ਭੋਲੇ-ਭਾਲੇ ਲੋਕਾਂ ਨਾਲ ਧਰਮ ਦੇ ਨਾਂ ’ਤੇ ਠੱਗੀਆਂ ਮਾਰਨ ਵਾਲਾ ਗ੍ਰਿਫ਼ਤਾਰ
Tuesday, Jan 07, 2025 - 05:14 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਧਰਮ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਵਿਅਕਤੀ ਨੂੰ ਲੈਪਟਾਪ, ਮੋਬਾਇਲ ਅਤੇ ਬੈਂਕ ਕਾਰਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਧੀਰ ਕੁਮਾਰ ਵਾਸੀ ਪਿੰਡ ਨੁਕੇਰੀਆਂ ਨੇ ਦੱਸਿਆ ਕਿ ਉਹ ਅਕਸਰ ਲੋਕ ਭਲਾਈ ਦੇ ਕੰਮਾਂ ’ਚ ਹਿੱਸਾ ਲੈਂਦਾ ਰਹਿੰਦਾ ਹੈ। ਉਸਦੇ ਦੇਖਣ ’ਚ ਆਇਆ ਹੈ ਕਿ ਗੁਰਦੇਵ ਸਿੰਘ ਵਾਸੀ ਲਖਮੀਰ ਕੇ ਹਿਠਾੜ ਫਿਰੋਜ਼ਪੁਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫੇਸਬੁੱਕ ’ਤੇ ਪ੍ਰੋਹਿਟ ਬਜਿੰਦਰ ਸਿੰਘ ਮਨਿਸਟਰੀ ਦਾ ਚਰਚ ਆਫ ਗਲੋਰੀ ਐਂਡ ਵਿਸ਼ਡਮ ਅਤੇ ਸਪਿਰਟ ਆਫ ਜੀਸ਼ੂ ਪ੍ਰੋਹਿਟ ਬਜਿੰਦਰ ਸਿੰਘ ਮਨਿਸਟਰੀ ਡੇਲੀ ਲਾਈਵ ਮੀਟਿੰਗ ਦੇ ਨਾਂ ’ਤੇ ਪੇਜ ਬਣਾਇਆ ਹੈ।
ਉਹ ਪੇਜ 'ਤੇ ਸੈਕਨਰ ਲਾ ਕੇ ਪਾਸਟਰ ਬਜਿੰਦਰ ਸਿੰਘ ਦੀਆਂ ਵੀਡੀਓ ਅਪਲੋਡ ਕਰ ਕੇ ਭੋਲੇ-ਭਾਲੇ ਲੋਕਾਂ ਨਾਲ ਧਰਮ ਦੇ ਨਾਂ ’ਤੇ ਮੋਟੀਆਂ ਠੱਗੀਆਂ ਮਾਰਦਾ ਹੈ। ਇਸ ’ਤੇ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਕਤ ਵਿਅਕਤੀ ਨੂੰ ਇਕ ਲੈਪਟਾਪ, 9 ਮੋਬਾਇਲ ਫੋਨ ਅਤੇ 19 ਬੈਂਕ ਕਾਰਡਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।