ਆੜਤੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਚ ਪਰਿਵਾਰ ਨੇ ਲਾਇਆ ਬਿਆਸ ਪੁਲ 'ਤੇ ਜਾਮ
Thursday, Dec 05, 2019 - 01:42 PM (IST)

ਟਾਂਡਾ ਉੜਮੁੜ (ਮੋਮੀ, ਵਰਿੰਦਰ ਪੰਡਿਤ)— ਕਸਬਾ ਘੁਮਾਣ ਨਾਲ ਸਬੰਧਤ ਇਕ ਆੜਤੀ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਆੜਤੀਆਂ ਦੀ ਜਥੇਬੰਦੀ ਨੇ ਬਿਆਸ ਦਰਿਆ ਪੁਲ ਨੇੜੇ ਮੁਲਜ਼ਮਾਂ ਦੀ ਮੰਗ ਨੂੰ ਲੈ ਕੇ ਜਾਮ ਲਗਾ ਦਿੱਤਾ। 28 ਨਵੰਬਰ ਨੂੰ ਸਵੇਰੇ ਬਿਆਸ ਦਰਿਆ ਪੁਲ ਤੋਂ ਆੜਤੀ ਦਰਿਆ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਆੜਤੀ ਦੀ ਮੌਤ ਦਾ ਕਾਰਨ ਉਸ ਨੂੰ ਫੂਡ ਸਪਲਾਈ ਮਹਿਕਮੇ ਦੇ ਏ. ਐੱਫ. ਐੱਸ. ਓ, ਪਨਗ੍ਰੇਨ ਦੇ ਇੰਸਪੈਕਟਰ ਅਤੇ ਇਕ ਸਥਾਨਕ ਵਾਸੀ ਵੱਲੋਂ ਮਿਲੀ ਪ੍ਰੇਸ਼ਾਨੀ ਬਣਿਆ ਸੀ। ਮ੍ਰਿਤਕ ਆੜਤੀ ਦੀ ਪਛਾਣ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਘੁਮਾਣ(ਗੁਰਦਾਸਪੁਰ) ਦੇ ਰੂਪ 'ਚ ਹੋਈ ਸੀ।
ਟਾਂਡਾ ਪੁਲਸ ਨੇ ਮ੍ਰਿਤਕ ਦੇ ਭਤੀਜੇ ਅਵਨੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਏ. ਐੱਫ. ਐੱਸ. ਓ. ਜਸਵਿੰਦਰ ਸਿੰਘ, ਪਨਗਰੇਨ ਖਰੀਦ ਏਜੰਸੀ ਦੇ ਇੰਸਪੈਕਟਰ ਸੰਦੀਪ ਕੁਮਾਰ ਅਤੇ ਸਥਾਨਕ ਪੰਪ ਮਾਲਕ ਸਾਹਿਬ ਸਿੰਘ ਪੁੱਤਰ ਚੈਂਚਲ ਸਿੰਘ ਨਿਵਾਸੀ ਮੰਡ ਖਿਲਾਫ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਅਵਨੀਤ ਮੁਤਾਬਕ ਉਨ੍ਹਾਂ ਕੋਲੋਂ ਖਰੀਦੀ ਫਸਲ ਦੀ ਲੋਡਿੰਗ ਅਤੇ ਅਦਾਇਗੀ ਲਈ ਲੱਖਾਂ ਰੁਪਏ ਦਾ ਕਮਿਸ਼ਨ ਮੰਗ ਕੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਉਨ੍ਹਾਂ ਕਾਰਨ ਉਸ ਨੂੰ ਘਾਟਾ ਪੈਣ ਕਾਰਨ ਉਹ 50 ਲੱਖ ਰੁਪਏ ਦਾ ਕਰਜ਼ਾਈ ਹੋ ਗਿਆ ਸੀ।
ਬਿਆਸ ਦਰਿਆ ਪੁਲ 'ਤੇ ਇਕੱਠੇ ਹੋ ਕੇ ਆੜਤੀ ਦੇ ਪਰਿਵਾਰਕ ਮੈਂਬਰਾਂ ਅਤੇ ਆੜਤੀ ਯੂਨੀਅਨ ਦੇ ਮੈਂਬਰਾਂ ਨੇ ਮੁਲਜ਼ਮਾਂ ਦੇ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਦੀ ਸੂਰਤ 'ਚ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਜਾਮ ਲਾ ਦਿੱਤਾ। ਸਾਬਕਾ ਮੰਤਰੀ ਬਲਬੀਰ ਸਿੰਘ ਬਾਠ, ਗੁਰਪ੍ਰਤਾਪ ਸਿੰਘ, ਪ੍ਰਧਾਨ ਸੁਧੀਰ ਸੂਦ ਹੁਸ਼ਿਆਰਪੁਰ ਕੁਲਵੰਤ ਸਿੰਘ ਚੀਮਾ ਘੁਮਾਣ ਅਤੇ ਵੱਖ-ਵੱਖ ਸ਼ਹਿਰਾਂ ਦੀਆਂ ਆੜ੍ਹਤੀ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਧਰਨੇ 'ਚ ਮੌਜੂਦ ਹਨ।