ਬੈਂਗਲੁਰੂ ''ਚ 30.92 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ, 5 ਲੋਕ ਗ੍ਰਿਫ਼ਤਾਰ

Monday, Apr 08, 2024 - 04:36 PM (IST)

ਬੈਂਗਲੁਰੂ ''ਚ 30.92 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ, 5 ਲੋਕ ਗ੍ਰਿਫ਼ਤਾਰ

ਬੈਂਗਲੁਰੂ- ਕਰਨਾਟਕ 'ਚ ਬੈਂਗਲੁਰੂ ਪੁਲਸ ਦੀ ਕੇਂਦਰੀ ਅਪਰਾਧ ਸ਼ਾਖਾ (ਸੀ. ਸੀ. ਬੀ.) ਨੇ 30.92 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ ਕਰ ਕੇ ਇਸ ਸਿਲਸਿਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੈਂਗਲੁਰੂ ਪੁਲਸ ਕਮਿਸ਼ਨਰ ਬੀ. ਦਯਾਨੰਦ ਨੇ ਸੋਮਵਾਰ ਨੂੰ ਕਿਹਾ ਕਿ ਨਕਲੀ ਨੋਟਾਂ ਦਾ ਕਾਰੋਬਾਰ ਚਲਾਉਣ ਵਾਲਾ ਗਿਰੋਹ ਵੱਖ-ਵੱਖ ਟਰੱਸਟ ਨੂੰ ਨਿਸ਼ਾਨਾ ਬਣਾਉਂਦਾ ਸੀ। ਉਨ੍ਹਾਂ ਨੂੰ ਵੱਖ-ਵੱਖ ਕੰਪਨੀਆਂ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐਸ. ਆਰ) ਫੰਡ ਤਹਿਤ 40 ਲੱਖ ਰੁਪਏ ਦਾ ਯੋਗਦਾਨ ਦੇਣ 'ਤੇ ਉਨ੍ਹਾਂ ਨੂੰ 1 ਕਰੋੜ ਰੁਪਏ ਦਿਵਾਉਣ ਦਾ ਵਾਅਦਾ ਕਰਦਾ ਸੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਧੋਖਾਧੜੀ ਦਾ ਇਕ ਨਵਾਂ ਤਰੀਕਾ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ ਸੀ। 

ਧੋਖੇਬਾਜ਼ਾਂ ਦੇ ਇਸ ਨੈੱਟਵਰਕ ਨੇ ਕਈ ਟਰੱਸਟਾਂ ਨਾਲ ਸੰਪਰਕ ਕੀਤਾ। ਉਹ ਟਰੱਸਟ ਦੇ ਲੋਕਾਂ ਨੂੰ ਕਹਿੰਦੇ ਸਨ ਕਿ ਜੇਕਰ ਉਹ ਉਨ੍ਹਾਂ ਨੂੰ ਨਕਦੀ ਪ੍ਰਦਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐਸ. ਆਰ) ਫੰਡ ਰਾਹੀਂ ਹੋਰ ਪੈਸਾ ਮਿਲੇਗਾ। ਦਯਾਨੰਦ ਨੇ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਟਰੱਸਟਾਂ ਨੂੰ 100 ਕਰੋੜ ਰੁਪਏ ਦੀ ਨਕਦ ਰਾਸ਼ੀ ਵੀ ਦਿਖਾਈ। ਇਕ ਵਾਰ ਜਦੋਂ ਟਰੱਸਟ ਮੈਂਬਰਾਂ ਨੂੰ ਯਕੀਨ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਰਕਮ ਅਦਾ ਕਰ ਦਿੱਤੀ ਜਾਂਦੀ ਹੈ, ਤਾਂ ਗਿਰੋਹ ਦੇ ਮੈਂਬਰ ਫਰਾਰ ਹੋ ਜਾਂਦੇ ਹਨ। ਪਤਾ ਲੱਗਾ ਹੈ ਕਿ ਉਸ ਨੇ ਇਸ ਤਰ੍ਹਾਂ ਕਈ ਲੋਕਾਂ ਨਾਲ ਠੱਗੀ ਮਾਰੀ ਹੈ।

ਅਧਿਕਾਰੀ ਨੇ ਦੱਸਿਆ ਕਿ ਸੀ. ਸੀ. ਬੀ ਦੀ ਮਹਿਲਾ ਸੁਰੱਖਿਆ ਵਿੰਗ ਨੇ ਜਾਲ ਵਿਛਾ ਕੇ ਇਸ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਗਿਰੋਹ ਕੋਲੋਂ 30.92 ਕਰੋੜ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਜਾ ਚੁੱਕੇ ਹਨ। ਦਯਾਨੰਦ ਨੇ ਕਿਹਾ ਕਿ ਅਸੀਂ ਇਸ ਸਬੰਧ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਨੂੰ ਪਹਿਲਾਂ ਸ਼ਹਿਰ ਦੇ ਵਿਲਸਨ ਗਾਰਡਨ ਵਿਚ ਜੂਏ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਇਕ ਮਾਮਲੇ 'ਚ ਇਕ ਹੋਰ ਮੁਲਜ਼ਮ ਨੂੰ ਮੁੰਬਈ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮੁਲਜ਼ਮ ਮਨੀ ਲਾਂਡਰਿੰਗ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ।


author

Tanu

Content Editor

Related News