ਬੈਂਗਲੁਰੂ ਨਾਲ ਸਬੰਧਤ ਗਿਰੋਹ ਨਾਲ ਜੁੜੇ ਹਨ ਜ਼ਿਲੇ ਦੇ ਕਈ ਕਬੂਤਰਬਾਜ਼ਾਂ ਦੇ ਤਾਰ

02/21/2018 5:32:19 AM

ਕਪੂਰਥਲਾ, (ਭੂਸ਼ਣ)- ਥਾਣਾ ਹੁਸ਼ਿਆਰਪੁਰ ਨਾਲ ਸਬੰਧਤ ਕੁਝ ਕਬੂਤਰਬਾਜ਼ਾਂ ਵੱਲੋਂ ਵਿਦੇਸ਼ ਭੇਜਣ ਦੀ ਆੜ ਵਿਚ ਲੱਖਾਂ ਰੁਪਏ ਦੀ ਵਸੂਲੀ ਕਰ ਕੇ ਇਕ ਵਿਅਕਤੀ ਦਾ ਬੈਂਗਲੁਰੂ ਵਿਚ ਕਤਲ ਦਾ ਮਾਮਲਾ ਜਿਥੇ ਪੂਰੇ ਸੂਬੇ ਵਿਚ ਸੁਰੱਖੀਆਂ ਦਾ ਕੇਂਦਰ ਬਣਿਆ ਹੋਇਆ ਹੈ, ਉਥੇ ਹੀ ਭੋਲੇ-ਭਾਲੇ ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਲਿਜਾ ਕੇ ਫਿਰੌਤੀ ਵਸੂਲਣ ਵਾਲੇ ਕਬੂਤਰਬਾਜ਼ ਗਿਰੋਹ ਦੇ ਤਾਰ ਜ਼ਿਲਾ ਕਪੂਰਥਲਾ ਨਾਲ ਵੀ ਜੁੜੇ ਹੋਏ ਹਨ। ਇਸ ਗਿਰੋਹ ਦਾ ਸ਼ਿਕਾਰ ਜ਼ਿਲੇ ਨਾਲ ਸਬੰਧਤ ਕੁਝ ਅਜਿਹੇ ਨੌਜਵਾਨ ਹੋਏ ਹਨ ਜਿਨ੍ਹਾਂ ਤੋਂ ਗਿਰੋਹ ਨੇ ਬੈਂਗਲੁਰੂ ਲੈ ਕੇ ਜਾਣ ਦੌਰਾਨ ਮੋਟੀ ਰਕਮ ਵਸੂਲ ਕੀਤੀ ਸੀ। 
ਜ਼ਿਕਰਯੋਗ ਹੈ ਕਿ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧਤ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਬਦਲੇ 'ਚ ਉਸ ਨੂੰ ਬੈਂਗਲੁਰੂ ਲਿਜਾਣ ਤੋਂ ਬਾਅਦ ਫਿਰੌਤੀ ਰਕਮ ਵਸੂਲਣ ਦੇ ਬਾਵਜੂਦ ਉਸ ਦਾ ਕਤਨ ਕਰਨ ਦੇ ਮਾਮਲੇ 'ਚ ਹੁਸ਼ਿਆਰਪੁਰ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਭੋਲੇ-ਭਾਲੇ ਲੋਕਾਂ ਨੂੰ ਯੂਰਪ ਅਤੇ ਕੈਨੇਡਾ ਭੇਜਣ ਦੇ ਨਾਂ 'ਤੇ ਉਨ੍ਹਾਂ ਉਪਰ ਤਸ਼ੱਦਦ ਕਰਦਾ ਸੀ ਅਤੇ ਕਈ ਵਾਰ ਫਿਰੌਤੀ ਨਾ ਮਿਲਣ 'ਤੇ ਨੌਜਵਾਨਾਂ ਦਾ ਕਤਲ ਵੀ ਕਰ ਦਿੱਤਾ ਜਾਂਦਾ ਸੀ। ਇਸ ਗਿਰੋਹ ਦੀ ਗ੍ਰਿਫਤਾਰੀ ਜਿਥੇ ਪੰਜਾਬ ਪੁਲਸ ਦੀ ਇਕ ਵੱਡੀ ਕਾਮਯਾਬੀ ਹੈ, ਉਥੇ ਹੀ ਇਸ ਗਿਰੋਹ ਦੇ ਗ੍ਰਿਫਤਾਰ ਮੁਲਜ਼ਮਾਂ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਆਪਣੇ ਤਾਰ ਜੁੜੇ ਹੋਣ ਦਾ ਖੁਲਾਸਾ ਕੀਤਾ ਹੈ।
 ਦੱਸਿਆ ਜਾਂਦਾ ਹੈ ਕਿ ਇਸ ਗਿਰੋਹ ਦੇ ਜ਼ਿਲਾ ਕਪੂਰਥਲਾ ਨਾਲ ਸਬੰਧਤ ਕਈ ਕਬੂਤਰਬਾਜ਼ਾਂ ਨਾਲ ਤਾਰ ਜੁੜੇ ਹੋਏ ਹਨ। ਜੋ ਪਿਛਲੇ ਕੁਝ ਸਾਲਾਂ ਦੌਰਾਨ ਜ਼ਿਲੇ ਨਾਲ ਸਬੰਧਤ ਕੁਝ ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬੈਂਗਲੁਰੂ ਲਿਜਾਣ ਤੋਂ ਬਾਅਦ ਉਨ੍ਹਾਂ 'ਤੇ ਅੱਤਿਆਚਾਰ ਵੀ ਕਰਦੇ ਰਹੇ ਸਨ। ਇਹ ਨੌਜਵਾਨ ਕਿਸੇ ਤਰ੍ਹਾਂ ਭੱਜ ਕੇ ਆਪਣੇ ਘਰਾਂ ਵਿਚ ਪਰਤ ਆਏ ਸਨ। ਇਸ ਸਬੰਧ 'ਚ ਪੁਲਸ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ। ਦੱਸਿਆ ਜਾਂਦਾ ਹੈ ਕਿ ਇਹ ਕਬੂਤਰਬਾਜ਼ ਪਿਛਲੇ ਕੁਝ ਮਹੀਨਿਆਂ ਤੋਂ ਸਰਗਰਮ ਰਹੇ ਹਨ। 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਧੰਦਾ ਕਰਨ ਵਾਲੇ ਕਬੂਤਰਬਾਜ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਖਿਲਾਫ ਆਈ ਕਿਸੇ ਵੀ ਸ਼ਿਕਾਇਤ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।


Related News