ਵਿਆਹ ਦੇ ਚੱਕਰ ''ਚ ਪਾਕਿ ''ਚ ਫਸੇ, ਕੱਟੀ ਕਈ ਸਾਲ ਜੇਲ

05/01/2019 1:43:14 PM

ਅੰਮ੍ਰਿਤਸਰ—ਪਾਕਿਸਤਾਨ 'ਚ ਵਿਆਹ ਦੇ ਚੱਕਰ 'ਚ ਦੋ ਭਾਰਤੀ ਨਾਗਰਿਕਾਂ ਨੂੰ ਜੇਲ ਦੀ ਹਵਾ ਖਾਣੀ ਪਈ। ਪਾਕਿਸਤਾਨ ਦੀ ਕਰਾਚੀ ਦੀ ਲਾਂਡੀ ਜੇਲ ਤੋਂ ਰਿਹਾਅ ਹੋ ਕੇ ਗੁਜਰਾਤ ਅਤੇ ਬਾਗਪਤ ਦੇ ਕੈਦੀਆਂ ਨੇ ਦੱਸਿਆ ਕਿ ਵਿਆਹ ਲਈ ਪਾਕਿਸਤਾਨ ਗਏ ਪਰ ਸਿਰ 'ਤੇ ਸਿਹਰਾ ਤਾਂ ਬੰਨ੍ਹਿਆ ਨਹੀਂ ਸਗੋਂ ਹੱਥਕੜੀ ਜ਼ਰੂਰ ਲੱਗ ਗਈ। ਸੋਮਵਾਰ ਸ਼ਾਮ ਪਾਕਿਸਤਾਨ ਤੋਂ ਰਿਹਾਅ ਹੋਏ 60 ਭਾਰਤੀ ਕੈਦੀ ਭਾਰਤ ਪਹੁੰਚੇ।

ਅਟਾਰੀ-ਵਾਹਘਾ ਦੇ ਰਸਤੇ ਭਾਰਤ ਪਹੁੰਚੇ ਇਨ੍ਹਾਂ ਕੈਦੀਆਂ 'ਚ ਪੰਜ ਸਵਿਲੀਅਨ ਅਤੇ 55 ਮਛੇਰੇ ਸ਼ਾਮਲ ਹਨ। ਮੰਗਲਵਾਰ ਨੂੰ ਰੈੱਡਕਰਾਸ ਭਵਨ ਅੰਮ੍ਰਿਤਸਰ 'ਚ ਆਪ ਬੀਤੀ ਸੁਣਾਉਂਦੇ ਹੋਏ ਗੁਜਰਾਤ ਦੇ ਰਾਜਕੋਟ ਦੇ ਸਬੇਤ ਨੇ ਦੱਸਿਆ ਕਿ 5 ਸਾਲ ਪਹਿਲਾਂ ਇਕ ਮਹੀਨੇ ਦੇ ਵੀਜ਼ੇ 'ਤੇ ਪਾਕਿਸਤਾਨ ਆਇਆ ਸੀ। ਉਹ ਆਪਣੇ ਮਾਮੂ ਹੁਸੈਨ ਮੁੱਲਾ ਦੀ ਧੀ ਸਨਹਾ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉੱਥੇ ਮੰਗਣੀ ਵੀ ਹੋ ਗਈ ਅਤੇ ਉੱਥੇ ਰਹਿਣ ਦੇ ਚੱਕਰ 'ਚ ਉਸ ਨੇ ਆਪਣਾ ਇੰਡੀਅਨ ਪਾਸਪੋਰਟ ਪਾੜ ਦਿੱਤਾ। ਇਸ ਦੌਰਾਨ ਕਿਸੇ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਅਤੇ ਉਹ ਫੜਿਆ ਗਿਆ। ਤਿੰਨ ਮਹੀਨੇ ਦੀ ਸਜ਼ਾ ਹੋਈ ਅਤੇ ਰਿਹਾਈ ਲਈ ਉਸ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ। ਹੁਣ ਸਨਹਾ ਨੇ ਵਾਅਦਾ ਕੀਤਾ ਹੈ ਕਿ ਉਹ ਭਾਰਤ 'ਚ ਆ ਕੇ ਉਸ ਦੇ ਨਾਲ ਵਿਆਹ ਕਰੇਗੀ।

ਦੂਜੇ ਪਾਸੇ ਬਾਗਪਤ ਦੇ ਵਾਹਿਦ ਖਾਨ (27) ਨੇ ਦੱਸਿਆ ਕਿ ਸਾਲ 2017 ਨੂੰ ਉਹ ਇਕ ਮਹੀਨੇ ਦੇ ਵੀਜ਼ੇ 'ਤੇ ਪਾਕਿਸਤਾਨ 'ਚ ਕਰਾਚੀ ਆਪਣੇ ਚਾਚੇ ਕੋਲ ਗਿਆ ਸੀ। ਉੱਥੇ ਵਿਆਹ ਕਰਨਾ ਚਾਹੁੰਦਾ ਸੀ, ਤਾਂ ਉਸ ਦੇ ਚਾਚੇ ਨੇ 10 ਦਿਨਾਂ ਦਾ ਵੀਜ਼ਾ ਵਧਾ ਦਿੱਤਾ, ਇਸ ਦੌਰਾਨ ਉਸ ਦਾ ਪਾਸਪੋਰਟ ਗੁਆਚ ਗਿਆ। ਜਦੋਂ ਉਸ ਦਾ ਚਾਚਾ ਇਸ ਦੀ ਜਾਣਕਾਰੀ ਦੇਣ ਲਈ ਪੁਲਸ ਕੋਲ ਪਹੁੰਚਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਅਦਾਲਤ ਨੇ 45 ਦਿਨ ਦੀ ਜੇਲ ਅਤੇ 1 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਇਕ ਹੋਰ ਸਵੀਲੀਅਨ ਮੁਸ਼ਰਫ ਅਲੀ (65) ਨੇ ਦੱਸਿਆ ਕਿ ਉਹ ਕਰੀਬ 25 ਸਾਲ ਪਹਿਲਾਂ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ। ਉੱਥੇ ਉਹ ਮਜ਼ਦੂਰੀ ਕਰਨ ਲੱਗਾ। ਲਾਹੌਰ 'ਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਜ਼ਰੀਏ ਉਹ ਆਪਣੇ ਭਰਾ ਨੂੰ ਕੋਲਕਾਤਾ ਤੋਂ ਪੈਸੇ ਵੀ ਭੇਜਦਾ। ਕਰੀਬ 5 ਸਾਲ ਪਹਿਲਾਂ ਪਾਕਿ ਦੀ ਫੌਜ ਨੇ ਉਸ ਨੂੰ ਫੜ੍ਹ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।


Shyna

Content Editor

Related News