ਸਵਾਰੀਆਂ ਨਾਲ ਭਰੀ PRTC ਬੱਸ ਨਾਲ ਭਿਆਨਕ ਹਾਦਸਾ, ਕਾਰ ਨਾਲ ਹੋਈ ਜ਼ੋਰਦਾਰ ਟੱਕਰ
Sunday, Oct 11, 2026 - 05:29 PM (IST)
ਜਗਰਾਓਂ (ਚਾਹਲ) : ਇੱਥੇ ਜਲੰਧਰ ਹਾਈਵੇ 'ਤੇ ਸਿੱਧਵਾਂ ਬੇਟ ਰੋਡ ਸਥਿਤ ਪਿੰਡ ਲੀਲਾ ਨੇੜੇ ਅੱਜ ਐਤਵਾਰ ਨੂੰ ਮੀਂਹ ਦੌਰਾਨ ਸੇਮ ਨਾਲੇ 'ਤੇ ਇੱਕ ਤੇਜ਼ ਰਫ਼ਤਾਰ ਕਾਰ ਅਤੇ ਪੀ. ਆਰ. ਟੀ. ਸੀ ਮਿੰਨੀ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦੋਂ ਕਿ ਮਿੰਨੀ ਬੱਸ ਬੇਕਾਬੂ ਹੋ ਕੇ ਝੋਨੇ ਦੇ ਖੇਤਾਂ 'ਚ ਜਾ ਵੜੀ। ਹਾਦਸੇ ਵੇਲੇ ਮਿੰਨੀ ਬੱਸ 'ਚ ਕਰੀਬ 30 ਸਵਾਰੀਆਂ ਮੌਜੂਦ ਸਨ।
ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ 'ਚ ਸਵਾਰ ਦੋ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਕਾਰ ਚਾਲਕ ਅਤੇ ਕਾਰ 'ਚ ਸਵਾਰ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਸੇਮ ਨਾਲੇ ਦਾ ਪੁਲ ਕਾਫੀ ਤੰਗ ਹੈ ਅਤੇ ਮੀਂਹ ਕਾਰਨ ਸੜਕ 'ਤੇ ਤਿਲਕਣ ਸੀ। ਇੱਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਲੋਕਾਂ ਨੇ ਸੁਰੱਖਿਆ ਪ੍ਰਬੰਧ ਕਰਨ ਅਤੇ ਪੁਲ ਦੀ ਚੌੜਾਈ ਵਧਾਉਣ ਦੀ ਮੰਗ ਕੀਤੀ ਹੈ।
