ਮਨੀਸ਼ ਤਿਵਾੜੀ ਦੇ ਪਿਤਾ ਖਿਲਾਫ ਗਲਤ ਵੀਡੀਓ ਪਾਉਣ ਵਾਲਾ 14 ਦਿਨਾਂ ਜੁਡੀਸ਼ੀਅਲ ਰਿਮਾਂਡ ''ਤੇ
Saturday, May 04, 2019 - 04:44 PM (IST)
ਰੂਪਨਗਰ (ਸੱਜਨ ਸੈਣੀ) : ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਪਿਤਾ ਖਿਲਾਫ ਗਲਤ ਦੋਸ਼ਾਂ ਦੀ ਝੂਠੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਨਰੇਸ਼ ਕੁਮਾਰ ਪੁੱਤਰ ਹਰਬੰਸ ਲਾਲ ਨੂੰ ਅੱਜ ਪੁਲਸ ਵਲੋਂ ਰੂਪਨਗਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਥੇ ਅਦਾਲਤ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਨਰੇਸ਼ ਕੁਮਾਰ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਰੂਪਨਗਰ ਜੇਲ ਭੇਜ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 17 ਮਈ ਨੂੰ ਤੈਅ ਕੀਤੀ ਹੈ।
ਉਧਰ ਜ਼ਿਲਾ ਪ੍ਰਧਾਨ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਲੀਡਰ ਤੇ ਵਰਕਰ ਨਰੇਸ਼ ਕੁਮਾਰ ਦੇ ਬਚਾਅ ਵਿਚ ਖੜ੍ਹੇ ਹੋ ਗਏ ਹਨ ਅਤੇ ਭਾਜਪਾ ਪ੍ਰਧਾਨ ਦੀ ਗ੍ਰਿਫਤਾਰੀ ਨੂੰ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗਠਜੋੜ ਨੂੰ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦਲ ਦੇ ਵਰਕਰ ਭਾਜਪਾ ਦੇ ਉਪ ਜ਼ਿਲਾ ਪ੍ਰਧਾਨ ਦੇ ਬਚਾਅ ਲਈ ਭਾਜਪਾ ਦੇ ਪ੍ਰਦਰਸ਼ਨ ਵਿਚ ਸ਼ਾਮਲ ਤੱਕ ਨਹੀਂ ਹੋਏ।