ਗਵਰਨਰ ਦੇ ਭਰੋਸੇ ਮਗਰੋਂ ਪਾਕਿਸਤਾਨੀ ਸਿੱਖ ਕੁੜੀ ਪਰਿਵਾਰ ਹਵਾਲੇ ਨਾ ਕੀਤੇ ਜਾਣਾ ਹੈਰਾਨੀਜਨਕ : ਸਿਰਸਾ

09/21/2019 2:38:39 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਲਾਹੌਰ ਦੇ ਗਵਰਨਰ ਵੱਲੋਂ ਭਰੋਸਾ ਦਿਵਾਏ ਜਾਣ ਦੇ ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਸਿੱਖ ਕੁੜੀ ਜਗਜੀਤ ਕੌਰ ਨੂੰ ਪਰਿਵਾਰ ਕੋਲ ਵਾਪਸ ਨਾ ਭੇਜੇ ਜਾਣ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ ਸਿਰਫ ਇਸ ਕੇਸ ਨਾਲ ਹੀ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਅਸਲ ਹਾਲਾਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸਿਰਸਾ ਨੇ ਕਿਹਾ ਕਿ ਵਾਰ-ਵਾਰ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਸੀ ਕਿ ਕੁੜੀ ਜਗਜੀਤ ਕੌਰ ਨੂੰ ਪਰਿਵਾਰ ਹਵਾਲੇ ਨਹੀਂ ਕੀਤਾ ਜਾਵੇਗਾ ਅਤੇ ਉਸ ਨੂੰ ਅਗਵਾ ਕਰ ਕੇ, ਜਬਰੀ ਇਸਲਾਮ ਧਾਰਨ ਕਰਵਾ ਕੇ ਇਕ ਮੁਸਲਿਮ ਨਾਲ ਵਿਆਹ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਖਦਸ਼ੇ ਸਹੀ ਸਾਬਤ ਹੋ ਰਹੇ ਹਨ ਅਤੇ ਲਾਹੌਰ ਦੇ ਗਵਰਨਰ ਦੇ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਦੇ ਭਰੋਸੇ ਦੇ ਬਾਵਜੂਦ ਪਰਿਵਾਰ ਨੂੰ ਨਿਆਂ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਗਵਰਨਰ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਜਗਜੀਤ ਕੌਰ ਪਰਿਵਾਰ ਕੋਲ ਪਰਤ ਆਵੇਗੀ ਪਰ ਉਨ੍ਹਾਂ ਵੱਲੋਂ ਦਿਵਾਏ ਭਰੋਸੇ ਨੂੰ ਬੂਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਦੇ ਭਰੋਸੇ ਝੂਠੇ, ਆਧਾਰਹੀਣ ਤੇ ਸੱਚ ਤੋਂ ਕੋਹਾਂ ਦੂਰ ਸਾਬਤ ਹੋ ਰਹੇ ਹਨ ਅਤੇ ਵਿਅਕਤੀ ਅੰਦਾਜ਼ਾ ਲਾ ਸਕਦਾ ਹੈ ਕਿ ਪੁਲਸ ਜਾਂ ਹੋਰ ਪ੍ਰਸ਼ਾਸਨ ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਭਾਈਚਾਰਿਆਂ ਦੇ ਹੱਕ ਵਿਚ ਕਿਵੇਂ ਕੰਮ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਨਾਬਾਲਗ ਲੜਕੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਨਾਲ ਹੀ 43 ਲੜਕੀਆਂ ਦੀ ਸੂਚੀ ਵੀ ਜਾਰੀ ਕੀਤੀ ਸੀ ਜਿਨ੍ਹਾਂ ਨੂੰ ਅਗਵਾ ਕਰ ਕੇ, ਇਸਲਾਮ ਧਾਰਨ ਕਰਵਾ ਕੇ ਮੁਸਲਿਮ ਵਿਅਕਤੀਆਂ ਨੂੰ ਵਿਆਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਇਸ ਸੂਚੀ 'ਚੋਂ ਇਕ ਵੀ ਮਾਮਲੇ 'ਚ ਕਾਰਵਾਈ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਹੁਣ ਜਗਜੀਤ ਕੌਰ ਦੇ ਘਰ ਨਾ ਪਰਤਣ ਦੀ ਖਬਰ ਵੱਡੇ ਝਟਕੇ ਵਜੋਂ ਆਈ ਹੈ। ਵਿਸ਼ਵ ਭਾਈਚਾਰੇ ਤੋਂ ਹਮਾਇਤ ਮੰਗਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਪਾਕਿਸਤਾਨ 'ਚ 1947 ਵੇਲੇ ਦੀ ਆਬਾਦੀ ਨੁੰ ਮੁੱਖ ਰੱਖ ਕੇ ਉਨ੍ਹਾਂ ਨੇ ਕਈ ਵਾਰ ਹਿੰਦੂ ਤੇ ਸਿੱਖ ਭਾਈਚਾਰੇ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦਾ ਬਚਾਅ ਤਾਂ ਹੀ ਹੋ ਸਕਦਾ ਹੈ, ਉਨ੍ਹਾਂ ਨੂੰ ਨਿਆਂ ਤਾਂ ਹੀ ਮਿਲ ਸਕਦਾ ਹੈ ਜੇਕਰ ਵਿਸ਼ਵ ਆਗੂ ਉਨ੍ਹਾਂ ਦੀ ਹਾਲਤ 'ਤੇ ਚਿੰਤਾ ਜ਼ਾਹਰ ਕਰਨ ਅਤੇ ਉਨ੍ਹਾਂ ਨੂੰ ਨਿਆਂ ਦੇਣ ਲਈ ਪਾਕਿਸਤਾਨ ਸਰਕਾਰ 'ਤੇ ਦਬਾਅ ਪਾਉਣ। ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਅਪੀਲ ਕੀਤੀ ਕਿ ਉਹ ਘੱਟ ਗਿਣਤੀਆਂ ਦੀਆਂ ਧੀਆਂ ਦੇ ਜਬਰੀ ਧਰਮ ਪਰਿਵਰਤਨ ਖਿਲਾਫ ਸਖਤ ਕਾਰਵਾਈ ਕਰਨ ਅਤੇ ਜਗਜੀਤ ਕੌਰ ਦੀ ਵਾਪਸੀ ਬਿਨਾਂ ਹੋਰ ਦੇਰੀ ਦੇ ਹੋਣੀ ਯਕੀਨੀ ਬਣਾਉਣ।
 


Anuradha

Content Editor

Related News