ਲੁਧਿਆਣਾ ''ਚ ਇਨੋਵਾ ਸਵਾਰ ਬੰਦੇ ਦੇ ਗੋਲ਼ੀਆਂ ਮਾਰ ਕੀਤੇ ਕਤਲ ਮਾਮਲੇ ''ਚ ਪੁਲਸ ਦੇ ਸਨਸਨੀਖ਼ੇਜ਼ ਖ਼ੁਲਾਸੇ
Saturday, Oct 17, 2026 - 05:43 PM (IST)
ਲੁਧਿਆਣਾ (ਰਾਜ): ਲੁਧਿਆਣਾ ਪੁਲਸ ਨੇ ਪਿੰਡ ਮਨੇਵਾਲ ਦੇ ਸਾਬਕਾ ਸਰਪੰਚ ਨਵਤੇਜ ਸਿੰਘ ਦੇ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕੀਤੀ ਗਈ ਸਨਸਨੀਖੇਜ਼ ਕਤਲ ਦੀ ਗੁੱਥੀ ਨੂੰ ਪੂਰੀ ਤਰ੍ਹਾਂ ਸੁਲਝਾ ਲਿਆ ਹੈ। ਸ਼ੁਰੂਆਤੀ ਜਾਂਚ ਦੌਰਾਨ ਸ਼ੱਕ ਦੀ ਸੂਈ ਪਰਿਵਾਰਕ ਰੰਜਿਸ਼ ਵੱਲ ਘੁੰਮ ਰਹੀ ਸੀ, ਪਰ ਤਕਨੀਕੀ ਜਾਂਚ ਅਤੇ ਖ਼ੁਫ਼ੀਆ ਇਨਪੁਟਸ ਤੋਂ ਬਾਅਦ ਪੁਲਸ ਨੇ ਇਸ ਪੂਰੇ ਮਾਮਲੇ ਦਾ ਪਰਦਾਫ਼ਾਸ਼ ਕਰ ਦਿੱਤਾ। ਪੁਲਸ ਅਨੁਸਾਰ ਇਸ ਕਤਲ ਦੀ ਨੀਂਹ ਮਹਿਜ਼ 1.5 ਕਨਾਲ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਰੱਖੀ ਗਈ ਸੀ। ਸੀ.ਆਈ.ਏ. ਸਟਾਫ਼ ਅਤੇ ਥਾਣਾ ਲਾਡੋਵਾਲ ਪੁਲਸ ਦੇ ਸਾਂਝੇ ਆਪ੍ਰੇਸ਼ਨ ਵਿਚ ਪਿਓ-ਪੁੱਤ ਸਮੇਤ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ 2 ਸ਼ੂਟਰ ਫ਼ਰਾਰ ਹਨ।
1.5 ਕਨਾਲ ਜ਼ਮੀਨ ਦਾ ਵਿਵਾਦ ਬਣਿਆ ਕਤਲ ਦੀ ਵਜ੍ਹਾ
ਵਾਰਦਾਤ ਤੋਂ ਤੁਰੰਤ ਬਾਅਦ ਪਿੰਡ ਅਤੇ ਪਰਿਵਾਰ ਵਿਚਕਾਰ ਪੁਰਾਣੀ ਧੜੇਬੰਦੀ ਨੂੰ ਦੇਖਦਿਆਂ ਮੁੱਢਲਾ ਸ਼ੱਕ ਮ੍ਰਿਤਕ ਦੇ ਚਾਚੇ-ਤਾਏ 'ਤੇ ਗਿਆ ਸੀ। ਪਰ ਜਦੋਂ ਪੁਲਸ ਕਮਿਸ਼ਨਰ ਦੁਆਰਾ ਗਠਿਤ ਸੀ.ਆਈ.ਏ. ਸਟਾਫ਼ ਅਤੇ ਲਾਡੋਵਾਲ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੇ ਮੋਬਾਈਲ ਡੰਪ ਡੇਟਾ, ਕਾਲ ਡਿਟੇਲ ਰਿਕਾਰਡਸ ਅਤੇ ਤਕਨੀਕੀ ਸਬੂਤਾਂ ਦਾ ਮਿਲਾਨ ਕੀਤਾ ਤਾਂ ਜਾਂਚ ਦਾ ਰੁਖ਼ ਪੂਰੀ ਤਰ੍ਹਾਂ ਬਦਲ ਗਿਆ। ਪਤਾ ਲੱਗਾ ਕਿ ਕਤਲ ਦੀ ਅਸਲ ਜੜ੍ਹ ਸਾਬਕਾ ਸਰਪੰਚ ਨਵਤੇਜ ਸਿੰਘ ਦੀ ਭੈਣ ਨਾਲ ਸਬੰਧਤ ਮਹਿਜ਼ 1.5 ਕਨਾਲ ਜ਼ਮੀਨ ਦਾ ਝਗੜਾ ਸੀ, ਜਿਸ 'ਤੇ ਕਬਜ਼ੇ ਨੂੰ ਲੈ ਕੇ ਮੁਲਜ਼ਮਾਂ ਨਾਲ ਲੰਮੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ ਅਤੇ ਇਹ ਮਾਮਲਾ ਅਦਾਲਤ ਵਿਚ ਵੀ ਵਿਚਾਰਅਧੀਨ ਸੀ।
ਦੋਸਤੀ ਨਿਭਾਉਣ ਲਈ ਬਰੈੱਡ ਕੰਪਨੀ ਦੇ ਡਰਾਈਵਰ ਨੇ ਚਲਾਈ ਸੀ ਗੋਲ਼ੀ
ਜਾਂਚ ਵਿਚ ਇਹ ਹੈਰਾਨੀਜਨਕ ਖ਼ੁਲਾਸਾ ਹੋਇਆ ਕਿ ਜਿਸ ਮੁੱਖ ਸ਼ੂਟਰ ਨੇ ਨਵਤੇਜ ਸਿੰਘ 'ਤੇ ਗੋਲੀਆਂ ਚਲਾਈਆਂ, ਉਸ ਦੀ ਸਾਬਕਾ ਸਰਪੰਚ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਵਿਵਾਦ ਨਹੀਂ ਸੀ। ਜ਼ਮੀਨੀ ਵਿਵਾਦ ਵਿਚ ਉਲਝੇ ਸਾਜ਼ਿਸ਼ਕਰਤਾਵਾਂ ਨੇ ਆਪਣੇ ਸੰਪਰਕਾਂ ਦੀ ਵਰਤੋਂ ਕਰਕੇ ਇਕ ਬਰੈੱਡ ਕੰਪਨੀ ਵਿਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਨੌਜਵਾਨ ਨੂੰ ਇਸ ਖ਼ੂਨੀ ਖੇਡ ਵਿਚ ਸ਼ਾਮਲ ਕੀਤਾ। ਉਕਤ ਡਰਾਈਵਰ ਨੇ ਮਹਿਜ਼ ਆਪਣੇ ਦੋਸਤ ਦਾ ਸਾਥ ਦੇਣ ਅਤੇ ਦੋਸਤੀ ਨਿਭਾਉਣ ਲਈ ਸਾਬਕਾ ਸਰਪੰਚ 'ਤੇ ਤਾਬੜਤੋੜ ਗੋਲੀਆਂ ਵਰ੍ਹਾ ਦਿੱਤੀਆਂ।
ਇਲੈਕਟ੍ਰੋਨਿਕ ਸਰਵੇਲੈਂਸ ਅਤੇ ਪੁਖ਼ਤਾ ਸਬੂਤਾਂ ਦੇ ਆਧਾਰ 'ਤੇ ਪੁਲਸ ਨੇ 14 ਅਕਤੂਬਰ ਨੂੰ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿਚੋਂ ਮੁੱਖ ਸਾਜ਼ਿਸ਼ਕਰਤਾ ਰੂੜ ਸਿੰਘ ਪੁੱਤਰ ਮੁਨਸ਼ਾ ਸਿੰਘ ਅਤੇ ਜਸਵਿੰਦਰ ਸਿੰਘ ਉਰਫ਼ ਰਾਜਾ ਪੁੱਤਰ ਰੂੜ ਸਿੰਘ ਵਾਸੀ ਕੁਤਬਵਾਲ ਗੁਜਰਾਂ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉੱਥੇ ਹੀ ਮਨਜਿੰਦਰ ਸਿੰਘ ਉਰਫ਼ ਗੋਰੂ ਅਤੇ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਸਿੰਘ ਫ਼ਰਾਰ ਚੱਲ ਰਹੇ ਹਨ।
ਪੁਲਸ ਵੱਲੋਂ ਗ੍ਰਿਫ਼ਤਾਰ ਪਿਓ-ਪੁੱਤਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ। ਵਾਰਦਾਤ ਵਿਚ ਵਰਤੇ ਗਏ ਹਥਿਆਰ ਤੇ ਵਾਹਨ ਦੀ ਬਰਾਮਦਗੀ ਅਤੇ ਫ਼ਰਾਰ ਦੋਵੇਂ ਮੁਲਜ਼ਮਾਂ—ਮਨਜਿੰਦਰ ਗੋਰੂ ਤੇ ਹਰਪ੍ਰੀਤ ਪ੍ਰੀਤ—ਦੀ ਗ੍ਰਿਫ਼ਤਾਰੀ ਲਈ ਸੀ.ਆਈ.ਏ. ਦੀਆਂ ਟੀਮਾਂ ਪੰਜਾਬ ਅਤੇ ਗੁਆਂਢੀ ਰਾਜਾਂ ਵਿਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਫ਼ਰਾਰ ਕਾਤਲਾਂ ਨੂੰ ਸ਼ਰਨ ਦੇਣ ਜਾਂ ਮਦਦ ਕਰਨ ਵਾਲਿਆਂ ਖ਼ਿਲਾਫ਼ ਵੀ ਸਹਿ-ਮੁਲਜ਼ਮ ਵਜੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਲਾਡੋਵਾਲ ਟੋਲ ਪਲਾਜ਼ਾ ਨੇੜੇ ਮਾਰੀਆਂ ਸੀ ਗੋਲ਼ੀਆਂ
ਦੱਸ ਦਈਏ ਕਿ ਕ੍ਰਿਸ਼ਨਾ ਨਗਰ (ਘੁਮਾਰ ਮੰਡੀ) ਦੇ ਰਹਿਣ ਵਾਲੇ ਸਾਬਕਾ ਸਰਪੰਚ ਨਵਤੇਜ ਸਿੰਘ ਲੰਘੀ 3 ਅਕਤੂਬਰ ਦੀ ਸ਼ਾਮ ਨੂੰ ਪਿੰਡ ਮਨੇਵਾਲ ਵਿਚ ਆਪਣੀ 30 ਤੋਂ 35 ਏਕੜ ਜ਼ਮੀਨ 'ਤੇ ਚੱਲ ਰਹੇ ਖੇਤੀਬਾੜੀ ਦੇ ਕੰਮ ਨੂੰ ਦੇਖ ਕੇ ਇਨੋਵਾ ਕਾਰ ਵਿੱਚ ਘਰ ਪਰਤ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਗੱਡੀ ਲਾਡੋਵਾਲ ਟੋਲ ਪਲਾਜ਼ਾ ਪਾਰ ਕਰ ਕੇ ਸਾਊਥ ਸਿਟੀ ਰੋਡ ਪੁਲ ਵੱਲ ਮੁੜੀ, ਤਾਂ ਪੰਜਾਬ ਫੂਡ ਆਫਿਸ ਨੇੜੇ ਅੰਬੁਸ਼ ਲਗਾ ਕੇ ਬੈਠੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਸ਼ੂਟਰਾਂ ਨੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਨਵਤੇਜ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਲਾਡੋਵਾਲ ਵਿਖੇ 4 ਅਕਤੂਬਰ ਨੂੰ ਐਫ.ਆਈ.ਆਰ. ਨੰਬਰ 167 ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ।
