50 ਲੱਖ ਦਾ ਇਨਾਮ ਜਿੱਤਣ ਦੀ ਦੌੜ ''ਚ ਸ਼ਾਮਲ ਹੋਇਆ ਮਾਤਾ ਕੌਸ਼ੱਲਿਆ ਹਸਪਤਾਲ

Sunday, Aug 06, 2017 - 07:52 AM (IST)

50 ਲੱਖ ਦਾ ਇਨਾਮ ਜਿੱਤਣ ਦੀ ਦੌੜ ''ਚ ਸ਼ਾਮਲ ਹੋਇਆ ਮਾਤਾ ਕੌਸ਼ੱਲਿਆ ਹਸਪਤਾਲ

ਪਟਿਆਲਾ  (ਪਰਮੀਤ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ 'ਸਵੱਛ ਭਾਰਤ ਅਭਿਆਨ' ਤਹਿਤ ਸਰਕਾਰੀ ਹਸਪਤਾਲਾਂ ਲਈ ਸ਼ੁਰੂ ਕੀਤੀ 'ਕਾਇਆ- ਕਲਪ' ਯੋਜਨਾ ਅਧੀਨ ਅੱਜ ਸਰਕਾਰੀ (ਮਾਤਾ ਕੌਸ਼ੱਲਿਆ) ਹਸਪਤਾਲ ਦੀ 4 ਮੈਂਬਰੀ ਟੀਮ ਵੱਲੋਂ ਚੈਕਿੰਗ ਕੀਤੀ ਗਈ। ਟੀਮ ਵਿਚ ਡੀ. ਐੈੱਮ. ਸੀ. ਸੰਗਰੂਰ ਡਾ. ਪਰਮਿੰਦਰ, ਡਾ. ਸੰਦੀਪ ਸਿੰਘ ਫਤਿਹਗੜ੍ਹ ਸਾਹਿਬ, ਡਾ. ਕਿਸ਼ਨ ਸਿੰਘ ਐੈੱਸ. ਐੈੱਮ. ਓ. ਚਨਾਰਥਲ ਅਤੇ ਮੈਡਮ ਨਮਰਤਾ ਨਾਭਾ ਫਾਊਂਡੇਸ਼ਨ ਤੋਂ ਸ਼ਾਮਲ ਸਨ। ਇਸ ਯੋਜਨਾ ਤਹਿਤ ਇਹ ਪਹਿਲੇ ਰਾਊਂਡ ਦੀ ਚੈਕਿੰਗ ਸੀ। ਪਹਿਲਾ ਰਾਊਂਡ ਕਲੀਅਰ ਹੋਣ ਮਗਰੋਂ ਹਸਪਤਾਲ ਦੂਜੇ ਰਾਊਂਡ ਵਾਸਤੇ ਕੁਆਲੀਫਾਈ ਕਰਦਾ ਹੈ। ਦੂਜੇ ਰਾਊਂਡ ਵਿਚ ਸਫਲ ਰਹਿਣ ਵਾਲੇ ਸਰਕਾਰੀ ਹਸਪਤਾਲ ਨੂੰ ਜੇਤੂ ਐਲਾਨਿਆ ਜਾਂਦਾ ਹੈ। ਇਸ ਯੋਜਨਾ ਤਹਿਤ ਪਹਿਲੇ ਸਥਾਨ 'ਤੇ ਆਉਣ ਵਾਲੇ ਹਸਪਤਾਲ ਨੂੰ 50 ਲੱਖ ਰੁਪਏ, ਦੂਜੇ ਸਥਾਨ ਲਈ 25 ਲੱਖ ਅਤੇ ਤੀਜੇ ਸਥਾਨ ਲਈ 15 ਲੱਖ ਰੁਪਏ ਇਨਾਮੀ ਰਾਸ਼ੀ ਸੰਸਥਾ ਨੂੰ ਮਿਲਦੀ ਹੈ। ਯੋਜਨਾ ਤਹਿਤ ਹਸਪਤਾਲ ਵਿਚ ਸਫਾਈ ਤੋਂ ਇਲਾਵਾ ਇਸ ਦੇ ਬਾਇਓਮੈਡੀਕਲ ਵੇਸਟ ਦੀ ਮੈਨੇਜਮੈਂਟ, ਆਲੇ-ਦੁਆਲੇ ਦੀ ਦਿੱਖ, ਸਟੈਂਡਰਡ ਆਪ੍ਰੇਟਿਵ ਪ੍ਰੋਸੀਜ਼ਰ, ਮਰੀਜ਼ਾਂ ਲਈ ਸਾਈਨ ਬੋਰਡ ਤੇ ਹਸਪਤਾਲ ਵਿਚ ਪਾਰਕਾਂ ਦੀ ਸਥਿਤੀ ਦੇ ਨਾਲ-ਨਾਲ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ।
 ਮੈਡੀਕਲ ਸੁਪਰਿੰਟੈਂਡੈਂਟ ਡਾ. ਅੰਜੂ ਗੁਪਤਾ ਨੇ ਦੱਸਿਆ ਕਿ ਟੀਮ ਨੇ ਵਾਰਡਾਂ ਤੇ ਹਸਪਤਾਲ ਦੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਕਾਇਆ-ਕਲਪ ਯੋਜਨਾ ਤਹਿਤ ਆਉਣ ਵਾਲੇ ਨਤੀਜਿਆਂ ਵਿਚ ਦੋ ਜ਼ਿਲਾ ਹਸਪਤਾਲ ਤੇ ਮੈਡੀਕਲ ਕਾਲਜ ਦੀ ਚੋਣ ਕੀਤੀ ਜਾਵੇਗੀ। ਪਹਿਲੇ ਹਸਪਤਾਲ ਨੂੰ 50 ਲੱਖ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੂਬਾ ਪੱਧਰ 'ਤੇ ਦੋ ਸਿਹਤ ਕੇਂਦਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਨੂੰ 15 ਤੇ 10 ਲੱਖ ਰੁਪਏ ਰਾਸ਼ੀ ਦਿੱਤੀ ਜਾਵੇਗੀ। ਇਸ ਤਰ੍ਹਾਂ ਸਾਫ-ਸਫਾਈ ਦੇ ਨਾਲ 24 ਘੰਟੇ ਵਧੀਆ ਸੇਵਾਵਾਂ ਦੇਣ ਵਾਲੇ ਕੇਂਦਰਾਂ ਨੂੰ 2 ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਪਿਛਲੇ ਸਾਲ ਵੀ ਪਹਿਲਾ ਰਾਊਂਡ ਕੀਤਾ ਸੀ ਕਲੀਅਰ
ਸਰਕਾਰੀ (ਮਾਤਾ ਕੌਸ਼ੱਲਿਆ) ਹਸਪਤਾਲ ਨੇ ਸਾਲਾਨਾ ਆਧਾਰ 'ਤੇ ਇਸ ਐਵਾਰਡ ਵਾਸਤੇ ਪਿਛਲੇ ਸਾਲ ਵੀ ਪਹਿਲਾ ਰਾਊਂਡ ਕਲੀਅਰ ਕੀਤਾ ਸੀ। ਇਸ ਵਾਰ ਇਸ ਦੇ ਦੂਸਰਾ ਰਾਊਂਡ ਕਲੀਅਰ ਕਰਨ ਦੇ ਆਸਾਰ ਹਨ। 50 ਲੱਖ ਦੀ ਇਨਾਮੀ ਰਾਸ਼ੀ ਤੱਕ ਇਹ ਪਹੁੰਚਦਾ ਹੈ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ।


Related News