ਵਿਆਹ ਤੋਂ ਇਕ ਸਾਲ ਬਾਅਦ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Tuesday, Apr 25, 2023 - 11:35 AM (IST)

ਵਿਆਹ ਤੋਂ ਇਕ ਸਾਲ ਬਾਅਦ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਸਥਿਤ ਸੁਭਾਸ਼ ਨਗਰ 'ਚ ਨਵ ਵਿਆਹੁਤਾ ਨੇ ਸ਼ੱਕੀ ਹਾਲਾਤ 'ਚ ਫ਼ਾਹਾ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਮਨੀਮਾਜਰਾ ਸਿਵਲ ਹਸਤਪਾਲ 'ਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਵਿਭੂਤੀ ਵਜੋਂ ਹੋਈ। ਉੱਥੇ ਹੀ ਪਰਿਵਾਰ ਨੇ ਮ੍ਰਿਤਕਾ ਦੇ ਪਤੀ ਸੁਮਿਤ, ਸਹੁਰਾ ਸੁਮਿਤ ਸ਼ਰਮਾ ਅਤੇ ਸੱਸ ਨੀਲਮ ਸ਼ਰਮਾ ’ਤੇ ਦੋਸ਼ ਲਗਾਏ ਹਨ।

ਆਈ. ਟੀ. ਪਾਰਕ ਥਾਣਾ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਹੀ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਨਿਵਾਸੀ ਸਰਲ ਸ਼ਰਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਧੀ ਵਿਭੂਤੀ ਦਾ ਵਿਆਹ ਅਪ੍ਰੈਲ, 2022 ਵਿਚ ਮਨੀਮਾਜਰਾ ਦੇ ਸੁਭਾਸ਼ ਨਗਰ ਨਿਵਾਸੀ ਸੁਮਿਤ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਧੀ ਨੂੰ ਦਾਜ ਦੀ ਮੰਗ ਅਤੇ ਛੋਟੀ-ਛੋਟੀ ਗੱਲ ਨੂੰ ਲੈ ਕੇ ਪਤੀ ਸੁਮਿਤ, ਸਹੁਰਾ ਸੁਮਿਤ ਸ਼ਰਮਾ ਅਤੇ ਸੱਸ ਨੀਲਮ ਸ਼ਰਮਾ ਤੰਗ ਕਰਨ ਲੱਗੇ। ਜਿਸ ਕਾਰਨ ਧੀ ਕਾਫ਼ੀ ਪਰੇਸ਼ਾਨ ਰਹਿਣ ਲੱਗੀ ਸੀ। ਐਤਵਾਰ ਰਾਤ ਫ਼ੋਨ ਆਇਆ ਕਿ ਵਿਭੂਤੀ ਨੇ ਫ਼ਾਹਾ ਲੈ ਲਿਆ ਹੈ ਅਤੇ ਉਹ ਮਰ ਗਈ।

ਇਸ ਤੋਂ ਬਾਅਦ ਫ਼ੋਨ ਆਇਆ ਕਿ ਉਹ ਜਿਊਂਦੀ ਹੈ। ਉਹ ਚੰਡੀਗੜ੍ਹ ਪੁੱਜੇ ਤਾਂ ਪਤਾ ਲੱਗਿਆ ਕਿ ਧੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਰਲ ਸ਼ਰਮਾ ਨੇ ਦੋਸ਼ ਲਗਾਇਆ ਕਿ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਧੀ ਨੂੰ ਉਕਤ ਤਿੰਨਾਂ ਨੇ ਫ਼ਾਹੇ ਤੋਂ ਉਤਾਰ ਲਿਆ ਸੀ। ਉਨ੍ਹਾਂ ਕਿਹਾ ਕਿ ਤਿੰਨਾਂ ਨੇ ਉਸ ਦੀ ਧੀ ਦਾ ਕਤਲ ਕੀਤਾ ਹੈ। ਉਧਰ, ਆਈ. ਟੀ. ਪਾਰਕ ਥਾਣਾ ਪੁਲਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਔਰਤ ਦੀ ਮੌਤ ਫ਼ਾਹਾ ਲੈਣ ਨਾਲ ਹੋਈ ਹੈ। ਪੁਲਸ ਛੇਤੀ ਹੀ ਪਤੀ ਸਮੇਤ ਪਰਿਵਾਰ ’ਤੇ ਮਾਮਲਾ ਦਰਜ ਕਰੇਗੀ।


author

Babita

Content Editor

Related News