ਮੰਦਭਾਗੀ ਰਾਜਨੀਤੀ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ’ਤੇ ਧਿਆਨ ਦੇਣ ਧਾਮੀ : ਕਾਲਕਾ, ਕਾਹਲੋਂ

Wednesday, Aug 13, 2025 - 08:35 AM (IST)

ਮੰਦਭਾਗੀ ਰਾਜਨੀਤੀ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ’ਤੇ ਧਿਆਨ ਦੇਣ ਧਾਮੀ : ਕਾਲਕਾ, ਕਾਹਲੋਂ

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮਾਮਲੇ ’ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੀਤੇ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਾਂ ਤਾਂ ਐਡਵੋਕੇਟ ਧਾਮੀ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਹੀਂ ਜਾਂ ਫਿਰ ਉਹ ਜਾਣ-ਬੁੱਝ ਕੇ ਅਸਲੀਅਤ ਤੋਂ ਅਣਜਾਣ ਬਣ ਰਹੇ ਹਨ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ! ਹਾਦਸੇ ਮਗਰੋਂ ਤੜਫਦਾ ਰਿਹਾ ਟਿੱਪਰ ਦਾ ਡਰਾਈਵਰ ਤੇ ਲੋਕ ਬਣਾਉਂਦੇ ਰਹੇ ਵੀਡੀਓ

ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਹਨਾਂ ਨੇ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਵੱਡੇ ਭਰਾ ਦੀ ਭੂਮਿਕਾ ਨਿਭਾਵੇ ਪਰ ਅਜਿਹਾ ਜਾਪਦਾ ਹੈ ਕਿ ਐਡਵੋਕੇਟ ਧਾਮੀ ਗਿਆਨ ਵਿਹੂਣੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਵਿਚ ਦਲ ਪੰਥ ਦੀਆਂ ਸੰਸਥਾਵਾਂ ਨਾਲ ਜੋ ਮੀਟਿੰਗਾਂ ਕੀਤੀਆਂ ਸਨ, ਉਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਵੀ ਮੌਜੂਦ ਸਨ ਜਿਹਨਾਂ ਨੇ ਭਰੋਸਾ ਦੁਆਇਆ ਸੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਰੱਖੇ ਜਾਣ ਵਾਲੇ ਸਮਾਗਮਾਂ ਵਿਚ ਰੁਕਾਵਟ ਪੈਦਾ ਨਹੀਂ ਕਰਨਗੇ। ਉਹਨਾਂ ਦੱਸਿਆ ਕਿ ਜਿਹੜੀ ਅਸੀਂ ਅੰਮ੍ਰਿਤਸਰ ਵਿਚ ਮੀਟਿੰਗ ਕੀਤੀ, ਉਸ ਵਿਚ ਪ੍ਰਤਾਪ ਸਿੰਘ ਸਕੱਤਰ, ਬਿਜੇ ਸਿੰਘ ਧਰਮ ਪ੍ਰਚਾਰ ਸਕੱਤਰ ਤੇ ਬਲਵਿੰਦਰ ਸਿੰਘ ਕਾਹਲਵਾਂ ਮੈਂਬਰ ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਇਸ ਤੋਂ ਦਿੱਲੀ ਵਿਚ ਹੋਈ ਮੀਟਿੰਗ ਵਿਚ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਵਜੋਂ ਸ਼ਾਮਲ ਹੋਏ ਜਥੇਦਾਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਾਂ ਤਾਂ ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਨਹੀਂ ਹੈ ਜਾਂ ਫਿਰ ਉਹ ਜਾਣ ਬੁੱਝ ਕੇ ਅਣਜਾਣ ਬਣ ਰਹੇ ਹਨ। ਕਾਲਕਾ ਅਤੇ ਕਾਹਲੋਂ ਨੇ ਕਿਹਾ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਤਖਤ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਬਿਹਾਰ ਦੀ ਸਰਕਾਰ ਨਾਲ ਮਿਲ ਕੇ 31 ਅਗਸਤ ਨੂੰ ਸ਼ਹੀਦੀ ਜਾਗ੍ਰਤੀ ਯਾਤਰਾ ਪਟਨਾ ਸਾਹਿਬ ਤੋਂ ਦਿੱਲੀ ਹੋ ਕੇ ਆਨੰਦਪੁਰ ਸਾਹਿਬ ਲੈ ਕੇ ਜਾਣੀ ਸੀ, ਜਿਸ ਲਈ ਇਕ ਹਫਤਾ ਪਹਿਲਾਂ ਹੀ ਕਮੇਟੀ ਨੇ ਉਚੇਚੇ ਤੌਰ 'ਤੇ ਜਾ ਕੇ ਯਾਤਰਾ ਦੀ ਜਾਣਕਾਰੀ ਦਿੱਤੀ ਸੀ ਪਰ ਉਹਨਾਂ ਦੇ ਪ੍ਰੋਗਰਾਮ ਵਿੱਚ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਰੁਕਾਵਟ ਪਾਉਣ ਲਈ ਕਈ ਦਿਨ ਪਹਿਲਾਂ ਕੱਢਦੇ ਹੋਏ 30 ਤਾਰੀਖ ਨੂੰ ਪਟਨਾ ਸਾਹਿਬ ਲਿਜਾਈ ਜਾ ਰਹੀ ਹੈ ਜਿਸ ਤੋਂ ਇੰਝ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਦੀ ਤੰਗ ਸੋਚ ਉਜਾਗਰ ਹੁੰਦੀ ਹੈ।

ਇਹ ਵੀ ਪੜ੍ਹੋ : ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਭਾਰਤ ਦਾ ਵੱਡਾ ਫੈਸਲਾਸ਼ੁਰੂ ਹੋਣਗੀਆਂ ਚੀਨ ਲਈ ਸਿੱਧੀਆਂ ਉਡਾਣਾਂ!
 
ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਸਮਾਗਮ ਆਯੋਜਿਤ ਕਰਨ ਦਾ ਪਹਿਲਾ ਹੱਕ ਦਿੱਲੀ ਗੁਰਦੁਆਰਾ ਕਮੇਟੀ ਦਾ ਬਣਦਾ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਉਹਨਾਂ ਦਾ ਅੰਤਿਮ ਸੰਸਕਾਰ ਵੀ ਦਿੱਲੀ ਵਿਚ ਹੋਇਆ ਸੀ। ਇਹੀ ਦਲੀਲ ਦੇ ਕੇ ਉਹਨਾਂ ਨੇ ਪੰਥ ਦੀਆਂ ਸਮੁੱਚੀਆਂ ਸੰਸਥਾਵਾਂ ਤੇ ਸੰਪਰਦਾਵਾਂ ਤੋਂ ਸਹਿਯੋਗ ਮੰਗਿਆ ਸੀ ਜਿਹਨਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹੁਣ ਸਿਆਸੀ ਮਜਬੂਰੀਆਂ ਕਾਰਨ ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਵੱਲੋਂ ਦੁਆਏ ਭਰੋਸੇ ਤੋਂ ਪਿੱਛੇ ਹੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਇਕ ਨਹੀਂ ਬਲਕਿ ਦੋ-ਦੋ ਵਾਰ ਮੀਟਿੰਗਾਂ ਦਾ ਹਿੱਸਾ ਰਹੇ ਹੋਣ ਤੇ ਪੂਰਨ ਸਹਿਯੋਗ ਦਾ ਭਰੋਸਾ ਦੁਆਉਣ ਤੋਂ ਉਸ ਮਗਰੋਂ ਐਡਵੋਕੇਟ ਧਾਮੀ ਵੱਲੋਂ ਸਿਆਸੀ ਬਿਆਨਬਾਜ਼ੀ ਕਰਨੀ ਬਹੁਤ ਮੰਦਭਾਗੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News