ਬਹੁ-ਗਿਣਤੀ ਟਰੱਕ ਓਪਰੇਟਰਾਂ ਨੇ ਸਪੈਸ਼ਲ ਮਾਲ ਗਡੀਆਂ ਦਾ ਕੀਤਾ ਬਾਈਕਾਟ
Sunday, May 10, 2020 - 07:26 PM (IST)
ਬੁਢਲਾਡਾ, (ਮਨਜੀਤ)- ਸਪੈਸ਼ਲ ਮਾਲ ਗੱਡੀਆਂ ਦੀ ਢੋਆ-ਢੁਆਈ ਨੂੰ ਲੈ ਕੇ ਬਹੁ-ਗਿਣਤੀ ਟਰੱਕ ਓਪਰੇਟਰਾਂ ਨੇ ਅੱਜ ਰੇਲ ਗੱਡੀ ਦਾ ਬਾਈਕਾਟ ਕਰਕੇ ਕੰਮ ਠੱਪ ਕਰ ਰੱਖਿਆ ਹੈ। ਉਨ੍ਹਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਠੇਕੇਦਾਰ ਮਨਮਰਜੀ ਨਾਲ ਕੰਮ ਲੈ ਕੇ ਉਨ੍ਹਾਂ ਨੂੰ ਘੱਟ ਰੇਟ ਦੇ ਰਿਹਾ ਹੈ। ਉਲਟਾ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਿਹਾ। ਦੋਵਾਂ ਦੇ ਇਸ ਵਿਵਾਦ ਕਾਰਨ ਕੁਝ ਟਰੱਕ ਆਪਰੇਟਰਾਂ ਨੇ ਢੋਆ-ਢੁਆਈ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਪਰ ਹੜਤਾਲੀ ਓਪਰੇਟਰਾਂ ਦਾ ਕਹਿਣਾ ਹੈ ਕਿ ਜਿਹੜੇ ਟਰੱਕ ਢੋਆ-ਢੁਆਈ ਤੇ ਲੱਗੇ ਹਨ। ਉਨ੍ਹਾਂ ਵਿੱਚ ਕੁਝ ਕੋਲ ਇਸ ਦਾ ਪਰਮਿਟ ਨਹੀਂ ਹੈ ਅਤੇ ਉਹ ਇੱਕ ਸ਼ੈੱਲਰ ਦੀਆਂ ਨਿੱਜੀ ਗੱਡੀਆਂ ਹਨ। ਜਾਣਕਾਰੀ ਅਨੁਸਾਰ ਬੁਢਲਾਡਾ ਵਿੱਚ 250 ਦੇ ਕਰੀਬ ਟਰੱਕ ਆਪਰੇਟਰ ਕੰਮ ਕਰ ਰਹੇ ਹਨ। ਅੱਜ-ਕੱਲ੍ਹ ਚੌਲਾਂ ਅਤੇ ਕਣਕ ਦੀ ਢੋਆ-ਢੁਆਈ ਕਰਕੇ ਸਪੈਸ਼ਲ ਗੱਡੀਆਂ ਭਰੀਆਂ ਜਾ ਰਹੀਆਂ ਹਨ। ਬੁਢਲਾਡਾ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਹਨ। ਪਰ ਹੁਣ ਠੇਕੇਦਾਰ ਟਰੱਕ ਵਿੱਚ 15 ਟਨ ਦੀ ਬਜਾਏ 18 ਤੋਂ 19 ਟਨ ਮਾਲ ਦੀ ਭਰਪਾਈ ਕਰ ਰਹੇ ਹਨ। ਜਦਕਿ ਉਨ੍ਹਾਂ ਨੂੰ ਭਾੜਾ 15 ਟਨ ਦਾ ਹੀ ਦਿੱਤਾ ਜਾ ਰਿਹਾ ਹੈ। ਦੋਦੜਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸੰਬੰਧਿਤ ਠੇਕੇਦਾਰ ਨਾਲ ਇਸ ਮੁੱਦੇ ਤੇ ਗੱਲ ਕੀਤੀ ਤਾਂ ਠੇਕੇਦਾਰ ਨੇ ਹੁਕਮ ਸੁਣਾਉਂਦਿਆਂ ਕਿਹਾ ਕਿ ਟਰੱਕ ਦੀ 15 ਟਨ ਦੀ ਹੀ ਪੇਮੈਂਟ ਮਿਲੇਗੀ। ਜਦਕਿ ਉਨ੍ਹਾਂ ਨੂੰ 15 ਤੋਂ ਵੱਧ ਟਨ ਵਾਲਾ ਕਣਕ ਅਤੇ ਚਾਵਲ ਢਾਉਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਠੇਕੇਦਾਰ ਇਸ ਵਿੱਚ ਆਪਣੀ ਮਨਮਰਜੀ ਕਰਦਾ ਹੋਇਆ ਟਰੱਕ ਓਪਰੇਟਰਾਂ ਦਾ ਗਲਾ ਘੁੱਟ ਰਿਹਾ ਹੈ ਅਤੇ ਉਨ੍ਹਾਂ ਦਾ ਸ਼ੌਸ਼ਣ ਕੀਤਾ ਜਾ ਰਿਹਾ ਹੈ। ਦੋਦੜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਗੌਰ ਕਰਦਿਆਂ ਉਨ੍ਹਾਂ ਲਈ ਨਿਰਧਾਰਿਤ ਕੀਤਾ ਵਜਨ ਦੀ ਢੋਆ-ਢੁਆਈ ਨਿਸ਼ਚਿਤ ਕਰੇ ਅਤੇ ਵਾਧੂ ਢਾਉਣ ਵਾਲੇ ਅਨਾਜ ਦੀ ਵਸੂਲੀ ਟਰੱਕ ਓਪਰੇਟਰਾਂ ਨੂੰ ਦਿੱਤੀ ਜਾਵੇ। ਨਹੀਂ ਤਾਂ ਉਹ ਇਸ ਹਾਲਤ ਵਿੱਚ ਕੰਮ ਨਹੀਂ ਕਰ ਸਕਣਗੇ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦੋਦੜਾ ਨੇ ਦੱਸਿਆ ਕਿ ਬੁਢਲਾਡਾ ਵਿੱਚ ਇਸ ਵੇਲੇ 200 ਦੇ ਕਰੀਬ ਟਰੱਕ ਓਪਰੇਟਰ ਬਾਈਕਾਟ ਕਰਕੇ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਕੁਝ ਗੈਰ ਪਰਮਿਟ ਵਾਲੇ ਟਰੱਕ ਓਪਰੇਟਰ ਕੰਮ ਕਰ ਰਹੇ ਹਨ। ਇਹ ਸਭ ਇੱਕ ਭੁਲੇਖਾ ਪਾਉਣ ਲਈ ਕੀਤਾ ਜਾ ਰਿਹਾ ਹੈ। ਜਦਕਿ ਸਮੂਹ ਟਰੱਕ ਓਪਰੇਟਰ ਠੇਕੇਦਾਰ ਦੀ ਮਨਮਰਜੀ ਤੋਂ ਔਖੇ ਹਨ। ਦੂਸਰੀ ਤਰਫ ਠੇਕੇਦਾਰ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕੀਤੀਆਂ ਜਾ ਚੁੱਕੀਆਂ ਹਨ। ਪਰ ਕੁਝ ਵਿਅਕਤੀ ਧੱਕੇ ਨਾਲ ਸਪੈਸ਼ਲ ਅਨਾਜ ਦੀ ਢੌਆ-ਢੁਆਈ ਲਈ ਆਪਣੀਆਂ ਗੱਡੀਆਂ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਟਰੱਕਾਂ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਵਜਨ ਹੀ ਲੋਡ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਵੀ ਟਰਾਂਸਪੋਰਟ ਹੈ ਜੋ ਢੋਆ-ਢੁਆਈ ਕਰਨ ਤੇ ਲੱਗੀ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੋਦੜਾ ਉਨ੍ਹਾਂ ਨੂੰ ਜਾਣ ਬੁੱਝ ਕੇ ਖਰਾਬ ਕਰ ਰਿਹਾ ਹੈ ਅਤੇ ਉਸ ਵੱਲੋਂ ਜੋ ਦੋਸ਼ ਲਗਾਏ ਗਏ ਹਨ, ਉਹ ਬਿਲਕੁੱਲ ਝੂਠੇ ਹਨ। ਇਸ ਵਿੱਚ ਕੋਈ ਸੱਚਾਈ ਨਹੀਂ ਹੈ।