ਲੁਧਿਆਣਾ 'ਚ ਕੋਰੋਨਾ ਦਾ ਕਹਿਰ, 181 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 13 ਮਰੀਜ਼ਾਂ ਦੀ ਹੋਈ ਮੌਤ

08/13/2020 11:38:35 PM

ਲੁਧਿਆਣਾ,(ਸਹਿਗਲ): ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਬਿਲਕੁਲ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ, ਹਰ ਦਿਨ ਜ਼ਿਲ੍ਹੇ 'ਚ ਕੋਰੋਨਾ ਦੇ ਸੈਂਕੜੇ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਲੁਧਿਆਣਾ ਵਾਸੀਆਂ ਤੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਅੱਜ 13 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 186 ਪਾਜ਼ੇਟਿਵ ਆਏ ਹਨ। ਹੁਣ ਤੱਕ ਜ਼ਿਲੇ ਵਿਚ 207 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 5948 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਲੁਧਿਆਣਾ ਦੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲਿਆਂ ਵਿਚੋਂ 664 ਦੀ ਰਿਪੋਰਟ ਪਾਜ਼ੇਟਿਵ, ਜਦਕਿ ਇਨ੍ਹਾਂ ਵਿਚੋਂ 48 ਦੀ ਮੌਤ ਹੋ ਚੁੱਕੀ ਹੈ। 207 ਮਰੀਜ਼ਾਂ ਦੇ ਮਰਨ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵਧਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਸਰਕਾਰ ਕਰਫਿਊ ਦਾ ਸਮਾਂ ਵਧਾਵੇ ਅਤੇ ਹੋਰ ਜ਼ਰੂਰੀ ਕਦਮ ਚੁੱਕੇ।
ਸਿਵਲ ਸਰਜ਼ਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ 186 ਮਰੀਜ਼ਾਂ ਵਿਚੋਂ 181 ਜ਼ਿਲੇ ਦੇ ਰਹਿਣ ਵਾਲੇ ਜਦੋਂਕਿ 5 ਦੂਜੇ ਜ਼ਿਲਿਆਂ ਦੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿਚ ਜ਼ਿਲ੍ਹੇ ਵਿਚ 1710 ਐਕਟਿਵ ਮਰੀਜ਼ ਹਨ।

ਸਰਕਾਰ ਨੂੰ ਸ਼ੱਕ ਹੈ ਅਜੇ ਵਧਣਗੇ ਮਰੀਜ਼
ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਰੀਜ਼ਾਂ ਦੀ ਗਿਣਤੀ ਹੋਰ ਵਧੇਗੀ ਅਤੇ ਮਰਨ ਵਾਲਿਆਂ ਦਾ ਅੰਕੜਾ ਵੀ। ਇਸ ਲਈ ਸਾਰੇ ਜ਼ਿਲ੍ਹਿਆਂ ਨੂੰ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਵਧਾਉਣ ਲਈ ਕਿਹਾ ਜਾ ਰਿਹਾ ਹੈ।

2567 ਸੈਂਪਲ ਜਾਂਚ ਲਈ ਭੇਜੇ, 2247 ਦੀ ਰਿਪੋਰਟ ਪੈਂਡਿੰਗ
ਸਿਹਤ ਵਿਭਾਗ ਦੀ ਟੀਮ ਨੇ ਅੱਜ ਸਰਵੇ ਅਤੇ ਜਾਂਚ ਤੋਂ ਬਾਅਦ 2567 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ 2247 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਇਕ ਸ਼ਿਕਾਇਤ ਇਹ ਵੀ ਹੈ ਕਿ ਉਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਕਈ ਕਈ ਦਿਨ ਉਨ੍ਹਾਂ ਨੂੰ ਨਹੀਂ ਮਿਲ ਰਹੀ।

77,409 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ
ਹੁਣ ਤੱਕ ਜ਼ਿਲਾ ਸਿਹਤ ਵਿਭਾਗ ਵੱਲੋਂ 70,409 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 75,162 ਸੈਂਪਲਾਂ ਦੀ ਰਿਪੋਰਟ ਵਿਭਾਗ ਨੂੰ ਮਿਲੀ ਹੈ। ਇਸ ਵਿਚੋਂ 68,550 ਵਿਅਕਤੀਆ ਦੇ ਸੈਂਪਲ ਨੈਗੇਟਿਵ ਆਏ ਹਨ।

593 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ
ਸਿਹਤ ਵਿਭਾਗ ਵੱਲੋਂ ਅੱਜ 593 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਕੁਝ ਦਿਨ ਇਕਾਂਤਵਾਸ ਰਹਿਣਾ ਹੋਵੇਗਾ। ਮੌਜੂਦਾ ਵਿਚ 5282 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਕੀ ਕਹਿੰਦੇ ਹਨ ਮਾਹਿਰ
ਮਾਹਿਰਾਂ ਕਹਿਣਾ ਹੈ ਕਿ ਸ਼ਹਿਰ ਵਿਚ ਮਾਇਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵੱਧ ਰਹੀ ਹੈ। ਬਿਹਤਰ ਹੋਵੇਗਾ ਕਿ ਸਰਕਾਰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਈ ਹੋਰ ਉਪਾਅ ਕੱਢੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਜ਼ਿਆਦਾਤਰ ਖੇਤਰ ਮਾਇਕ੍ਰੋ ਕੰਟੇਨਮੈਂਟ ਜ਼ੋਨ ਬਣ ਜਾਣਗੇ।

ਵਧਦੀ ਮੌਤ ਦਰ 'ਤੇ ਲਗਾਏ ਰੋਕ
ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧਦੀ ਮੌਤ ਦਰ 'ਤੇ ਰੋਕ ਲਗਾਵੇ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ 10 ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਵਿਚ ਇਹ ਸਵਾਲ ਪ੍ਰਮੁੱਖਤਾ ਨਾਲ ਚੁੱਕਿਆ ਸੀ ਕਿ ਸਾਰੇ ਆਪਣੇ-ਆਪਣੇ ਰਾਜਾਂ ਵਿਚ ਵਧਦੀ ਮੌਤ ਦਰ ਨੂੰ ਲਗਾਮ ਪਾਉਣ। ਇਸ ਵੀਡੀਓ ਕਾਨਫਰੰਸਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਰਾਜੇਸ਼ ਕੁਮਾਰ (51)ਨਿਊ ਗਗਨ ਨਗਰ ਦੀਪਕ ਹਸਪਤਾਲ ਵਿਚ ਭਰਤੀ ਸੀ, ਰਾਜ ਰਾਣੀ (80)ਨਿਊ ਉਪਕਾਰ ਨਗਰ ਦੀਪਕ ਹਸਪਤਾਲ ਵਿਚ ਭਰਤੀ ਸੀ, ਨਿਰਮਲ ਸਿੰਘ (71)ਜ਼ਿਲੇ ਦੇ ਰਹਿਣ ਵਾਲੇ ਸਨ ਤੇ ਐੱਸ.ਪੀ. ਹਸਪਤਾਲ ਵਿਚ ਭਰਤੀ ਸੀ, ਜੇ.ਕੇ. ਸ਼ਰਮਾ (72)ਬਸੰਤ ਸਿਟੀ ਓਸਵਾਲ ਹਸਪਤਾਲ ਵਿਚ ਭਰਤੀ ਸੀ, ਮੁਹੰਮਦ ਫੁਰਕਾਨ (45) ਫਤਹਿਗੜ੍ਹ ਮੁਹੱਲਾ ਜੀ.ਟੀ.ਬੀ.ਹਸਪਤਾਲ ਵਿਚ ਭਰਤੀ ਸੀ, ਸਾਹਿਲ (26) ਦਸਮੇਸ਼ ਨਗਰ ਜੀ.ਟੀ.ਬੀ.ਹਸਪਤਾਲ ਵਿਚ ਭਰਤੀ ਸੀ, ਮਨਜੀਤ ਸਿੰਘ (65)ਵਿਕਾਸ ਨਗਰ ਡੀ.ਐੱਮ.ਸੀ. ਹਸਪਤਾਲ ਵਿਚ ਭਰਤੀ ਸੀ, ਵੀਨਾ ਗੁਪਤਾ (67)ਬਾੜੇਵਾਲ ਓਰੀਸਨ ਹਸਪਤਾਲ ਵਿਚ ਭਰਤੀ ਸੀ, ਰਾਮ ਨਾਥ (54)
ਮੁੰਡੀਆਂ ਕਲਾਂ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ, ਵੀਨਾ ਮਲਹੋਤਰਾ (57)ਫੀਲਡਗੰਜ ਓਸਵਾਲ ਹਸਪਤਾਲ ਵਿਚ ਭਰਤੀ ਸੀ, ਗੁਰਦੀਪ ਸਿੰਘ (68)ਚੀਮਾ ਪਿੰਡ ਪਾਇਲ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ, ਹੇਮਾ ਵਤੀ (34)ਨੂਰਵਾਲਾ ਰੋਡ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ ਤੇ ਰਾਜਨ ਕੁਮਾਰ (54)ਲੁਧਿਆਣਾ ਓਸਵਾਲ ਹਸਪਤਾਲ ਵਿਚ ਭਰਤੀ ਸੀ।


Deepak Kumar

Content Editor

Related News