ਨਾਜਾਇਜ਼ ਸ਼ਰਾਬ ਵੇਚਣ ਤੋਂ ਮਨ੍ਹਾ ਕਰਨ ''ਤੇ ਸਮੱਗਲਰਾਂ ਨੇ ਕੀਤੀ ਕੁੱਟਮਾਰ
Saturday, Feb 17, 2018 - 06:13 PM (IST)

ਜਲੰਧਰ (ਸ਼ੋਰੀ)— ਅੱਡਾ ਹੁਸ਼ਿਆਰਪੁਰ ਨੇੜੇ ਦੇਰ ਰਾਤ ਸ਼ਰਾਬ ਸਮੱਗਲਰਾਂ ਨੇ ਇਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਸਮੱਗਲਰਾਂ ਨੇ ਉਸ 'ਤੇ ਲੋਹੇ ਦੇ ਕੰਡੇ ਅਤੇ ਲੋਹੇ ਦੀਆਂ ਰਾਡਾਂ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਰਾਹਗੀਰਾਂ ਨੇ ਸਮੱਗਲਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਰਾਹਗੀਰਾਂ 'ਤੇ ਵੀ ਇੱਟਾਂ ਵਰ੍ਹਾ ਦਿੱਤੀਆਂ। ਕਿਸੇ ਤਰ੍ਹਾਂ ਜ਼ਖਮੀ ਉਥੋਂ ਭੱਜਿਆ ਅਤੇ ਖੂਨ ਨਾਲ ਲਥਪਥ ਹਾਲਤ 'ਚ ਸਿਵਲ ਹਸਪਤਾਲ ਦਾਖਲ ਹੋਇਆ।
ਜ਼ਖਮੀ ਰਣਜੀਤ ਸਿੰਘ ਪੁੱਤਰ ਰੌਣਕ ਸਿੰਘ ਨਿਵਾਸੀ ਪਿੰਡ ਢੱਡਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਸ਼ਰਾਬ ਠੇਕੇਦਾਰ ਦੀ ਛਾਪੇਮਾਰੀ ਟੀਮ 'ਚ ਕੰਮ ਕਰਦਾ ਹੈ। ਉਹ ਆਪਣੇ ਦੋ ਦੋਸਤਾਂ ਨਾਲ ਹੁਸ਼ਿਆਰਪੁਰ ਅੱਡੇ ਵੱਲੋਂ ਲੰਘ ਰਿਹਾ ਸੀ ਕਿ ਉਸ ਨੇ ਦੇਖਿਆ ਕਿ ਇਕ ਸ਼ਰਾਬ ਸਮੱਗਲਰ ਕੱਦੂ ਗਾਹਕ ਨੂੰ ਬੋਤਲ ਦੇ ਰਿਹਾ ਸੀ। ਇਸ ਸਬੰਧੀ ਉਸ ਨੂੰ ਰੋਕਣ 'ਤੇ ਸ਼ਰਾਬ ਸਮੱਗਲਰ ਕੱਦੂ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਸ ਦੇ ਦੋ ਦੋਸਤ ਪਿਸ਼ਾਬ ਕਰ ਰਹੇ ਸਨ। ਉਹ ਭੱਜ ਕੇ ਜਿਵੇਂ ਹੀ ਆਏ ਤਾਂ ਸ਼ਰਾਬ ਸਮੱਗਲਰਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਈ ਹੀਰਾਂ ਗੇਟ ਤੋਂ ਲੈ ਕੇ ਢੰਨ ਮੁਹੱਲੇ ਤੱਕ ਕਈ ਸ਼ਰਾਬ ਸਮੱਗਲਰ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਸਰਗਰਮ ਹਨ। ਰੋਜ਼ਾਨਾ ਦਰਜਨਾਂ ਦੇ ਹਿਸਾਬ ਨਾਲ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਵੇਚਣ ਦਾ ਕੰਮ ਕਰ ਰਹੇ ਹਨ। ਲੋਕਾਂ ਦੀ ਪੁਲਸ ਕਮਿਸ਼ਨਰ ਤੋਂ ਮੰਗ ਹੈ ਕਿ ਇਨ੍ਹਾਂ ਸਮੱਗਲਰਾਂ 'ਤੇ ਨਕੇਲ ਕੱਸੀ ਜਾਵੇ ਕਿਉਂਕਿ ਸ਼ਰਾਬ ਸਮੱਗਲਰ ਹੁਣ ਗੁੰਡਾਗਰਦੀ ਕਰਨ ਲੱਗੇ ਹਨ। ਉਥੇ ਹੀ ਥਾਣਾ ਨੰਬਰ 3 ਦੇ ਐੱਸ. ਐੱਚ. ਓ. ਵਿਜੇ ਕੰੰਵਰ ਪਾਲ ਦਾ ਕਹਿਣਾ ਹੈ ਕਿ ਜਲਦ ਹੀ ਉਹ ਸ਼ਰਾਬ ਸਮੱਗਲਰਾਂ ਖਿਲਾਫ ਮੁਹਿੰਮ ਛੇੜ ਕੇ ਉਨ੍ਹਾਂ ਖਿਲਾਫ ਕੇਸ ਦਰਜ ਕਰਨਗੇ।