ਲੋਪੋਂ ਵਿਖੇ ਲੱਗੀਆਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਮਹੀਨੇ ''ਚ ਹੋਈਆਂ ਖਰਾਬ

11/12/2017 2:06:25 AM

ਬੱਧਨੀ ਕਲਾਂ,   (ਮਨੋਜ/ਗੋਪੀ ਰਾਊਕੇ)-  ਸਰਕਾਰ ਵੱਲੋਂ ਬਿਜਲੀ ਦੀ ਖਪਤ ਘੱਟ ਕਰਨ ਲਈ ਜਿੱਥੇ ਪਿੰਡਾਂ, ਸ਼ਹਿਰਾਂ ਦੇ ਲੋਕਾਂ ਨੂੰ ਸੂਰਜੀ ਊਰਜਾ ਨਾਲ ਬਿਜਲੀ ਪੈਦਾ ਕਰਨ ਲਈ ਪ੍ਰਾਜੈਕਟ ਲਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਪਿੰਡਾਂ, ਸ਼ਹਿਰਾਂ ਦੀਆਂ ਫਿਰਨੀਆਂ ਅਤੇ ਮੇਨ ਸੜਕਾਂ ਦੇ ਕਿਨਾਰਿਆਂ 'ਤੇ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਤੌਰ 'ਤੇ ਲੱਗੀਆਂ ਲਾਈਟਾਂ 'ਚ ਘਟੀਆ ਸਾਮਾਨ ਵਰਤਣ ਨਾਲ ਸਰਕਾਰ ਨੂੰ ਠੇਕੇਦਾਰਾਂ ਨੇ ਕਰੋੜਾਂ ਦਾ ਚੂਨਾ ਲਾਇਆ ਹੈ, ਜਿਸ 'ਚ ਵੱਡਾ ਘਪਲਾ ਹੋਣ ਦਾ ਸ਼ੱਕ ਵੀ ਹੋ ਰਿਹਾ ਹੈ। 
ਉੱਥੇ ਹੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਉਕਤ ਲਾਈਟਾਂ ਇਕ ਮਹੀਨੇ 'ਚ ਹੀ ਖਰਾਬ ਹੋ ਗਈਆਂ। ਲੋਕਾਂ ਨੇ ਇਸ ਮਾਮਲੇ 'ਚ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਲਾਈਟਾਂ ਠੀਕ ਕਰਨ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਇਨ੍ਹਾਂ ਲਾਈਟਾਂ ਤੋਂ ਹੀ ਦੁਖੀ ਲੋਕ ਜਿਨ੍ਹਾਂ ਘਰਾਂ 'ਚ ਸੂਰਜੀ ਊਰਜਾ ਨਾਲ ਬਿਜਲੀ ਪੈਦਾ ਕਰਨ ਵਾਲਾ ਪ੍ਰਾਜੈਕਟ ਲਵਾਉਣ ਦਾ ਮਨ ਬਣਾਇਆ ਸੀ, ਉਹ ਵੀ ਪਾਸਾ ਵੱਟਣ ਲੱਗ ਪਏ ਹਨ।  ਇਸ ਘਪਲੇ ਦੀ ਮਿਸਾਲ ਪਿੰਡ ਲੋਪੋਂ 'ਚ ਲੱਗੀਆਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਤੋਂ ਮਿਲਦੀ ਹੈ, ਜਿੱਥੇ ਕੁਲ 43 ਲਾਈਟਾਂ ਪੰਚਾਇਤ ਨੇ ਪਿੰਡ ਦੀ ਫਿਰਨੀ ਅਤੇ ਖੇਡ ਗਰਾਊਂਡ 'ਚ ਲਵਾਈਆਂ ਸਨ, ਜੋ ਇਕ ਮਹੀਨੇ 'ਚ ਹੀ ਖ਼ਰਾਬ ਹੋ ਗਈਆਂ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮੁਕੰਦ ਸਿੰਘ ਅਤੇ ਭਾਗ ਸਿੰਘ ਨੇ ਦੱਸਿਆ ਕਿ ਪੰਚਾਇਤ ਨੂੰ ਵਾਰ-ਵਾਰ ਕਹਿਣ 'ਤੇ ਵੀ ਲਾਈਟਾਂ ਬੰਦ ਪਈਆਂ ਹਨ, ਜਿਸ ਕਰ ਕੇ ਹੁਣ ਰਾਤਾਂ ਨੂੰ ਪੈ ਰਹੀ ਧੁੰਦ ਨਾਲ ਚਾਰੇ ਪਾਸੇ ਹਨੇਰਾ ਹੋ ਜਾਂਦਾ ਹੈ। ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਜਿੱਥੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ, ਉੱਥੇ ਹੀ ਲਾਈਟਾਂ ਨੂੰ ਜਲਦੀ ਠੀਕ ਕਰਨ ਦੀ ਵੀ ਗੁਹਾਰ ਲਾਈ। 


Related News