ਸਕੂਲ ਦੇ ਪ੍ਰਿੰਸੀਪਲ ਦਾ ਘਟੀਆ ਕਾਰਾ, 10 ਸਾਲਾ ਬੱਚੀ ਨਾਲ ਕੀਤੀ ਜਬਰ-ਜ਼ਿਨਾਹ ਦੀ ਕੋਸ਼ਿਸ਼

03/24/2023 10:54:09 AM

ਲੁਧਿਆਣਾ (ਰਾਜ) : ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਕੈਲਾਸ਼ ਨਗਰ ’ਚ ਸਥਿਤ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ 10 ਸਾਲ ਦੀ ਬੱਚੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਧਿਰ ਦਾ ਦੋਸ਼ ਹੈ ਕਿ ਮੁਲਜ਼ਮ ’ਤੇ ਕਾਰਵਾਈ ਦੀ ਬਜਾਏ ਪੁਲਸ 2 ਦਿਨਾਂ ਤੋਂ ਵਾਰ-ਵਾਰ ਥਾਣੇ ਬੁਲਾ ਕੇ ਉਨ੍ਹਾਂ ’ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ, ਸਗੋਂ ਮੁਲਜ਼ਮ ਧਿਰ ਦਾ ਸਾਥ ਦੇ ਰਹੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਜੋਧੇਵਾਲ ਇਲਾਕੇ ’ਚ ਰਹਿੰਦੇ ਹਨ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ ਦੋ ਧੀਆਂ ਹਨ। ਉਹ ਕੰਮ-ਕਾਜ ਕਰ ਕੇ ਆਪਣਾ ਅਤੇ ਧੀਆਂ ਦਾ ਪੇਟ ਪਾਲਦੀ ਹੈ। ਉਨ੍ਹਾਂ ਦੇ ਇਲਾਕੇ ’ਚ ਇਕ ਨਿੱਜੀ ਸਕੂਲ ਹੈ, ਜਿੱਥੇ ਉਸ ਦੀ ਧੀ 6ਵੀਂ ਜਮਾਤ ’ਚ ਪੜ੍ਹਦੀ ਹੈ। ਇਸ ਦੇ ਨਾਲ ਹੀ ਉਹ ਸਕੂਲ ’ਚ ਸਾਫ਼-ਸਫ਼ਾਈ ਵੀ ਕਰਦੀ ਹੈ, ਜਿੰਨੇ ਪੈਸੇ ਮਿਲਦੇ ਹਨ, ਉਹ ਉਸ ਨਾਲ ਬੱਚੀ ਦੀ ਸਕੂਲ ਫ਼ੀਸ ਭਰ ਦਿੰਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚੋਂ ਭੱਜਣ ਮਗਰੋਂ ਅੰਮ੍ਰਿਤਪਾਲ ਦੇ ਉੱਤਰਾਖੰਡ 'ਚ ਹੋਣ ਦਾ ਖ਼ਦਸ਼ਾ, ਜਾਰੀ ਕੀਤਾ ਗਿਆ ਅਲਰਟ

ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਸ਼ਾਮ ਨੂੰ ਸਕੂਲ ਪ੍ਰਿੰਸੀਪਲ ਉਸ ਦੇ ਘਰ ਆਇਆ ਸੀ। ਉਹ ਘਰ ’ਚ ਮੌਜੂਦ ਨਹੀਂ ਸੀ। ਉਸ ਦੀਆਂ ਧੀਆਂ ਘਰ ’ਚ ਸਨ। ਉਸ ਨੇ ਵੱਡੀ ਧੀ ਨੂੰ ਸਾਫ਼-ਸਫ਼ਾਈ ਲਈ ਬੁਲਾਇਆ ਸੀ। ਇਸ ਲਈ ਉਸ ਦੀ ਧੀ ਚਲੀ ਗਈ ਸੀ, ਜਿੱਥੇ ਸਕੂਲ ਪ੍ਰਿੰਸੀਪਲ ਨੇ ਉਸ ਦੀ ਧੀ ਨਾਲ ਗੰਦੀਆਂ ਹਰਕਤਾਂ ਕੀਤੀਆਂ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦੀ ਧੀ ਰੋਣ ਲੱਗੀ ਤਾਂ ਉਸ ਨੂੰ ਕੁੱਝ ਪੈਸੇ ਦੇ ਕੇ ਘਰ ਭੇਜ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਨੂੰ ਕੁੱਝ ਨਾ ਦੱਸੇ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਘਰ ਪੁੱਜਣ ਤੋਂ ਬਾਅਦ ਧੀ ਨੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਇਕੱਠੇ ਕਰ ਕੇ ਸਾਰੀ ਘਟਨਾ ਦੱਸੀ।

ਇਹ ਵੀ ਪੜ੍ਹੋ : ਤਾਂਤਰਿਕ ਦੇ ਕਹਿਣ 'ਤੇ ਔਲਾਦ ਪ੍ਰਾਪਤੀ ਲਈ ਦਿੱਤੀ ਸੀ ਮਾਸੂਮ ਭੈਣ-ਭਰਾ ਦੀ ਬਲੀ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਇਸ ਤੋਂ ਬਾਅਦ ਲੋਕਾਂ ਨੇ ਸਕੂਲ ਦੇ ਬਾਹਰ ਪੁੱਜ ਕੇ ਹੰਗਾਮਾ ਕਰ ਦਿੱਤਾ। ਪੁਲਸ ਨੂੰ ਸੂਚਨਾ ਦੇਣ ’ਤੇ ਥਾਣਾ ਬਸਤੀ ਜੋਧੇਵਾਲ ਤੋਂ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਮੁਲਜ਼ਮ ਵਿਅਕਤੀ ਨੂੰ ਆਪਣੇ ਨਾਲ ਥਾਣੇ ਲੈ ਗਏ। ਪੀੜਤ ਦੀ ਮਾਂ ਦਾ ਦੋਸ਼ ਹੈ ਕਿ ਘਟਨਾ ਵਾਲੇ ਦਿਨ ਪੁਲਸ ਨੇ ਸਿਰਫ ਸ਼ਿਕਾਇਤ ਲਿਖਣ ’ਚ ਕਈ ਘੰਟੇ ਲਗਾ ਦਿੱਤੇ ਸਨ। ਥਾਣੇ ’ਚ ਮੌਜੂਦ ਪੁਲਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਐੱਸ. ਐੱਚ. ਓ. ਛੁੱਟੀ ’ਤੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸ਼ਿਕਾਇਤ ਲਿਖੀ ਜਾਵੇਗੀ। ਕਈ ਘੰਟੇ ਪੁਲਸ ਨੇ ਉਨ੍ਹਾਂ ਨੂੰ ਥਾਣੇ ਦੇ ਅੰਦਰ ਹੀ ਬਿਠਾਈ ਰੱਖਿਆ। ਫਿਰ ਮੁਹੱਲੇ ਦੇ ਲੋਕਾਂ ਵਲੋਂ ਰੋਸ ਜ਼ਾਹਿਰ ਕਰਨ ਤੋਂ ਬਾਅਦ ਜਾ ਕੇ ਉਨ੍ਹਾਂ ਦੀ ਸ਼ਿਕਾਇਤ ਲਿਖੀ ਗਈ। ਪੀੜਤ ਧਿਰ ਦਾ ਦੋਸ਼ ਹੈ ਕਿ ਪੁਲਸ ਨੇ ਮੁਲਜ਼ਮ ਨੂੰ ਉਸੇ ਦਿਨ ਹਿਰਾਸਤ ’ਚ ਲੈ ਲਿਆ ਸੀ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News