ਪੰਜਾਬ 'ਚ ਹਾਈਵੇਅ ਜਾਮ, ਪੂਰੀ ਤਰ੍ਹਾਂ ਰੋਕੀ ਗਈ ਆਵਾਜਾਈ

Tuesday, Jan 28, 2025 - 11:33 AM (IST)

ਪੰਜਾਬ 'ਚ ਹਾਈਵੇਅ ਜਾਮ, ਪੂਰੀ ਤਰ੍ਹਾਂ ਰੋਕੀ ਗਈ ਆਵਾਜਾਈ

ਲੁਧਿਆਣਾ (ਅਨਿਲ):  ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਅੰਮ੍ਰਿਤਸਰ ਸ਼ਹਿਰ ਵਿਚ ਬੁੱਤ ਨੂੰ ਤੋੜਨ ਦੇ ਰੋਸ ਵਜੋਂ ਅੱਜ ਲੁਧਿਆਣਾ ਦੇ ਦਲਿਤ ਸਮਾਜ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਨੈਸ਼ਨਲ ਹਾਈਵੇ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।

PunjabKesari

ਇਸ ਮੌਕੇ ਦਲਿਤ ਸਮਾਜ ਵੱਲੋਂ ਜਲੰਧਰ ਬਾਈਪਾਸ ਚੌਕ ਤੋਂ ਲੈ ਕੇ ਸਬਜ਼ੀ ਮੰਡੀ, ਬਹਾਦਰਕੇ ਰੋਡ, ਕਾਰਾਬਾਰਾ ਰੋਡ, ਬਸਤੀ ਜੋਧੇਵਾਲ ਚੌਕ ਵਿਚ ਧਰਨੇ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਦਲਿਤ ਸਮਾਜ ਦੇ ਨੇਤਾਵਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੇ ਦਿਨ ਦੇਸ਼ ਦਾ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਪਰ ਉਸੇ ਦਿਨ ਅੰਮ੍ਰਿਤਸਰ ਸ਼ਹਿਰ ਵਿਚ ਦੇਸ਼ ਦੇ ਸੰਵਿਧਾਨ ਰਚੇਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ’ਤੇ ਇਕ ਸ਼ਰਾਰਤੀ ਅਨਸਰ ਵੱਲੋਂ ਪੌੜੀ ਲਾ ਕੇ ਚੜ੍ਹਿਆ ਜਾਂਦਾ ਹੈ ਅਤੇ ਫਿਰ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਿਆ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਕਤ ਮੁਲਜ਼ਮ ਅਨਸਰ ਵੱਲੋਂ ਸੰਵਿਧਾਨ ਦੀ ਪੁਸਤਕ ਨੂੰ ਉਥੇ ਹੀ ਪੈਟ੍ਰੋਲ ਪਾ ਕੇ ਅੱਗ ਲਾਈ ਜਾਂਦੀ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੱਡਾ ਸ਼ਰਮਨਾਕ ਦਿਨ ਹੋਰ ਕਿਹੜਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਪਿੱਛੇ ਸੋਚੀ ਸਮਝੀ ਸਾਜ਼ਿਸ਼ ਹੈ ਜੋ ਜਾਣਬੁੱਝ ਕੇ 26 ਜਨਵਰੀ ਸੰਵਿਧਾਨ ਦਿਵਸ ਦੇ ਦਿਨ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ 24 ਘੰਟੇ ਪੁਲਸ ਦਾ ਪਹਿਰਾ ਹੁੰਦਾ ਹੈ ਪਰ ਫਿਰ ਵੀ ਉਸ ਦਿਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਿਆ ਗਿਆ। ਅਜਿਹੇ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਹਮੇਸ਼ਾ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਰੀ ਜ਼ਿੰਦਗੀ ਉਕਤ ਮੁਲਜ਼ਮ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਨਾ ਆ ਸਕੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਲਿਤ ਸਮਾਜ ਨੂੰ ਇਹ ਠੇਸ ਪਹੁੰਚਾਈ ਹੈ, ਉਸ ਨੂੰ ਦਲਿਤ ਸਮਾਜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ ਜਿਸ ਦੇ ਲਈ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟੇਗਾ। ਰੋਸ ਪ੍ਰਦਰਸ਼ਨ ਦੌਰਾਨ ਦਲਿਤ ਸਮਾਜ ਦੇ ਨੇਤਾਵਾਂ ਵੱਲੋਂ ਨੈਸ਼ਨਲ ਹਾਈਵੇਅ ਅਤੇ ਸਾਰੇ ਚੌਕਾਂ ਨੂੰ ਪੂਰੀ ਤਰ੍ਹਾਂ ਬੰਦ ਕਰਦੇ ਹੋਏ ਧਰਨੇ ਲਗਾਏ ਗਏ ਅਤੇ ਕਿਸੇ ਵੀ ਵਾਹਨ ਚਾਲਕ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਇਸ ਤੋਂ ਬਾਅਦ ਮੌਕੇ ‘ਤੇ ਏ.ਸੀ.ਪੀ. ਨਾਰਥ ਦਵਿੰਦਰ ਕੁਮਾਰ ਚੌਧਰੀ ਪੁਲਸ ਟੀਮ ਦੇ ਨਾਲ ਪੁੱਜੇ ਜਿਨ੍ਹਾਂ ਨੇ ਦਲਿਤ ਸਮਾਜ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਏ.ਸੀ.ਪੀ. ਚੌਧਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਜੇਕਰ ਕਿਸੇ ਵਿਅਕਤੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ।

PunjabKesari

ਆਮ ਲੋਕਾਂ ਨੂੰ ਸਹਿਣੀਆਂ ਪਈਆਂ ਭਾਰੀ ਮੁਸ਼ਕਲਾਂ

ਲੁਧਿਆਣਾ ਵਿਚ ਦਲਿਤ ਸਮਾਜ ਵੱਲੋਂ ਸ਼ਹਿਰ ਬੰਦ ਕਰਨ ਨੂੰ ਲੈ ਕੇ ਜਿਵੇਂ ਹੀ ਦਲਿਤ ਸਮਾਜ ਦੇ ਨੇਤਾਵਾਂ ਵੱਲੋਂ ਜਲੰਧਰ ਬਾਈਪਾਸ ਚੌਕ ਵਿਚ ਧਰਨਾ ਲਗਾ ਕੇ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ, ਉਸ ਤੋਂ ਬਾਅਦ ਹਾਈਵੇ ਅਤੇ ਲਿੰਕ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲਗ ਗਈਆਂ। ਕਈ ਲੋਕ ਅੱਗੇ ਜਾਣ ਲਈ ਕਿਲੋਮੀਟਰ ਪੈਦਲ ਹੀ ਚਲਦੇ ਦਿਖਾਈ ਦਿੱਤੇ। ਹਾਈਵੇ ਜਾਮ ਕਰਨ ਤੋਂ ਬਾਅਦ ਕਈ ਵਾਹਨ ਚਾਲਕ ਆਸ –ਪਾਸ ਦੇ ਪਿੰਡਾਂ ਤੋਂ ਹੁੰਦੇ ਹੋਏ ਨੈਸ਼ਨਲ ਹਾਈਵੇ ’ਤੇ ਪੁੱਜੇ। ਲੋਕ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ 7 ਘੰਟੇ ਤੱਕ ਅਪਣੇ ਵਾਹਨਾਂ ਵਿਚ ਬੈਠਣ ਲਈ ਮਜਬੂਰ ਦਿਖਾਈ ਦਿੱਤੇ ਪਰ ਲੋਕਾਂ ਦੀ ਸਮੱਸਿਆ ਦੂਰ ਕਰਨ ਵੱਲ ਕਿਸੇ ਵੀ ਵਿਭਾਗ ਦੇ ਅਧਿਕਾਰੀ ਦੀ ਇਕ ਵੀ ਮਨਮਰਜ਼ੀ ਪ੍ਰਦਰਸ਼ਨ ਕਰਨ ਵਾਲਿਆਂ ਨੇ ਚੱਲਣ ਨਹੀਂ ਦਿੱਤੀ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News