ਭਾਕਿਯੂ (ਕਾਦੀਆ) ਨੇ ਤਪਾ-ਢਿੱਲਵਾਂ ਹਾਈਵੇ ਕੀਤਾ ਜਾਮ
Monday, Jun 17, 2024 - 01:31 PM (IST)
ਤਪਾ ਮੰਡੀ (ਸ਼ਾਮ, ਗਰਗ) : ਇਸ ਗਰਮੀ ਦੇ ਮੌਸਮ 'ਚ ਪੈ ਰਹੀ ਭਾਰੀ ਧੁੱਪ ਦੌਰਾਨ ਭਾਕਿਯੂ (ਕਾਦੀਆ) ਨੇ ਤਪਾ-ਢਿੱਲਵਾਂ ਮੁੱਖ ਰੋਡ ‘ਤੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ (ਕਾਦੀਆ) ਦੇ ਜ਼ਿਲ੍ਹਾ ਜਨਰਲ ਸਕੱਤਰ ਰੂਪ ਸਿੰਘ ਢਿੱਲਵਾਂ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਸਰਕਾਰ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਨ ਲਈ ਸੜਕ ਪੁੱਟ ਦਿੱਤੀ ਸੀ ਪਰ ਬਿਰਧ ਆਸ਼ਰਮ ਬਣ ਗਿਆ ਪਰ ਅੱਧਾ ਕਿਲੋਮੀਟਰ ਸੜਕ ਦੇ ਟੋਟੇ ‘ਚ ਮੋਟਾ ਪੱਥਰ ਪਾ ਕੇ ਅੱਧ ਵਿਚਕਾਰ ਛੱਡ ਦਿੱਤਾ ਗਿਆ।
ਇਸ ਸੜਕ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਯੂਨੀਵਰਸਿਟੀ, ਸਰਕਾਰੀ ਸਕੂਲ, ਹਸਪਤਾਲ, ਨਵੋਦਿਆ ਸਕੂਲ ਅਤੇ 12 ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਰੋਡ ਮੁੱਖ ਮਾਰਗ ਤੋਂ ਨੇੜੇ ਪੈਂਦਾ ਹੈ। ਪ੍ਰੀਮਿਕਸ ਨਾ ਪੈਣ ਕਾਰਨ ਦੋਪਹੀਆ ਵਾਹਨ ਚਾਲਕ ਮੋਟੇ ਪੱਥਰਾਂ 'ਤੇ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ। ਇਸ ਸੰਬੰਧੀ ਕਈ ਵਾਰ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਨੂੰ ਕਿਹਾ ਗਿਆ ਹੈ ਪਰ ਇਹੋ ਜਵਾਬ ਮਿਲਦਾ ਹੈ ਕਿ ਜਲਦੀ ਹੀ ਬਣਾ ਦਿੱਤੀ ਜਾਵੇਗੀ।
ਅੱਜ ਸਿੰਘਾਂ ਪੱਤੀ ਦੇ ਲੋਕਾਂ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਪਹਿਲਾਂ ਬਿਰਧ ਆਸ਼ਰਮ ਪਾਸ ਧਰਨਾ ਲਗਾਇਆ ਤਾਂ ਤੁਰੰਤ ਬਿਰਧ ਆਸ਼ਰਮ ਦਾ ਨਿਰਮਾਣ ਕਰ ਰਿਹਾ ਠੇਕੇਦਾਰ ਪ੍ਰੀਮਿਕਸ ਪਾਉਣ ਲਈ ਤਿਆਰ ਹੋ ਗਿਆ। ਭਾਕਿਯੂ ਦੇ ਨੁਮਾਇੰਦੇ ਇਸ ਗੱਲ 'ਤੇ ਅੜੇ ਹੋਏ ਹਨ ਕਿ ਅੱਧਾ ਕਿਲੋਮੀਟਰ ਸਾਰੀ ਰੋਡ 'ਤੇ ਪ੍ਰੀਮਿਕਸ ਪਾਵੇ ਪਰ ਉਹ ਬਿਰਧ ਆਸ਼ਰਮ ਨੂੰ ਜਾਂਦੇ ਰਾਸਤੇ ‘ਚ ਪਾਉਣ ਲਈ ਕਹਿ ਰਿਹਾ ਸੀ ਤਾਂ ਅੱਕੇ ਹੋਏ ਕਿਸਾਨਾਂ ਨੇ ਤਪਾ-ਢਿੱਲਵਾਂ ਮੁੱਖ ਮਾਰਗ 'ਤੇ ਚੱਕਾ ਜਾਮ ਕਰ ਦਿੱਤਾ। ਧਰਨੇ ਦਾ ਪਤਾ ਲੱਗਦੇ ਹੀ ਥਾਣਾ ਮੁੱਖੀ ਕੁਲਜਿੰਦਰ ਸਿੰਘ ਗਰੇਵਾਲ,ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਪੀ. ਡਬਲਯੂ. ਡੀ. ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਜਲਦੀ ਸੜਕ ਬਣਾਉਣ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਿਆ ਗਿਆ।