3 ਬੱਚਿਆਂ ਨੂੰ ਕਾਰ ਨਾਲ ਕੁਚਲਣ ਵਾਲਾ ਗ੍ਰਿਫਤਾਰ

Wednesday, Jul 12, 2017 - 08:05 AM (IST)

ਖਰੜ  (ਅਮਰਦੀਪ, ਸ. ਹ., ਸ਼ਸ਼ੀ, ਗਗਨਦੀਪ) – ਖਰੜ ਸਿਟੀ ਪੁਲਸ ਨੇ ਜੱਦੋ-ਜਹਿਦ ਕਰਕੇ 9 ਜੁਲਾਈ ਨੂੰ ਖਰੜ ਕੁਰਾਲੀ ਕੌਮੀ ਮਾਰਗ 'ਤੇ ਸੜਕ ਹਾਦਸੇ ਦੌਰਾਨ ਤਿੰਨ ਬੱਚਿਆਂ ਨੂੰ ਕੁਚਲਣ ਵਾਲੇ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਖਰੜ ਨੇੜੇ ਪੈਂਦੇ ਪਿੰਡ ਭੁੱਖੜੀ ਦਾ ਗੁਰਪ੍ਰੀਤ ਸਿੰਘ ਆਪਣੀ ਪਤਨੀ ਸੁਨੀਤਾ ਤੇ ਦੋ ਬੱਚਿਆਂ ਲੜਕੀ ਰਿਤੂ (12), ਲੜਕਾ ਮਹਾਵੀਰ (7) ਤੇ ਸਮਰਜੀਤ ਸਿੰਘ ਆਪਣੀ ਪਤਨੀ ਗੀਤਾ ਤੇ ਲੜਕੇ ਨਿਖਲ (10) ਨਾਲ ਪੈਦਲ ਜਾ ਰਹੇ ਸਨ ਤੇ ਜਦੋਂ ਉਹ ਸੜਕ ਪਾਰ ਕਰਨ ਲੱਗੇ ਤਾਂ ਇਕ ਆਈ. ਟਵੰਟੀ ਕਾਰ ਚਾਲਕ ਨੇ ਉਨ੍ਹਾਂ ਨੂੰ ਲਾਪ੍ਰਵਾਹੀ ਨਾਲ ਕੁਚਲ ਦਿੱਤਾ ਤੇ ਮੌਕੇ 'ਤੇ ਹੀ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ ਸੀ ਤੇ ਕਾਰ ਸਵਾਰ ਮੌਕੇ ਤੋÎਂ ਫਰਾਰ ਹੋ ਗਿਆ ਸੀ। 
ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖਰੜ ਦੇ ਡੀ. ਐੱਸ. ਪੀ. ਦੀਪ ਕਮਲ ਨੇ ਦੱਸਿਆ ਕਿ ਥਾਣਾ ਖਰੜ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ 'ਚ ਸਬ-ਇੰਸਪੈਕਟਰ ਸੰਦੀਪ ਸਿੰਘ, ਹਰਵਿੰਦਰ ਸਿੰਘ ਤੇ ਸੁਰਜੀਤ ਸਿੰਘ (ਦੋਵੇਂ ਹੌਲਦਾਰ) ਨੇ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰਕੇ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਸਤਵਿੰਦਰ ਸਿੰਘ ਪੁੱਤਰ ਸਵ. ਦੀਦਾਰ ਸਿੰਘ ਵਾਸੀ ਪਿੰਡ ਸ਼ਾਹਪੁਰ ਘਟੌਰ ਵਜੋਂ ਹੋਈ ਹੈ। ਪੁਲਸ ਨੇ ਆਈ ਟਵੰਟੀ ਕਾਰ ਨੰਬਰ ਪੀ. ਬੀ. 65 ਏ. ਜੇ.-5819 ਨੂੰ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਦੋਸ਼ੀ ਸਤਵਿੰਦਰ ਸਿੰਘ ਖਿਲਾਫ ਧਾਰਾ 304 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ ਦੋਸਤ ਦੇ ਘਰ ਲੁਕੋਈ
ਪੁਲਸ ਅਨੁਸਾਰ ਦੋਸ਼ੀ ਚਲਾਕ ਤੇ ਨਸ਼ੇੜੀ ਕਿਸਮ ਦਾ ਵਿਅਕਤੀ ਹੈ। ਉਸ ਨੇ ਹਾਦਸਾ ਕਰਨ ਤੋਂ ਬਾਅਦ ਆਪਣੀ ਕਾਰ ਹਰਲਾਲਪੁਰ ਵਿਖੇ ਆਪਣੇ ਦੋਸਤ ਦੇ ਘਰ ਲੁਕੋ ਦਿੱਤੀ, ਤਾਂ ਜੋ ਕਿਸੇ ਨੂੰ ਕੁਝ ਪਤਾ ਨਾ ਲੱਗ ਸਕੇ। ਪੁਲਸ ਨੇ ਅੱਜ ਪਿੰਡ ਹਰਲਾਲਪੁਰ ਤੋਂ ਉਹ ਕਾਰ ਬਰਾਮਦ ਕਰ ਲਈ। 
ਟੁੱਟੀ ਨੰਬਰ ਪਲੇਟ ਤੋਂ ਮਿਲੀ ਮਦਦ
ਸਿਟੀ ਪੁਲਸ ਵਲੋਂ ਐਤਵਾਰ ਤੋਂ ਲੈ ਕੇ ਅੱਜ ਮੰਗਲਵਾਰ ਤਕ ਕਾਰ ਦੀ ਭਾਲ ਕਰਨ ਸਬੰਧੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਸਹਾਇਤਾ ਲਈ ਜਾ ਰਹੀ ਸੀ, ਕੌਮੀ ਮਾਰਗ 'ਤੇ ਲੱਗੇ ਹਰ ਇਕ ਦੁਕਾਨ ਤੇ ਧਾਰਮਿਕ ਸਥਾਨਾਂ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਲਈ ਗਈ ਤੇ ਫੁਟੇਜ ਦੀ ਮਦਦ ਨਾਲ ਪੁਲਸ ਕਾਰ ਤਕ ਪਹੁੰਚੀ ਤੇ ਉਸ ਤੋਂ ਬਾਅਦ ਅੱਜ ਦੋਸ਼ੀ ਨੂੰ ਕਾਬੂ ਕੀਤਾ ਗਿਆ।


Related News