ਆਰਥਿਕ ਤੰਗੀ ਕਾਰਨ ਨੌਜਵਾਨ ਨੇ ਪੀਤੀ ਜ਼ਹਿਰੀਲੀ ਦਵਾਈ, ਮੌਤ
Saturday, Sep 09, 2017 - 08:09 AM (IST)
ਮਲੋਟ (ਜੁਨੇਜਾ) - ਆਰਥਿਕ ਤੰਗੀ ਕਾਰਨ ਵੀਰਵਾਰ ਨੂੰ ਮਲੋਟ ਨੇੜੇ ਪਿੰਡ ਦਾਨੇਵਾਲਾ ਦੇ ਇਕ 28 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਪਿੱਛੋਂ ਉਸ ਦੀ ਮੌਤ ਹੋ ਗਈ। ਮ੍ਰਿਤਕ ਸਤਪਾਲ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਨੇ ਘਰ ਦੀ ਰੋਜ਼ੀ -ਰੋਟੀ ਚਲਾਉਣ ਲਈ ਟਰੱਕ ਫਾਇਨਾਂਸ ਕਰਵਾਇਆ ਸੀ, ਕੁਝ ਸਮਾਂ ਤੱਕ ਸਭ ਕੁਝ ਠੀਕ-ਠਾਕ ਚਲਦਾ ਰਿਹਾ ਪਰ ਅਖੀਰ ਕੰਮ-ਕਾਰ ਠੱਪ ਹੋਣ ਕਾਰਨ ਅਤੇ ਵਿਹਲਾ ਰਹਿਣ ਕਰ ਕੇ ਸਤਪਾਲ ਸਿੰਘ ਟਰੱਕ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਗਿਆ। ਇਸ ਤੋਂ ਇਲਾਵਾ ਬੱਚਿਆਂ ਦੀਆਂ ਸਕੂਲ ਫੀਸਾਂ ਤੇ ਘਰ ਦੇ ਰਾਸ਼ਨ ਅਤੇ ਬਿਜਲੀ ਦੇ ਬਿੱਲ ਆਦਿ ਦਾ ਖਰਚਾ ਪੂਰਾ ਕਰਨ ਤੋਂ ਬੇਵੱਸ ਸਤਪਾਲ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਵੀਰਵਾਰ ਬਾਅਦ ਦੁਪਹਿਰ ਉਸ ਨੇ ਘਰ ਵਿਚ ਪਈ ਜ਼ਹਿਰਲੀ ਦਵਾਈ ਪੀ ਲਈ ਜਿਸ ਨੂੰ ਗੰਭੀਰ ਹਾਲਤ ਵਿਚ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਸਿਟੀ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਪਾਲ ਸਿੰਘ ਦੇ ਪਿਤਾ ਦੇ ਬਿਆਨਾਂ 'ਤੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
