸੇ ਸੁਰੱਖਿਅਤ ਕਮਰੇ ਦੇ ਅੰਦਰ ਕੜੀ ਨਿਗਰਾਨੀ ਹੇਠ ਰੱਖਿਆ ਜਾਣਾ ਚਾਹੀਦਾ ਸੀ। ਮੁੱਖ ਸੜਕ ''ਤੇ ਗੱਡੀ ਵਿੱਚ ਬਿਠਾਉਣਾ ਨਾ ਕੇਵਲ ਮੁਲਜ਼ਮਾਂ ਨੂੰ ਭੱਜਣ ਦਾ ਸੌਖਾ ਮੌਕਾ ਦਿੰਦਾ ਹੈ, ਬਲਕਿ ਉਨ੍ਹਾਂ ਦੇ ਸਾਥੀਆਂ ਵੱਲੋਂ ਹਮਲਾ ਕਰ ਕੇ ਉਨ੍ਹਾਂ ਨੂੰ ਛੁਡਾਉਣ ਦਾ ਵੀ ਵੱਡਾ ਖ਼ਤਰਾ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਬਿਨਾਂ ਕਿਸੇ ਬੈਕਅੱਪ ਜਾਂ ਵਾਧੂ ਮੁਲਾਜ਼ਮ ਦੀ ਪਕੜ ਦੇ ਹੱਥਕੜੀ ਖੋਲ੍ਹਣਾ ਘੋਰ ਗ਼ੈਰ-ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।

ਵਿਭਾਗੀ ਜਾਂਚ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ

ਅਜਿਹੇ ਅਤਿ-ਸੁਰੱਖਿਅਤ ਇਲਾਕੇ ਦੀ ਮੁੱਖ ਸੜਕ ਤੋਂ ਦਿਨ-ਦਿਹਾੜੇ ਪੁਲਸ ਹਿਰਾਸਤ ''ਚੋਂ ਦੋ ਮੁਲਜ਼ਮਾਂ ਦਾ ਹੱਥਕੜੀ ਸਮੇਤ ਪੈਦਲ ਭੱਜ ਜਾਣਾ ਪੂਰੇ ਪੁਲਿਸ ਕਮਿਸ਼ਨਰੇਟ ਲਈ ਬੇਹੱਦ ਅਸੁਖਾਵੀਂ ਸਥਿਤੀ ਪੈਦਾ ਕਰ ਰਿਹਾ ਹੈ। ਸ਼ਹਿਰ ਵਾਸੀਆਂ ਅਤੇ ਕਾਨੂੰਨਦਾਨਾਂ ਦਾ ਕਹਿਣਾ ਹੈ ਕਿ ਇਹ ਕੇਵਲ ਮੁਲਜ਼ਮਾਂ ਦੀ ਚਲਾਕੀ ਨਹੀਂ, ਬਲਕਿ ਪੁਲਿਸ ਟੀਮ ਦੀ ਅਤਿ-ਲਾਪਰਵਾਹੀ ਅਤੇ ਨਿਯਮਾਂ ਦੀ ਅਣਦੇਖੀ ਦਾ ਨਤੀਜਾ ਹੈ।

ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-5 ਵਿੱਚ ਦੋਹਾਂ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਨਵਾਂ ਕੇਸ ਤਾਂ ਦਰਜ ਕਰ ਲਿਆ ਗਿਆ ਹੈ, ਪਰ ਹੁਣ ਇਹ ਮੰਗ ਵੀ ਜ਼ੋਰ ਫੜ ਰਹੀ ਹੈ ਕਿ ਮੁਲਜ਼ਮਾਂ ਨੂੰ ਸੜਕ ''ਤੇ ਲਾਪਰਵਾਹੀ ਨਾਲ ਰੱਖਣ ਵਾਲੀ ਸਬੰਧਤ ਪੁਲਸ ਟੀਮ ਖ਼ਿਲਾਫ਼ ਵੀ ਸਖ਼ਤ ਵਿਭਾਗੀ ਜਾਂਚ ਬਿਠਾਈ ਜਾਵੇ। ਉੱਚ ਅਧਿਕਾਰੀਆਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕਰਨ ਅਤੇ ਮੁਲਜ਼ਮਾਂ ਨੂੰ ਸੜਕ ''ਤੇ ਲਾਵਾਰਿਸ ਵਾਂਗ ਇੰਤਜ਼ਾਰ ਕਰਵਾਉਣ ਲਈ ਕੌਣ ਜ਼ਿੰਮੇਵਾਰ ਹੈ, ਤਾਂ ਜੋ ਭਵਿੱਖ ਵਿੱਚ ਅਜਹੀਆਂ ਸ਼ਰਮਨਾਕ ਘਟਨਾਵਾਂ ਨਾ ਵਾਪਰ ਸਕਣ।


author

Anmol Tagra

Content Editor

Related News