ਤਾਂਤਰਿਕ ਬਣ ਕੇ ਕਰਵਾਇਆ ਵਿਆਹ, ਸ਼ਗਨ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ
Thursday, Apr 05, 2018 - 02:26 PM (IST)

ਜਲੰਧਰ (ਮ੍ਰਿਦੁਲ)— ਠੱਗੀ ਦੇ ਲੋਕਾਂ ਨੇ ਨਵੇਂ ਨਵੇਂ ਢੰਗ ਇਜ਼ਾਦ ਕਰਕੇ ਲੋਕਾਂ ਨੂੰ ਠੱਗਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਅਜਿਹਾ ਹੀ ਇਕ ਮਾਮਲਾ ਥਾਣਾ-7 'ਚ ਆਈ ਸ਼ਿਕਾਇਤ 'ਚ ਸਾਹਮਣੇ ਆਇਆ ਹੈ, ਜਿਸ 'ਚ ਇਕ ਤਾਂਤਰਿਕ ਨੇ ਨਿਗਮ ਦੇ ਮਾਲੀ ਦੀ ਧੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਨੂੰ ਧੋਖਾ ਦੇ ਕੇ ਸ਼ਗਨ ਦੇ ਗਹਿਣਿਆਂ ਸਮੇਤ ਨਕਦੀ ਲੈ ਕੇ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਲੜਕੀ ਦੇ ਪਰਿਵਾਰ ਦਾ ਭਰੋਸਾ ਜਿੱਤਣ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਦਾ ਸਾਰਾ ਪਰਿਵਾਰ ਇੰਗਲੈਂਡ 'ਚ ਰਹਿੰਦਾ ਹੈ। ਪਹਿਲਾਂ ਉਹ ਵਿਆਹ ਕਰ ਲਵੇ, ਬਾਅਦ 'ਚ ਉਹ ਆਪਣੇ ਪਰਿਵਾਰ ਨਾਲ ਮਿਲਵਾ ਦੇਵੇਗਾ।
ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਲੜਕੀ ਦੇ ਪਰਿਵਾਰ ਨੇ ਵਿਆਹ ਤੋਂ ਬਾਅਦ ਜਵਾਈ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਦਾ ਦਬਾਅ ਪਾਇਆ, ਜਿਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲਗਾ ਕਿ ਉਕਤ ਨੌਜਵਾਨ ਨੂੰ ਘਰ ਵਾਲਿਆਂ ਨੇ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਹੈ ਕਿਉਂਕਿ ਪਹਿਲਾਂ ਵੀ ਲੋਕਾਂ ਤੋਂ ਉਹ ਇਸ ਤਰ੍ਹਾਂ ਪੈਸੇ ਠੱਗ ਚੁੱਕਾ ਹੈ। ਮਾਮਲੇ ਸਬੰਧੀ ਥਾਣਾ 7 ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ?
ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਗੁਰਪਾਲ ਸਿੰਘ ਨੂੰ ਤਕਰੀਬਨ 4 ਸਾਲ ਪਹਿਲਾਂ ਮਿਲਿਆ ਸੀ। ਉਹ ਵੀ ਉਦੋਂ ਜਦੋਂ ਉਹ ਬੀਮਾਰ ਸਨ ਤਾਂ ਉਨ੍ਹਾਂ ਨੂੰ ਕਿਸੇ ਦੇ ਮਾਰਫਤ ਇਲਾਜ ਲਈ ਉਨ੍ਹਾਂ ਦੀ ਪਹਿਲੀ ਮੁਲਾਕਾਤ ਗੁਰਪਾਲ ਸਿੰਘ ਨਾਲ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਚੰਗੀ ਜਾਣ-ਪਛਾਣ ਹੋਣ ਲੱਗੀ। ਇਸ ਤੋਂ ਪਹਿਲਾਂ ਚੰਗੇ ਵਰਤਾਅ ਕਾਰਨ ਗੁਰਪਾਲ ਦੇ ਨਾਲ ਸਾਡੇ ਘਰੇਲੂ ਸਬੰਧ ਵੀ ਹੋ ਗਏ। ਜਿਸ ਕਾਰਨ ਸਾਲ 2016 'ਚ ਨਵੰਬਰ ਮਹੀਨੇ ਆਪਣੀ ਲੜਕੀ ਪ੍ਰਿਯਾ ਦਾ ਵਿਆਹ ਦਮੋਰੀਆ ਪੁਲ ਨੇੜੇ ਸ਼ਿਵ ਮੰਦਰ ਵਿਚ ਬਿਨਾਂ ਕਿਸੇ ਰਿਸ਼ਤੇਦਾਰ ਤੋਂ ਕਰਵਾਇਆ। ਉਸ ਸਮੇਂ ਗੁਰਪਾਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ ਪਰ ਉਹ ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਹੀ ਰਹਿੰਦਾ ਹੈ। 4 ਦਿਨ ਉਨ੍ਹਾਂ ਦੇ ਘਰ ਅਤੇ ਬਾਕੀ ਦੇ ਤਿੰਨ ਦਿਨ ਕਹਿੰਦਾ ਸੀ ਕਿ ਉਹ ਆਪਣੇ ਕਿਸੇ ਦੋਸਤ ਦੇ ਘਰ ਰਹਿੰਦਾ ਸੀ। ਦੋਸਤ ਦੇ ਘਰ ਰਹਿਣ ਦਾ ਬਹਾਨਾ ਇਹ ਬਣਾਉਂਦਾ ਸੀ ਕਿ ਉਸ ਦਾ ਇਕ ਗਾਹਕ ਆਇਆ ਹੋਇਆ ਹੈ। ਜਿਸ ਦੇ ਸਿਲਸਿਲੇ 'ਚ ਉਸ ਨੇ ਕੰਮ ਕਾਰਨ ਬਾਹਰ ਜਾਣਾ ਸੀ ਪਰ ਉਨ੍ਹਾਂ ਨੂੰ 6 ਮਹੀਨੇ ਪਹਿਲਾਂ ਪਤਾ ਲੱਗਾ ਕਿ ਉਸ ਦਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿਹਾਤੀ ਪੁਲਸ ਜ਼ਰੀਏ ਉਦੋਂ ਪਤਾ ਲੱਗਾ ਜਦੋਂ ਗੁਰਪਾਲ ਸਿੰਘ ਖਿਲਾਫ ਇਕ ਔਰਤ ਨੇ ਸ਼ਿਕਾਇਤ ਕੀਤੀ। ਇਹ ਔਰਤ ਉਸ ਦੀ ਪਹਿਲੀ ਪਤਨੀ ਸੀ। ਔਰਤ ਨੇ ਦੱਸਿਆ ਕਿ ਗੁਰਪਾਲ ਸਿੰਘ ਦੀ ਉਮਰ 35 ਸਾਲ ਨਹੀਂ ਸਗੋਂ 45 ਸਾਲ ਹੈ। ਉਸ ਨੇ ਲਾਇਸੈਂਸ ਅਤੇ ਆਧਾਰ ਕਾਰਡ ਵੀ ਨਕਲੀ ਬਣਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲਗਾ ਤਾਂ ਉਨ੍ਹਾਂ ਉਸ ਦੇ ਪਰਿਵਾਰ ਨੂੰ ਮਿਲਣ ਲਈ ਕਿਹਾ ਤਾਂ ਉਹ ਉਨ੍ਹਾਂ ਨੂੰ ਬਿਨਾਂ ਦੱਸੇ ਕਿਤੇ ਚਲਾ ਗਿਆ। ਬਾਅਦ 'ਚ ਪਤਾ ਲਗਾ ਕਿ ਉਸ ਨੂੰ ਤਾਂ ਉਸ ਦੇ ਪਿਤਾ ਨੇ ਕਾਫੀ ਸਾਲਾਂ ਤੋਂ ਬੇਦਖਲ ਕੀਤਾ ਹੋਇਆ ਹੈ ਅਤੇ ਤਕਰੀਬਨ ਇਕ ਸਾਲ ਪਹਿਲਾਂ ਗੁਰਪਾਲ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਉਨ੍ਹਾਂ ਨੇ ਪੁਲਸ ਕਮਿਸ਼ਨਰ ਦਫਤਰ ਵਿਚ ਵੀ ਸ਼ਿਕਾਇਤ ਦਿੱਤੀ ਹੈ। ਜਿੱਥੇ 6 ਮਹੀਨੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।