ਮੈਡੀਕਲ ਕਾਲਜ ਅੰਮ੍ਰਿਤਸਰ ਨੇ ਵਧਾਈ ਕੰਮ ਦੀ ਸਮਰੱਥਾ, ਰੋਜ਼ਾਨਾ ਹੋਵੇਗੀ 400 ਸੈਂਪਲਾਂ ਦੀ ਜਾਂਚ
Monday, Apr 13, 2020 - 11:41 PM (IST)
ਅੰਮ੍ਰਿਤਸਰ,(ਦਲਜੀਤ)- ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰੀ ਮੈਡੀਕਲ ਕਾਲਜ ਨੇ ਵੀ ਕੰਮ ਕਰਨ ਦੀ ਆਪਣੀ ਸਮਰੱਥਾ ਵਧਾ ਦਿੱਤੀ ਹੈ। ਕਾਲਜ ਦੀ ਕੋਰੋਨਾ ਵਾਇਰਸ ਟੈਸਟਿੰਗ ਲੈਬਾਰਟਰੀ 'ਚ ਹੁਣ ਅਗਲੇ ਹਫ਼ਤੇ ਤੋਂ ਤਿੰਨਾਂ ਸ਼ਿਫਟਾਂ 'ਚ ਨਿੱਤ 400 ਸੈਂਪਲਾਂ ਦੀ ਜਾਂਚ ਹੋਵੇਗੀ। ਕਾਲਜ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਰਿਸਰਚ ਸਾਇੰਟਿਸਟ ਸਮੇਤ ਹੋਰ ਮਹੱਤਵਪੂਰਨ ਸਟਾਫ ਰੱਖਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਲੈਬਾਰਟਰੀ 'ਚ ਨਿੱਤ 200 ਤੋਂ 250 ਸੈਂਪਲਿੰਗ ਦੀ ਜਾਂਚ ਸਵੇਰੇ ਅਤੇ ਸ਼ਾਮ ਦੀ ਸ਼ਿਫਟ 'ਚ ਹੋ ਰਹੀ ਸੀ।
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਪ੍ਰਤੀ ਦਿਨ ਵੱਧ ਰਹੇ ਕੇਸਾਂ ਕਾਰਣ ਸਰਕਾਰੀ ਮੈਡੀਕਲ ਕਾਲਜ ਦੀ ਮਾਈਕਰੋ ਬਾਇਓਲਾਜੀ ਵਿਭਾਗ ਦੀ ਲੈਬਾਰਟਰੀ 'ਚ ਕੰਮ ਕਾਫ਼ੀ ਵੱਧ ਗਿਆ ਹੈ। ਰਾਜ ਦੇ 10 ਜ਼ਿਲਿਆਂ ਦੇ ਵੀ ਸੈਂਪਲ ਭੇਜੇ ਜਾਣ ਕਾਰਣ ਕੰਮ ਦਾ ਸਟਾਫ 'ਤੇ ਬਹੁਤ ਜ਼ਿਆਦਾ ਬੋਝ ਹੈ। ਫਿਰ ਵੀ ਲੈਬ ਦਾ ਤਜਰਬੇਕਾਰ ਸਟਾਫ ਮਹਾਮਾਰੀ ਦੇ ਕਹਿਰ ਨੂੰ ਖਤਮ ਕਰਨ ਲਈ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਸਥਿਤ ਇੰਫਲੂਏਂਜਾ ਲੈਬ 'ਚ ਪਹਿਲਾਂ ਨਿੱਤ 150 ਸੈਂਪਲ ਪਹੁੰਚ ਰਹੇ ਹਨ ਪਰ ਟੈਸਟਿੰਗ ਸਮਰੱਥਾ 96 ਸੀ। ਅਜਿਹੇ 'ਚ ਬਾਕੀ ਸੈਂਪਲਾਂ ਦੀ ਜਾਂਚ ਅਗਲੇ ਦਿਨ ਹੋ ਪਾ ਰਹੀ ਸੀ। ਕਾਲਜ ਪ੍ਰਸ਼ਾਸਨ ਵੱਲੋਂ ਮਾਮਲਾ ਆਈ. ਸੀ. ਐੱਮ. ਆਰ. (ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ) ਦੇ ਧਿਆਨ 'ਚ ਲਿਆਉਣ ਉਪਰੰਤ ਉਨ੍ਹਾਂ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਦੋ ਆਰ. ਟੀ. ਪੀ. ਸੀ. ਆਰ. ਮਸ਼ੀਨਾਂ ਭੇਜੀਆਂ ਹਨ। ਅੰਮ੍ਰਿਤਸਰ ਮੈਡੀਕਲ ਕਾਲਜ ਸਥਿਤ ਇੰਫਲੂਏਂਜਾ ਲੈਬ 'ਚ ਅਹਿਮਦਾਬਾਦ ਤੋਂ ਆਏ ਇੰਜੀਨੀਅਰਸ ਨੇ ਹੁਣ ਇਹ ਮਸ਼ੀਨ ਇੰਸਟਾਲ ਕਰ ਦਿੱਤੀ ਹੈ। ਹੁਣ ਸਵੇਰੇ ਅਤੇ ਸ਼ਾਮ ਦੀ ਸ਼ਿਫਟ 'ਚ 200 ਤੋਂ 250 ਸੈਂਪਲਾਂ ਦੀ ਜਾਂਚ ਹੋ ਰਹੀ ਹੈ ਪਰ ਕਾਲਜ ਪ੍ਰਸ਼ਾਸਨ ਵੱਲੋਂ ਆਪਣੇ ਕੰਮ ਦੀ ਸਮਰੱਥਾ ਅਤੇ ਵਧਾਉਣ ਲਈ 3 ਸ਼ਿਫਟਾਂ 'ਚ ਟੈਸਟ ਕਰਨ ਦਾ ਫੈਸਲਾ ਕੀਤਾ ਹੈ। ਬਾਬਾ ਫਰੀਦ ਯੂਨੀਵਰਸਿਟੀ ਤਹਿਤ ਲੈਬਾਰਟਰੀ 'ਚ ਕੰਮ ਕਰਨ ਲਈ ਆਊਟਸੋਰਸਿੰਗ ਮਾਧਿਅਮ ਤਹਿਤ ਰਿਸਰਚ ਸਾਇੰਟਿਸਟ ਲੈਬਾਰਟਰੀ ਟੈਕਨੀਸ਼ੀਅਨ ਸਮੇਤ ਹੋਰ ਕਰਮਚਾਰੀਆਂ ਨੂੰ ਰੱਖਣ ਦੀ ਪਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ 'ਚ 3 ਟੈਕਨੀਸ਼ੀਅਨਾਂ ਨੇ ਤਾਂ ਨੌਕਰੀ ਵੀ ਜੁਆਇਨ ਕਰ ਲਈ ਹੈ। ਅਗਲੇ ਹਫ਼ਤੇ ਤੋਂ ਲੈਬਾਰਟਰੀ ਵਿਚ 400 ਸੈਂਪਲ 3 ਸ਼ਿਫਟਾਂ 'ਚ ਨਿੱਤ ਕੀਤੇ ਜਾਣਗੇ। ਇੰਫਲੂਏਂਜਾ ਲੈਬ ਦੇ ਇੰਚਾਰਜ ਡਾ. ਕੇ. ਡੀ. ਸਿੰਘ ਦਾ ਕਹਿਣਾ ਹੈ ਕਿ ਲੈਬਾਰਟਰੀ ਦਾ ਸਾਰਾ ਸਟਾਫ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ।
ਸਮਰੱਥਾ ਵਧਣ ਨਾਲ ਜਾਂਚ 'ਚ ਆਵੇਗੀ ਤੇਜ਼ੀ : ਪ੍ਰਿੰਸੀਪਲ
ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਕਿਹਾ ਕਿ ਲੈਬਸ 'ਚ ਤਿੰਨ ਗੁਣਾ ਜ਼ਿਆਦਾ ਸੈਂਪਲਾਂ ਦੀ ਜਾਂਚ ਹੋਣ ਨਾਲ ਬੋਝ ਘੱਟ ਹੋਵੇਗਾ। ਅੰਮ੍ਰਿਤਸਰ ਲੈਬਸ 'ਚ ਪਹਿਲਾਂ ਇਕ-ਇਕ ਮਸ਼ੀਨ ਸੀ। ਪੰਜਾਬ 'ਚ ਕੋਰੋਨਾ ਦੇ ਮਾਮਲੇ ਵਧਣ ਨਾਲ ਸੈਂਪਲਾਂ ਦਾ ਭਾਰ ਵੀ ਲੈਬਸ 'ਤੇ ਵੱਧ ਗਿਆ ਪਰ ਨਵੀਂ ਮਸ਼ੀਨਰੀ ਅਤੇ ਨਵਾਂ ਸਟਾਫ ਆਉਣ ਨਾਲ ਕੰਮ ਨੂੰ ਹੋਰ ਤਰੱਕੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਟੈਸਟਿੰਗ ਦੀ ਪਰਕਿਰਿਆ 'ਚ ਅਸਾਨੀ ਹੋ ਰਹੀ ਹੈ ਅਤੇ ਤੇਜ਼ੀ ਨਾਲ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੈਬ ਦਾ ਸਟਾਫ ਪੂਰੀ ਤੌਰ 'ਤੇ ਸੁਰੱਖਿਆ ਦਾ ਇਸਤੇਮਾਲ ਕਰਦੇ ਹੋਏ ਆਉਣ ਵਾਲੇ ਸੈਂਪਲਾਂ ਦੀ ਜਾਂਚ ਕਰ ਰਿਹਾ ਹੈ। ਡਾ. ਸੁਜਾਤਾ ਸ਼ਰਮਾ ਨੇ ਦੱਸਿਆ ਕਿ ਬਿਨਾਂ ਛੁੱਟੀ ਕੀਤੇ ਵਿਭਾਗ ਦੀ ਮੁਖੀ ਡਾ. ਲਵੀਨਾ ਅਤੇ ਡਾ. ਕੇ. ਡੀ. ਸਿੰਘ ਦੀ ਅਗਵਾਈ 'ਚ ਸਾਰਾ ਸਟਾਫ ਪ੍ਰਸ਼ੰਸਾ ਯੋਗ ਕੰਮ ਕਰ ਰਿਹਾ ਹੈ। ਮੈਡੀਕਲ ਕਾਲਜ ਪ੍ਰਸ਼ਾਸਨ ਕੋਰੋਨਾ ਦੇ ਰੋਕਥਾਮ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਡਾਕਟਰ ਤੋਂ ਲੈ ਕੇ ਦਰਜਾਚਾਰ ਕਰਮਚਾਰੀ ਤੱਕ ਸਾਰਾ ਸਟਾਫ ਅਨੁਸ਼ਾਸਨ 'ਚ ਰਹਿ ਕੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ।
ਇਨ੍ਹਾਂ ਜ਼ਿਲਿਆਂ 'ਚੋਂ ਆ ਰਹੇ ਕੋਰੋਨਾ ਦੇ ਟੈਸਟ
ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਮੋਗਾ, ਕਪੂਰਥਲਾ, ਫਗਵਾੜਾ, ਨਵਾਂਸ਼ਹਿਰ, ਫਿਰੋਜ਼ਪੁਰ ਅਤੇ ਅੰਮ੍ਰਿਤਸਰ।