ਕਤਲ ਕਰਕੇ ਜੰਗਲ ''ਚ ਸੁੱਟੀ ਸੀ ਵਿਅਕਤੀ ਦੀ ਲਾਸ਼, ਪੁਲਸ ਨੇ ਗੁੱਥੀ ਸੁਲਝਾ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Thursday, May 11, 2023 - 04:01 PM (IST)

ਕਤਲ ਕਰਕੇ ਜੰਗਲ ''ਚ ਸੁੱਟੀ ਸੀ ਵਿਅਕਤੀ ਦੀ ਲਾਸ਼, ਪੁਲਸ ਨੇ ਗੁੱਥੀ ਸੁਲਝਾ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ (ਘੁੰਮਣ, ਰਾਕੇਸ਼)- ਜ਼ਿਲ੍ਹਾ ਪੁਲਸ ਹੁਸ਼ਿਆਰਪੁਰ ਨੇ ਮਾਹਿਲਪੁਰ ਨੇੜੇ ਪਿੰਡ ਭਾਰਤਪੁਰ ਜੋਗੀਆਂ ਦੇ ਜੰਗਲ ਵਿੱਚ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੀਤੇ ਕਤਲ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਨੂੰ ਸੁਲਝਾਅ ਲਿਆ ਹੈ। ਇਸ ਮਾਮਲੇ ਵਿੱਚ ਪੁਲਸ ਵੱਲੋਂ ਕਤਲ ਦੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਘਟਨਾ ਵਿੱਚ ਸ਼ਾਮਲ ਬਲੈਰੋ ਗੱਡੀ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ। ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 13 ਅਪ੍ਰੈਲ 2023 ਨੂੰ ਮਾਹਿਲਪੁਰ ਨੇੜੇ ਪਿੰਡ ਭਾਰਤਪੁਰ ਜੋਗੀਆਂ ਦੇ ਜੰਗਲਾਂ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੇ ਦੋਵੇਂ ਹੱਥਾਂ ਦੇ ਗੁੱਟ ਕੱਟੇ ਹੋਏ ਸਨ। ਇਸ ਸਬੰਧੀ ਥਾਣਾ ਮਾਹਿਲਪੁਰ ਪੁਲਸ ਨੇ ਪਿੰਡ ਦੇ ਸਰਪੰਚ ਦੇ ਬਿਆਨਾਂ ਦੇ ਆਧਾਰ ’ਤੇ 13 ਅਪ੍ਰੈਲ ਨੂੰ ਹੀ ਧਾਰਾ 302, 201, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਇਸ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਐੱਸ.ਪੀ. (ਜਾਂਚ) ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਵਿੱਚ ਡੀ. ਐੱਸ. ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਥਾਣਾ ਸਦਰ ਦੇ ਇੰਚਾਰਜ ਜਸਵੰਤ ਸਿੰਘ ਦੀ ਵਿਸ਼ੇਸ਼ ਟੀਮਾਂ ਗਠਿਤ ਕਰਕੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਅਣਪਛਾਤੀ ਲਾਸ਼ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪੁਲਸ ਵੱਲੋਂ ਤਕਨੀਕੀ, ਖ਼ੁਫ਼ੀਆ ਢੰਗ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਘਟਨਾ ਵਿੱਚ ਸ਼ਾਮਲ ਦੋਵਾਂ ਮੁਲਜ਼ਮਾਂ ਹਰਪਾਲ ਸਿੰਘ ਉਰਫ਼ ਪਾਲਾ ਵਾਸੀ ਗੰਗੋ, ਨਜ਼ਦੀਕ ਟੀਚਰ ਕਲੋਨੀ ਸੋਬਿਤ ਯੂਨੀਵਰਸਿਟੀ, ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਅਤੇ ਕੁੰਦਨ ਸਿੰਘ ਉਰਫ਼ ਮੰਗਲ ਵਾਸੀ ਗੁੜਸ਼ੜਪੁਰ, ਥਾਣਾ ਗੰਗੋ ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਹਾਲ ਹੀ ਵਿੱਚ 9 ਮਈ ਨੂੰ ਪਿੰਡ ਦੁਦਰਾ, ਥਾਣਾ ਗੰਗੋ, ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਤੋਂ ਜੋਗਿੰਦਰ ਸਿੰਘ ਵੱਲੋਂ ਪਛਾਣ ਕੀਤੀ ਗਈ ਸੀ ਕਿ ਮ੍ਰਿਤਕ ਦਾ ਨਾਮ ਅਮਿਤ ਕੁਮਾਰ ਹੈ ਅਤੇ ਉਹ ਉਸ ਦਾ ਪੁੱਤਰ ਹੈ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਜਸਵੰਤ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਨੇਕ ਸਿੰਘ ਦੀ ਅਗਵਾਈ ਵਿੱਚ 12 ਮੈਂਬਰੀ ਟੀਮ ਨੂੰ ਸਹਾਰਨਪੁਰ ਭੇਜਿਆ ਗਿਆ, ਜਿਸ ਦੌਰਾਨ ਪੁਲਸ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਤਲ ਵਿੱਚ ਸ਼ਾਮਲ ਦੋਵਾਂ ਮੁਲਜ਼ਮਾਂ ਹਰਪਾਲ ਸਿੰਘ ਅਤੇ ਕੁੰਦਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: ਆਗਾਮੀ ਨਿਗਮ ਚੋਣਾਂ ’ਚ ‘ਆਪ’ ਦੀਆਂ ਟਿਕਟਾਂ ਦਾ ਆਧਾਰ ਬਣਨਗੇ ਜ਼ਿਮਨੀ ਚੋਣ ਦੇ ਨਤੀਜੇ

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਦੇ ਦੋਵੇਂ ਮੁਲਜ਼ਮ ਹਰਪਾਲ, ਕੁੰਦਨ ਅਤੇ ਮ੍ਰਿਤਕ ਅਮਿਤ ਕੁਮਾਰ ਚੰਗੇ ਦੋਸਤ ਸਨ ਅਤੇ ਇਨ੍ਹਾਂ ਸਾਰਿਆਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ’ਤੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੁਲਜ਼ਮ ਹਰਪਾਲ ਸਿੰਘ ਅਤੇ ਕੁੰਦਨ ਸਿੰਘ ਨੇ ਪੁਲਸ ਦੀ ਪੁੱਛਗਿੱਛ ਵਿੱਚ ਦੱਸਿਆ ਕਿ ਇਕ ਦਿਨ ਉਹ ਅਮਿਤ ਕੁਮਾਰ ਦੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਅਮਿਤ ਨੇ ਦੱਸਿਆ ਕਿ ਮਾਇਆ ਨਾਮ ਦੀ ਇਕ ਔਰਤ ਨੇ ਉਸ ਨੂੰ ਮਾਰਨ ਲਈ 70 ਹਜ਼ਾਰ ਰੁਪਏ ਦਿੱਤੇ ਹਨ। ਅਮਿਤ ਕੁਮਾਰ ਨੇ ਦੱਸਿਆ ਕਿ ਮਾਇਆ ਨੂੰ ਸ਼ੱਕ ਹੈ ਕਿ ਹਰਪਾਲ ਸਿੰਘ ਨੇ ਉਸ ਦੇ ਪਤੀ ਨੂੰ ਮਰਵਾਇਆ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਅਮਿਤ ਨੇ ਉਸ ਤੋਂ 70 ਹਜ਼ਾਰ ਤੋਂ ਵੱਧ ਪੈਸਿਆਂ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਉਹ ਉਸ ਨੂੰ ਦੇ ਦੇਵੇਗਾ ਤਾਂ ਉਹ 70 ਹਜ਼ਾਰ ਰੁਪਏ ਮਾਇਆ ਨੂੰ ਵਾਪਸ ਕਰ ਦੇਵੇਗਾ। ਇਸ ਦੌਰਾਨ ਉਸ ਨੇ ਅਤੇ ਕੁੰਦਨ ਸਿੰਘ ਨੇ ਅਮਿਤ ਨੂੰ ਪੈਸੇ ਦੇਣ ਲਈ ਹਾਮੀ ਭਰ ਦਿੱਤੀ। ਹਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਅਮਿਤ ਨੂੰ ਕਿਹਾ ਕਿ ਉਸ ਦੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਰਤਪੁਰ ਵਿੱਚ ਜ਼ਮੀਨ ਹੈ, ਜਿਸ ਨੂੰ ਵੇਚ ਕੇ ਉਹ ਉਸ ਨੂੰ ਪੈਸੇ ਦੇ ਦੇਵੇਗਾ, ਕਿਉਂਕਿ ਉਹ ਪਿੰਡ ਭਾਰਤਪੁਰ ਨਾਲ ਸਬੰਧਤ ਹੈ, ਇਸ ਲਈ ਅਮਿਤ ਉਸਦੀਆਂ ਗੱਲਾਂ ਵਿੱਚ ਆ ਗਿਆ ਅਤੇ ਪੰਜਾਬ ਆਉਣ ਲਈ ਰਾਜ਼ੀ ਹੋ ਗਿਆ।ਐਸ.ਐਸ.ਪੀ ਨੇ ਦੱਸਿਆ ਕਿ ਸਾਜ਼ਿਸ਼ ਦੇ ਮੁਤਾਬਕ 10 ਅਪ੍ਰੈਲ ਨੂੰ ਹਰਪਾਲ ਸਿੰਘ ਉਰਫ਼ ਪਾਲਾ ਅਤੇ ਕੁੰਦਨ ਸਿੰਘ ਉਰਫ਼ ਮੰਗਲ ਬਲੈਰੋ ਗੱਡੀ ਨੰਬਰ ਯੂ. ਪੀ. 11. ਸੀ. ਈ-8702 (ਹਰਪਾਲ ਦੀ ਗੱਡੀ) ਵਿੱਚ ਅਮਿਤ ਨੂੰ ਬਿਠਾ ਕੇ ਸਹਾਰਨਪੁਰ ਤੋਂ ਪਿੰਡ ਭਾਰਤਪੁਰ ਜੋਗੀਆਂ ਦੇ ਜੰਗਲ ਵਿੱਚ ਆ ਗਏ। ਜਦੋਂ ਉਹ ਜੰਗਲ ਵਿੱਚ ਪਹੁੰਚੇ ਤਾਂ ਕਾਫ਼ੀ ਹਨੇਰਾ ਹੋ ਚੁੱਕਾ ਸੀ। 

ਹਰਪਾਲ ਸਿੰਘ ਨੇ ਅਮਿਤ ਕੁਮਾਰ ਨੂੰ ਕਿਹਾ ਕਿ ਗੱਡੀ ਦੀ ਡਿੱਗੀ ਖੋਲ੍ਹ ਕੇ ਵੇਖੇ ਕਿਉਂਕਿ ਪਿਛੇ ਤੋਂ ਕਾਫ਼ੀ ਆਵਾਜ਼ ਆ ਰਹੀ ਹੈ। ਅਮਿਤ ਕੁਮਾਰ ਗੱਡੀ ਤੋਂ ਉਤਰ ਕੇ ਜਦੋਂ ਡਿੱਗੀ ਖੋਲ੍ਹ ਕੇ ਵੇਖਣ ਲੱਗਾ ਤਾਂ ਹਰਪਾਲ ਸਿੰਘ ਨੇ ਉਸ ਦੇ ਗਲੇ ਵਿੱਚ ਪਰਨਾ ਪਾ ਕੇ ਉਸ ਦਾ ਗਲਾ ਦਬਾ ਦਿੱਤਾ, ਜਿਸ ਵਿੱਚ ਕੁੰਦਨ ਨੇ ਵੀ ਹਰਪਾਲ ਨੂੰ ਸਹਿਯੋਗ ਕੀਤਾ। ਦੋਵਾਂ ਮੁਲਜ਼ਮਾਂ ਨੇ ਅਮਿਤ ਦਾ ਕਤਲ ਕਰਕੇ ਉਸ ਦੀ ਜੇਬ ਵਿਚੋਂ ਪਰਸ ਕੱਢ ਲਿਆ, ਜਿਸ ਵਿੱਚ 30 ਹਜ਼ਾਰ ਰੁਪਏ ਸਨ। ਇਸ ਤੋਂ ਇਲਾਵਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਵੀ ਲੈ ਲਿਆ। ਮੁਲਜ਼ਮਾਂ ਨੇ ਸੋਚਿਆ ਕਿ ਨਿਸ਼ਾਨ ਨਾਲ ਮ੍ਰਿਤਕ ਅਮਿਤ ਦੀ ਪਛਾਣ ਨਾ ਹੋ ਜਾਵੇ, ਇਸ ਲਈ ਉਨ੍ਹਾਂ ਨੇ ਗੱਡੀ ਵਿਚੋਂ ਕੇਹੀ ਕੱਢ ਕੇ ਅਮਿਤ ਦੇ ਹੱਥ ਕੱਟ ਦਿੱਤੇ ਅਤੇ ਲਾਸ਼ ਨੂੰ ਵੀ ਜੰਗਲ ਵਿੱਚ ਸੁੱਟ ਦਿੱਤਾ ਅਤੇ ਵਾਪਸ ਆਪਣੇ ਪਿੰਡ ਆ ਗਏ।

ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI

ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ ਗਿੱਛ ਦੌਰਾਨ ਕਤਲ ਵਿੱਚ ਸ਼ਾਮਲ ਬਲੈਰੋ ਗੱਡੀ ਨੰਬਰ ਯੂ. ਪੀ. 11 ਸੀ.ਈ-8702 ਮੁਲਜ਼ਮ ਕੁੰਦਨ ਸਿੰਘ ਦੇ ਘਰ ਤੋਂ ਬਰਾਮਦ ਕੀਤੀ ਗਈ ਅਤੇ ਮ੍ਰਿਤਕ ਅਮਿਤ ਕੁਮਾਰ ਦਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਵੀ ਬਲੈਰੋ ਦੇ ਡੈਸ਼ ਬੋਰਡ ਤੋਂ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਮੁਲਜ਼ਮ ਕੁੰਦਨ ਸਿੰਘ ਦੇ ਘਰ ਤੋਂ ਮ੍ਰਿਤਕ ਅਮਿਤ ਕੁਮਾਰ ਦਾ ਪਰਸ ਜਿਸ ਵਿੱਚ ਅਮਿਤ ਦਾ ਆਧਾਰ ਕਾਰਡ ਅਤੇ ਉਸ ਦੀ ਪਾਸਪੋਰਟ ਸਾਈਜ਼ ਫੋਟੋ ਵੀ ਬਰਾਮਦ ਹੋਈ ਹੈ।  ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਿਤ ਕੁਮਾਰ ਅਤੇ ਦੋਵੇਂ ਮੁਲਜ਼ਮ ਹਰਪਾਲ ਸਿੰਘ ਅਤੇ ਕੁੰਦਨ ਸਿੰਘ ਦਾ ਪਿਛੋਕੜ ਅਪਰਾਧਿਕ ਹੈ। ਹਰਪਾਲ ਸਿੰਘ ਉਰਫ਼ ਪਾਲ ਖ਼ਿਲਾਫ਼ ਥਾਣਾ ਗੰਗੋ, ਜ਼ਿਲ੍ਹਾ ਸਹਾਰਨਪੁਰ ਵਿੱਚ ਸਾਲ 2015 ਵਿੱਚ ਆਬਕਾਰੀ ਐਕਟ ਅਤੇ 2008 ਵਿੱਚ ਧਾਰਾ 323, 427, 452, 504, 506 ਆਈ. ਪੀ. ਸੀ. ਤਹਿਤ ਥਾਣਾ ਨਕੌੜ ਜ਼ਿਲ੍ਹਾ ਸਹਾਰਨਪੁਰ ਵਿੱਚ ਮਾਮਲਾ ਦਰਜ ਹੈ। ਕੁੰਦਨ ਸਿੰਘ ਖ਼ਿਲਾਫ਼ ਸਾਲ 2017 ਵਿੱਚ ਥਾਣਾ ਗੰਗੋ ਜ਼ਿਲ੍ਹਾ ਸਹਾਰਨਪੁਰ ਵਿੱਚ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਹੈ। ਇਸੇ ਤਰ੍ਹਾਂ ਮ੍ਰਿਤਕ ਅਮਿਤ ਕੁਮਾਰ ਖ਼ਿਲਾਫ਼ ਸਾਲ 2015 ਵਿੱਚ ਅਸਲਾ ਐਕਟ ਤਹਿਤ ਥਾਣਾ ਰਾਮਬਲਾ, ਜ਼ਿਲ੍ਹਾ ਬਾਗਪੁਰ (ਉੱਤਰ ਪ੍ਰਦੇਸ਼) ਵਿਖੇ ਮਾਮਲਾ ਦਰਜ ਸੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੱਡੀ ਵਾਰਦਾਤ, ਪਸ਼ੂ ਵਪਾਰੀ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News