ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ

Monday, Jul 27, 2020 - 11:17 PM (IST)

ਜਲੰਧਰ (ਵਰਿਆਣਾ)— ਇਕ ਪਾਸੇ ਸ਼ਹੀਦਾਂ ਨੂੰ ਦੇਸ਼ ਦੇ ਅਸਲ ਹੀਰੋ ਕਿਹਾ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰਾਂ ਦਾ ਹਰ ਪ੍ਰਸ਼ਾਸਨ, ਸਮੇਂ ਦੀਆਂ ਸਰਕਾਰਾਂ ਦੇ ਨਾਲ-ਨਾਲ ਦੇਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਹਰ ਪੱਖੋ ਮਾਨ-ਸਨਮਾਨ ਅਤੇ ਖਿਆਲ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਪਿੰਡ ਵਰਿਆਣਾ ਵਿਖੇ ਇਕ ਦੇਸ਼ ਦੇ ਸ਼ਹੀਦ ਫ਼ੌਜੀ ਦੀ ਪਤਨੀ ਢੇਰਾਂ ਤੋਂ ਰੋਜ਼ਾਨਾ ਕਬਾੜ ਇਕੱਠਾ ਕਰਕੇ ਉਸ ਨੂੰ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਚਲਾ ਰਹੀ ਹੈ।

ਕਰਜ਼ੇ ਦੇ ਬੋਝ ਹੇਠ ਦੱਬੀ ਇਸ ਸ਼ਹੀਦ ਦੀ ਪਤਨੀ ਦੇ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਉਸ ਨੇ ਲੋਕਾਂ ਤੋਂ ਲਏ ਕਰਜ਼ੇ ਨੂੰ ਉਤਾਰਨ ਲਈ ਆਪਣਾ ਜੱਦੀ ਘਰ ਤਕ ਵੇਚ ਦਿਤਾ ਪਰ ਫਿਰ ਵੀ ਪੂਰੀ ਤਰ੍ਹਾਂ ਕਰਜ਼ਾ ਨਹੀਂ ਉਤਰਿਆ। ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਪਿੰਡ ਵਰਿਆਣਾ ਵਿਖੇ ਸ਼ਹੀਦ ਦੀ ਪਤਨੀ ਨਰਿੰਦਰ ਕੌਰ (50) ਨਾਲ ਇਸ ਸਬੰਧੀ ਪੁੱਛਗਿੱਛ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਦਾ ਪਤੀ ਭਾਰਤੀ ਫ਼ੌਜ 'ਚ 14 ਸਿੱਖ ਰੈਜ਼ੀਮੈਂਟ 'ਚ ਸੀ, ਉਹ ਹਮੇਸ਼ਾਂ ਦੇਸ਼ ਸੇਵਾ ਦੀਆਂ ਗਲਾਂ ਕਰਦੇ ਸਨ ਅਤੇ 11-07-1998 ਨੂੰ ਫ਼ੌਜ ਦੇ ਇਕ ਮਿਸ਼ਨ ਦੌਰਾਨ ਦੇਸ਼ ਲਈ ਸ਼ਹੀਦ ਹੋ ਗਏ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਦੇਸ਼ ਦੀ ਫ਼ੌਜ ਨੇ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ, ਫ਼ੌਜ ਵੱਲੋਂ ਉਸ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜੋ ਇਕ ਸ਼ਹੀਦ ਦੀ ਪਤਨੀ ਨੂੰ ਮਿਲਦੀਆ ਹਨ।

PunjabKesari

ਘਰ ਵੇਚ ਕੇ ਵੀ ਨਹੀਂ ਉਤਰ ਸਕਿਆ ਕਰਜ਼ਾ
ਅੱਗੇ ਦਾਸਤਾਨ ਸੁਣਾਉਂਦੇ ਹੋਇਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਘਰ ਲਈ ਜਗ੍ਹਾ ਘੱਟ ਹੋਣ ਕਰਕੇ ਦੋ ਪਲਾਟ ਖਰੀਦੇ, ਜਿਸ ਲਈ ਵਿਆਜ਼ 'ਤੇ ਪੈਸੇ ਲਏ ਪਰ ਉਹ ਕਰਜ਼ਾ ਉਤਰਨਾ ਤਾਂ ਕਿ ਸਾਡੇ ਕੋਲੋਂ ਵਿਆਜ ਦੇਣਾ ਵੀ ਮੁਸ਼ਕਲ ਹੋ ਗਿਆ, ਜਿਸ ਕਰ ਕੇ ਹੌਲੀ ਹੌਲੀ ਮਜਬੂਰੀ ਕਾਰਨ ਅਸੀਂ ਉਹ ਵੇਚ ਦਿਤੇ ਪਰ ਕਰਜ਼ਾ ਨਾ ਉਤਰਿਆ ਸਗੋਂ ਲਏ ਕਰਜ਼ੇ 'ਤੇ ਵਿਆਜ 'ਤੇ ਵਿਆਜ ਪੈਂਦਾ ਰਿਹਾ। ਕੁਝ ਕਰਜ਼ਾ ਅਸੀਂ ਘਰ ਦੇ ਹਾਲਾਤ ਕਾਰਨ ਵੀ ਲਿਆ, ਜਿਸ ਕਾਰਨ ਹਾਲਾਤ ਹੋਰ ਮਾੜੇ ਹੋ ਗਏ। ਲਏ ਕਰਜ਼ੇ 'ਤੇ ਕਰੀਬ 5 ਲੱਖ ਰੁਪਏ ਅਸੀਂ ਵਿਆਜ ਦੇ ਚੁਕੇ ਹਾਂ। ਉਨ੍ਹਾਂ ਦੱਸਿਆ ਕਿ ਕਿਉਂਕਿ ਕਰਜ਼ਾ ਦੇਣ ਵਾਲੇ ਰਕਮ ਲਈ ਤੰਗ-ਪਰੇਸ਼ਾਨ ਕਰਨ ਲੱਗੇ ਸਨ ਇਸ ਲਈ ਮਜਬੂਰੀ ਕਾਰਨ ਅਸੀਂ ਆਪਣਾ ਜ਼ੱਦੀ ਘਰ ਵੀ ਵੇਚ ਦਿਤਾ ਤਾਂ ਜੋ ਕਰਜ਼ਾ ਉਤਾਰਿਆ ਜਾ ਸਕੇ ਪਰ ਘਰ ਵੇਚ ਕੇ ਵੀ ਕਰਜ਼ਾ ਨਹੀਂ ਉਤਰਿਆ। ਦੋ ਸਮੇਂ ਦੀ ਰੋਟੀ ਦੇ ਜਦੋਂ ਲਾਲੇ ਪੈ ਗਏ ਤਾਂ ਉਸ ਨੇ ਦਿਹਾੜੇ ਦੇ ਨਾਲ-ਨਾਲ ਸਵੇਰੇ 4 ਵਜੇ ਉਠ ਕੇ ਰੋਜ਼ਾਨਾ ਇਲਾਕੇ ਦੇ ਢੇਰਾਂ ਤੋਂ ਕਬਾੜ ਚੁਕ ਕੇ ਉਸ ਨੂੰ ਵੇਚ ਗੁਜਾਰਾ ਕਰਨਾ ਸ਼ੁਰੂ ਕਰ ਦਿਤਾ, ਜਿਹੜੀ ਪੈਨਸ਼ਨ ਸਰਕਾਰ ਵੱਲੋਂ ਮਿਲਦੀ ਉਸ ਨਾਲ ਤਾਂ ਵਿਆਜ ਵੀ ਮਹੀਨੇ ਦਾ ਨਹੀਂ ਉਤਰ ਰਿਹਾ। ਉਸ ਨੇ ਦੱਸਿਆ ਕਿ ਉਸ ਦੇ ਦੋ ਬੇਟੇ, ਜੋ ਵਿਆਹੇ ਹੋਏ ਹਨ, ਵੀ ਦਿਹਾੜੀਦਾਰ ਹਨ, ਜਿਨ੍ਹਾਂ ਲਈ ਕਰਜ਼ਾ ਉਤਾਰਨਾ ਤਾਂ ਕਿ ਪਰਿਵਾਰ ਦਾ ਗੁਜਾਰਾ ਕਰਨਾ ਵੀ ਮੁਸ਼ਕਲ ਹੈ, ਇਕ ਬੇਟਾ ਬਾਹਰ ਗਿਆ ਹੈ, ਜੋ ਜਦੋਂ ਦਾ ਗਿਆ ਉਦੋਂ ਤੋਂ ਹੀ ਉਥੇ ਵਿਹਲਾ ਹੈ।

ਕੋਰੋਨਾ ਕਰਕੇ ਉਹ ਇਥੇ ਵੀ ਨਹੀਂ ਆ ਸਕਦਾ। ਉਸ ਦਾ ਕਹਿਣਾ ਸੀ ਕਿ ਘਰ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਕਰਜ਼ਾ ਲਿਆ ਸੀ ਪਰ ਸਾਨੂੰ ਕਿ ਪਤਾ ਸੀ ਇਹ ਕਰਜ਼ਾ ਸਾਡੇ ਲਈ ਸਰਾਪ ਬਣ ਜਾਵੇਗਾ। ਉਸ ਨੇ ਕਿਹਾ ਕਿ ਨਾ ਕਰਜ਼ਾ ਉਤਰ ਰਿਹਾ ਅਤੇ ਨਾ ਹੀ ਵਿਆਜ, ਹੁਣ ਤਾਂ ਡਰ ਲਗਦੈ ਕਿਧਰੇ ਇਸ ਫਿਕਰਾਂ ਨਾਲ ਜਾਨ ਹੀ ਨਾ ਨਿਕਲ ਜਾਵੇ। ਉਸ ਦਾ ਕਹਿਣਾ ਸੀ ਸਰੀਰਕ ਹਾਲਤ ਬੇਹਦ ਖਰਾਬ ਹੈ, ਇਸ ਲਈ ਉਹ ਕਬਾੜ ਇਕੱਠਾ ਕਰਕੇ ਉਸ ਨੂੰ ਵੇਚ ਕੇ ਗੁਜ਼ਾਰਾ ਕਰਦੀ ਹੈ। ਕਈ ਵਾਰ ਤਾਂ ਰੋਟੀ ਲਈ ਵੀ ਪੈਸੇ ਨਹੀਂ ਹੁੰਦੇ। ਕਾਰਨ ਬੇਸ਼ਕ ਕੁਝ ਵੀ ਹੋਣ ਪਰ ਦੇਸ਼ ਲਈ ਸ਼ਹੀਦ ਹੋਣ ਵਾਲੇ ਹਰ ਪਰਿਵਾਰ ਦੀ ਸ਼ਹਾਇਤਾ ਲਈ ਸਾਨੂੰ ਸਭ ਨੂੰ ਅਗੇ ਆਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ, ਕਰਜ਼ਾ ਤਾਂ ਉਤਰ ਜਾਵੇਗਾ ਪਰ ਜੇਕਰ ਅਸੀਂ ਇਸ ਦੁਖ ਦੀ ਘੜੀ ਵਿਚ ਸ਼ਹੀਦ ਦੇ ਪਰਿਵਾਰ ਦਾ ਸਾਥ ਨਾ ਦਿਤਾ ਤਾਂ ਫਿਰ ਸਾਨੂੰ ਦੇਸ਼ ਦੇ ਇਕ ਚੰਗੇ ਨਾਗਰਿਕ ਕਹਾਉਣ ਦਾ ਵੀ ਕੋਈ ਹੱਕ ਨਹੀਂ।


shivani attri

Content Editor

Related News