ਭਾਰਤ ’ਚ 56 ਫੀਸਦੀ ਬਿਮਾਰੀਆਂ ਦਾ ਕਾਰਨ ਹੈ ਖਰਾਬ ਭੋਜਨ
Thursday, May 09, 2024 - 08:06 PM (IST)
ਨਵੀਂ ਦਿੱਲੀ, (ਭਾਸ਼ਾ)- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ’ਚ 56.4 ਫੀਸਦੀ ਬਿਮਾਰੀਆਂ ਦਾ ਕਾਰਨ ਗੈਰ-ਸਿਹਤਮੰਦ ਖੁਰਾਕ ਦੇ ਸੇਵਨ ਕਰਨਾ ਹੈ। ਆਈ. ਸੀ. ਐੱਮ. ਆਰ. ਨੇ ਜ਼ਰੂਰੀ ਪੌਸ਼ਟਿਕ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ, ਮੋਟਾਪਾ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ 17 ਪ੍ਰਕਾਰ ਦੀ ਖੁਰਾਕ ਦੇ ਸੇਵਨ ਦੇ ਸਬੰਧ ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਆਈ. ਸੀ. ਐੱਮ. ਆਰ. ਦੇ ਅਧੀਨ ਕੰਮ ਕਰਦੇ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ (ਐੱਨ. ਆਈ. ਐੱਨ.) ਨੇ ਕਿਹਾ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਸ਼ੂਗਰ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਨੇ ਕਿਹਾ, ‘‘ਇਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਨੂੰ ਰੋਕਿਆ ਜਾ ਸਕਦਾ ਹੈ।’’ ਐੱਨ. ਆਈ. ਐੱਨ. ਨੇ ਘੱਟ ਨਮਕ ਖਾਣ, ਤੇਲ ਅਤੇ ਚਰਬੀ ਦੀ ਘੱਟ ਮਾਤਰਾ ਵਰਤਣ, ਸਹੀ ਕਸਰਤ ਕਰਨ, ਖੰਡ ਅਤੇ ਜੰਕ ਫੂਡ ਨੂੰ ਘੱਟ ਖਾਣ ਦੀ ਅਪੀਲ ਕੀਤੀ ਹੈ।