ਚਲਦੀ ਐਂਬੂਲੈਂਸ ’ਚ ਨਾਬਾਲਿਗਾ ਨੇ ਦਿੱਤਾ ਬੱਚੇ ਨੂੰ ਜਨਮ, 6 ਦਿਨ ਬਾਅਦ ਜਵਾਕ ਦੀ ਹੋਈ ਮੌਤ
Tuesday, Nov 04, 2025 - 07:59 AM (IST)
ਫਿਲੌਰ (ਭਾਖੜੀ) - ਇਕ 14 ਸਾਲਾਂ ਦੀ ਨਾਬਾਲਿਗ ਲੜਕੀ ਨੇ ਚਲਦੀ ਐਂਬੂਲੈਂਸ ’ਚ ਬੱਚੇ ਨੂੰ ਜਨਮ ਦੇ ਦਿੱਤਾ, ਜਿਸ ਤੋਂ 6 ਦਿਨ ਬਾਅਦ ਬੱਚੇ ਦੀ ਮੌਤ ਹੋ ਗਈ, ਜਿਸ ਨੂੰ ਪਰਿਵਾਰ ਵਾਲਿਆਂ ਨੇ ਸ਼ਮਸ਼ਾਨਘਾਟ ਵਿਚ ਦਫਨਾ ਦਿੱਤਾ। ਸਥਾਨਕ ਪੁਲਸ ਨੇ ਨਾਬਾਲਿਗਾ ਦੀ ਸ਼ਿਕਾਇਤ ’ਤੇ ਇਕ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰ ਕੇ ਉਥੋਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ਸ਼ਹਿਰ ਦੀ ਪੀੜਤ ਲੜਕੀ ਰਹਿਣ ਵਾਲੀ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਸ਼ਮਸ਼ਾਨਘਾਟ ’ਚ ਦਫਨਾਈ ਬੱਚੇ ਦੀ ਲਾਸ਼ ਕੱਢ ਕੇ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਲੈ ਗਏ।
ਪੜ੍ਹੋ ਇਹ ਵੀ : ਮੁੜ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ : ਡੰਪਰ ਨੇ 10 ਵਾਹਨਾਂ ਨੂੰ ਮਾਰੀ ਟੱਕਰ, 10 ਲੋਕਾਂ ਦੀ ਮੌਤ
14 ਸਾਲਾ ਨਾਬਾਲਿਗ ਲੜਕੀ ਨੇ ਸਥਾਨਕ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ। ਉਸ ਦੇ ਮਾਤਾ-ਪਿਤਾ ਵੀ ਦਿਹਾੜੀ ’ਤੇ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਉਸ ਦੀ ਮਾਤਾ ਨੇ ਉਸ ਨੂੰ ਵੀ ਇਕ ਘਰ ’ਚ ਕੰਮ ਕਰਨ ਲਗਵਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਘਰ ਵਿਚ ਜੋ ਅੰਕਲ ਸਨ, ਉਨ੍ਹਾਂ ਨੇ ਇਕ ਦਿਨ ਉਸ ਦੇ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਛੱਡੇਗਾ ਨਹੀਂ, ਜਿਸ ਕਾਰਨ ਲੜਕੀ ਨੇ ਆਪਣੇ ਘਰ ’ਚ ਕਿਸੇ ਨੂੰ ਨਹੀਂ ਦੱਸਿਆ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਪੀੜਤਾ ਨੇ ਦੱਸਿਆ ਕਿ ਜਦੋਂ ਵੀ ਮੌਕਾ ਮਿਲਦਾ ਮੁਲਜ਼ਮ ਵਿਅਕਤੀ, ਜਿਸ ਨੂੰ ਲੜਕੀ ਅੰਕਲ ਕਹਿੰਦੀ ਹੈ, ਉਹ ਆਏ ਦਿਨ ਉਸ ਦੇ ਨਾਲ ਸਰੀਰਕ ਸਬੰਧ ਬਣਾ ਲੈਂਦਾ। ਪੀੜਤ ਬੱਚੀ ਦੇ ਢਿੱਡ ’ਚ ਦਰਦ ਰਹਿਣ ਲੱਗ ਗਿਆ ਤਾਂ ਉਸ ਨੇ ਘਟਨਾ ਦੀ ਜਾਣਕਾਰੀ ਆਪਣੀ ਮਾਤਾ ਨੂੰ ਦਿੱਤੀ। ਗਰੀਬ ਅਤੇ ਲਾਚਾਰ ਹੋਣ ਕਾਰਨ ਉਸ ਦੀ ਮਾਤਾ ਨੇ ਆਪਣੀ ਬੇਟੀ ਨੂੰ ਉਥੇ ਕੰਮ ਤੋਂ ਹਟਾ ਕੇ ਫਿਲੌਰ ਨੇੜਲੇ ਪਿੰਡ ਵਿਚ ਰਹਿਣ ਵਾਲੇ ਆਪਣੇ ਭਰਾ ਦੇ ਘਰ ਬੇਟੀ ਨੂੰ ਛੱਡ ਗਈ। ਕੁਝ ਸਮਾਂ ਬੀਤਣ ਤੋਂ ਬਾਅਦ ਕੁੜੀ ਦਾ ਢਿੱਡ ਬਾਹਰ ਆਉਣਾ ਸ਼ੁਰੂ ਹੋ ਗਿਆ ਤਾਂ ਮਾਮੇ ਨੂੰ ਪਤਾ ਲੱਗਾ ਕਿ ਉਸ ਦੀ 14 ਸਾਲਾ ਦੀ ਮਾਸੂਮ ਭਾਣਜੀ ਗਰਭਵਤੀ ਹੋ ਚੁੱਕੀ ਹੈ, ਜਿਸ ਦੇ ਢਿੱਡ ਵਿਚ ਜ਼ਾਲਮ ਅੰਕਲ ਦਾ ਬੱਚਾ ਪਲ ਰਿਹਾ ਸੀ। ਲੜਕੀ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਬੀਤੇ ਹਫ਼ਤੇ ਲੜਕੀ ਦੇ ਢਿੱਡ ’ਚ ਦਰਦ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਜਦੋਂ ਉਸ ਦਾ ਮਾਮਾ ਐਂਬੂਲੈਂਸ ਮੰਗਵਾ ਕੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਜਾ ਰਿਹਾ ਸੀ ਤਾਂ ਮਾਸੂਮ ਬੱਚੀ ਨੇ ਰਸਤੇ ਵਿਚ ਹੀ ਬੱਚੇ ਨੂੰ ਜਨਮ ਦੇ ਦਿੱਤਾ, ਜੋ ਲੜਕਾ ਸੀ। ਸਥਾਨਕ ਡਾਕਟਰਾਂ ਨੇ ਨਾਬਾਲਗ ਬੱਚੀ ਦੀ ਉਮਰ ਘੱਟ ਹੋਣ ਕਾਰਨ ਉਨ੍ਹਾਂ ਦਾ ਥੋੜ੍ਹਾ-ਬਹੁਤ ਇਲਾਜ ਕਰ ਕੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਪਰਿਵਾਰ ਵਾਲਿਆਂ ਮੁਤਾਬਕ 6 ਦਿਨ ਬਾਅਦ ਨਵਜੰਮੇ ਬੱਚੇ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ : ਇੰਤਜ਼ਾਰ ਖ਼ਤਮ! ਅੱਜ ਤੋਂ ਇਨ੍ਹਾਂ ਔਰਤਾਂ ਦੇ ਖ਼ਾਤੇ 'ਚ ਆਉਣਗੇ 2100 ਰੁਪਏ
ਪਰਿਵਾਰ ਵਾਲਿਆਂ ਨੇ ਬੱਚੇ ਨੂੰ ਸ਼ਮਸ਼ਾਨਘਾਟ ਵਿਚ ਦਫਨਾ ਦਿੱਤਾ। ਫਿਲੌਰ ਪੁਲਸ ਨੇ ਇਥੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਜਿਸ ਸ਼ਹਿਰ ਦੀ ਪੀੜਤ ਲੜਕੀ ਰਹਿਣ ਵਾਲੀ ਸੀ, ਉਥੋਂ ਦੀ ਪੁਲਸ ਨੂੰ ਸੂਚਿਤ ਕੀਤਾ। ਉਥੋਂ ਦੀ ਪੁਲਸ ਨੇ ਮੁਲਜ਼ਮ ਵਿਰੁੱਧ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਇਕ ਹੋਰ ਕੇਸ ਦਰਜ ਕਰ ਕੇ ਪੀੜਤਾ ਦੀ ਸ਼ਿਕਾਇਤ ’ਤੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਨਾਲ ਸ਼ਮਸ਼ਾਨਘਾਟ ਪੁੱਜ ਕੇ ਕਬਰ ਪੁੱਟ ਕੇ ਨਵ-ਜੰਮੇ ਬੱਚੇ ਦੀ ਲਾਸ਼ ਬਰਾਮਦ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
