ਟਰਾਲੇ ਤੇ ਪਿਕਅੱਪ ਦੀ ਭਿਆਨਕ ਟੱਕਰ, ਵਿਅਕਤੀ ਦੀ ਮੌਤ
Thursday, Nov 06, 2025 - 03:23 PM (IST)
ਅਬੋਹਰ (ਸੁਨੀਲ) : ਨੇੜਲੇ ਪਿੰਡ ਬਹਾਵਵਾਲਾ ਨੇੜੇ ਬੀਤੀ ਦੇਰ ਰਾਤ ਇੱਕ ਟਰਾਲੇ ਅਤੇ ਇੱਕ ਪਿਕਅੱਪ ਦੀ ਭਿਆਨਕ ਟੱਕਰ ਹੋ ਗਈ। ਪਿਕਅੱਪ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਬੀਤੀ ਦੇਰ ਰਾਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਜਾ ਰਿਹਾ ਹੈ ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਰਾਮਸਰਾ ਪਿੰਡ ਵਾਸੀ ਕਾਕਾ ਸਿੰਘ ਅਤੇ ਪਿੰਡ ਮਿਡਾਸਰ ਵਾਸੀ ਕੁਲਦੀਪ ਸਿੰਘ ਅਤੇ ਇੱਕ ਹੋਰ ਵਿਅਕਤੀ ਬੀਤੀ ਰਾਤ 11 ਵਜੇ ਦੇ ਕਰੀਬ ਸੀਤੋ ਗੁੰਨੋ ਤੋਂ ਅਬੋਹਰ ਆ ਰਹੇ ਸਨ, ਜਦੋਂ ਉਹ ਬਹਾਵਵਾਲਾ ਪਿੰਡ ਦੇ ਨੇੜੇ ਪਹੁੰਚੇ ਤਾਂ ਅਬੋਹਰ ਤਰਫੋਂ ਹਨੂੰਮਾਨਗੜ੍ਹ ਜਾ ਰਹੇ ਇੱਕ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇਸ ਹਾਦਸੇ ਵਿੱਚ ਕਾਕਾ ਸਿੰਘ ਅਤੇ ਕੁਲਦੀਪ ਸਿੰਘ ਜ਼ਖਮੀ ਹੋ ਗਏ। ਨੇੜਲੇ ਨਿਵਾਸੀਆਂ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸਮਿਤੀ ਮੈਂਬਰ ਸੋਨੂੰ ਗਰੋਵਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਬਹਾਵਵਾਲਾ ਥਾਣਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਟਰਾਲਾ ਡਰਾਈਵਰ ਆਪਣਾ ਟਰਾਲਾ ਛੱਡ ਕੇ ਭੱਜ ਗਿਆ।
