ਚੰਡੀਗੜ੍ਹ ’ਚ ਪ੍ਰਾਪਰਟੀ ਖਰੀਦਣ ਦੇ ਚੱਕਰ ’ਚ ਗਵਾਏ 82 ਲੱਖ
Wednesday, Apr 03, 2024 - 03:54 PM (IST)
ਲੁਧਿਆਣਾ (ਰਿਸ਼ੀ) : ਚੰਡੀਗੜ੍ਹ ’ਚ ਪ੍ਰਾਪਰਟੀ ਖਰੀਦਣ ਦੇ ਚੱਕਰ ’ਚ ਇਕ 32 ਸਾਲ ਦੇ ਨੌਜਵਾਨ ਨੇ 82 ਲੱਖ ਰੁਪਏ ਗਵਾ ਲਏ। ਇਸ ਮਾਮਲੇ ’ਚ ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ 2 ਔਰਤਾਂ ਮਨਜੀਤ ਕੌਰ ਅਤੇ ਮਲਿਕਾ ਸਮੇਤ ਸਲੇਮ ਟਾਬਰੀ ਦੇ ਰਹਿਣ ਵਾਲੇ ਅਮਰੀਕ ਸਿੰਘ ਅਤੇ ਜਲੰਧਰ ਦੇ ਰਹਿਣ ਵਾਲੇ ਗੁਰਪਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਰੁਣ ਜੈਨ ਨਿਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ’ਚ ਇਕ ਪ੍ਰਾਪਰਟੀ ਖਰੀਦਣੀ ਸੀ, ਜਿਸ ਕਾਰਨ ਉਸ ਦੇ ਦੋਸਤ ਰਿਸ਼ੀ ਨੇ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਅਮਰੀਕ ਸਿੰਘ ਅਤੇ ਗੁਰਪਾਲ ਸਿੰਘ ਨਾਲ ਮਿਲਵਾਇਆ ਸੀ, ਜਿਨ੍ਹਾਂ ਨੇ ਉਸ ਨੂੰ ਅੱਗੇ ਇਕ ਔਰਤ ਮਨਜੀਤ ਕੌਰ ਅਤੇ ਉਸ ਦੀ ਸਾਥਣ ਦੇ ਨਾਲ ਮਿਲਾਇਆ, ਜਿਸ ਸਬੰਧੀ ਦੱਸਿਆ ਕਿ ਉਕਤ ਮੁਲਜ਼ਮ ਔਰਤਾਂ ਵੱਲੋਂ ਚੰਡੀਗੜ੍ਹ ’ਚ ਪ੍ਰਾਪਰਟੀ ਦਾ ਕਾਰੋਬਾਰ ਕੀਤਾ ਜਾਂਦਾ ਹੈ।
ਬੀਤੀ 26 ਫਰਵਰੀ 2024 ਨੂੰ ਉਕਤ ਮੁਲਜ਼ਮਾਂ ਨੇ 250 ਗਜ਼ ਦੀ ਕੋਠੀ ਸੈਕਟਰ-38 ’ਚ ਦਿਖਾਈ। ਕੋਠੀ ਪਸੰਦ ਆਉਣ ’ਤੇ 82 ਲੱਖ ਰੁਪਏ ’ਚ ਸੌਦਾ ਹੋ ਗਿਆ, ਜਿਸ ਤੋਂ ਬਾਅਦ 2 ਲੱਖ ਰੁਪਏ ਮੌਕੇ ’ਤੇ ਹੀ ਦੇ ਦਿੱਤੇ। ਫਿਰ ਸਮੇਂ-ਸਮੇਂ ’ਤੇ ਨਕਦ ਅਤੇ ਬੈਂਕ ਖਾਤਿਆਂ ’ਚ 58 ਲੱਖ ਰੁਪਏ ਉਕਤ ਮੁਲਜ਼ਮਾਂ ਨੂੰ ਦਿੱਤੇ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਪ੍ਰਾਪਰਟੀ ਦਿਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਆਪਣੇ ਪੱਧਰ ’ਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਪ੍ਰਾਪਰਟੀ ਹਾਊਸਿੰਗ ਬੋਰਡ ਵੱਲੋਂ ਪਹਿਲਾਂ ਹੀ ਕਿਸੇ ਨੂੰ ਵੇਚੀ ਜਾ ਚੁੱਕੀ ਹੈ। ਮੁਲਜ਼ਮਾਂ ਵੱਲੋਂ ਠੱਗੀ ਕਰਨ ਦੇ ਮਕਸਦ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਧੋਖਾਦੇਹੀ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ।