ਲੁਧਿਆਣਾ ’ਚ ਬਣੇਗਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰੇਲਵੇ ਸਟੇਸ਼ਨ, 400 ਕਰੋੜ ਆਏਗੀ ਲਾਗਤ

Thursday, May 26, 2022 - 08:03 PM (IST)

ਲੁਧਿਆਣਾ (ਗੌਤਮ) : ਲੰਮੀ ਉਡੀਕ ਤੋਂ ਬਾਅਦ ਆਖ਼ਿਰਕਾਰ ਬੁੱਧਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦਾ ਡਿਜ਼ਾਈਨ ਫਾਈਨਲ ਹੋ ਗਿਆ। ਵਿਭਾਗ ਵੱਲੋਂ ਪਿਛਲੇ ਹਫ਼ਤੇ ਯਾਤਰੀ ਸੇਵਾ ਕਮੇਟੀ ਦੇ ਸਾਹਮਣੇ ਡਿਜ਼ਾਈਨ ਪੇਸ਼ ਕੀਤਾ ਗਿਆ ਸੀ ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ। ਵਿਭਾਗੀ ਸੂਤਰਾਂ ਅਨੁਸਾਰ, ਜਿਸ ’ਚ ਕੁਝ ਬਦਲਾਅ ਤੋਂ ਬਾਅਦ ਬੁੱਧਵਾਰ ਨੂੰ ਇਸ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਉਸਾਰੀ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। 400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਨੂੰ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਇਹ 2 ਤੋਂ 3 ਸਾਲਾਂ ਦੇ ਸਮੇਂ ’ਚ ਮੁਕੰਮਲ ਹੋ ਜਾਵੇਗਾ। ਹਾਲਾਂਕਿ ਇਸ ਪ੍ਰਾਜੈਕਟ ਸਬੰਧੀ ਮਿੱਟੀ ਪਰਖ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

5 ਸਾਲ ਪਹਿਲਾਂ ਹੋਈ ਸੀ ਸ਼ੁਰੂਆਤ, ਫਰਾਂਸ ਦੀ ਕੰਪਨੀ ਨੇ ਕੀਤਾ ਸੀ ਸਰਵੇ
ਰੇਲਵੇ ਸਟੇਸ਼ਨ ਦੇ ਏ-ਗ੍ਰੇਡ ’ਚ ਆਉਣ ਤੋਂ ਬਾਅਦ ਹੀ ਉੱਤਰੀ ਰੇਲਵੇ ਦੇ ਸਾਬਕਾ ਜਨਰਲ ਮੈਨੇਜਰ ਨੇ ਕਰੀਬ 5 ਸਾਲ ਪਹਿਲਾਂ ਆਪਣੇ ਦੌਰੇ ਦੌਰਾਨ ਇਸ ਪ੍ਰਾਜੈਕਟ ਦਾ ਐਲਾਨ ਕੀਤਾ ਸੀ ਅਤੇ ਦੱਸਿਆ ਸੀ ਕਿ ਇਸ ਪ੍ਰਾਜੈਕਟ ਲਈ ਕਿਸੇ ਵੀ ਤਰ੍ਹਾਂ ਨਾਲ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਫਰਾਂਸ ਦੀ ਕੰਪਨੀ ਨੇ ਇਸ ਦੇ ਨਿਰਮਾਣ ਸਬੰਧੀ ਸਰਵੇਖਣ ਵੀ ਕੀਤਾ ਸੀ ਅਤੇ ਡਿਜ਼ਾਈਨ ਤਿਆਰ ਹੋਣ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਰੇਲਵੇ ਦੇ ਆਈ.ਆਰ.ਐੱਸ.ਸੀ.ਡੀ. ਵਿਭਾਗ ਨੂੰ ਦਿੱਤੀ ਗਈ ਸੀ ਪਰ ਰੇਲਵੇ ਮੰਤਰਾਲੇ ਵੱਲੋਂ ਇਸ ਵਿਭਾਗ ਨੂੰ ਬੰਦ ਕਰਨ ਤੋਂ ਬਾਅਦ ਹੁਣ ਇਸ ਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਨੂੰ ਹੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਵੀ ਕੋਰੋਨਾ ਕਾਰਨ ਲਟਕ ਗਿਆ ਹੈ।

ਦੋਵੇਂ ਪਾਸੇ 5 ਮੰਜ਼ਿਲਾ ਇਮਾਰਤ, ਮੇਨ ਗੇਟ ਤੋਂ 3 ਐਂਟਰੀ ਪੁਆਇੰਟ ਅਤੇ ਸਿਵਲ ਲਾਈਨ ਤੋਂ 2
ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਦੋਵੇਂ ਪਾਸੇ 5-5 ਮੰਜ਼ਿਲਾ ਇਮਾਰਤਾਂ ਬਣਾਈਆਂ ਜਾਣਗੀਆਂ। ਮੁੱਖ ਗੇਟ ’ਤੇ ਬਣਨ ਵਾਲੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸਾਰੇ ਦਫ਼ਤਰ ਬਣਾਏ ਜਾਣਗੇ। ਜਦੋਂ ਕਿ ਪਲੇਟਫਾਰਮ ਵਾਲੀ ਗਰਾਊਂਡ ਨੂੰ ਖਾਲੀ ਰੱਖਿਆ ਜਾਵੇਗਾ। ਐਲੀਵੇਟਿਡ ਬ੍ਰਿਜ ਤੋਂ ਇਕ ਰਸਤਾ ਇਮਾਰਤ ਦੀ ਪਹਿਲੀ ਮੰਜ਼ਿਲ ਨਾਲ ਜੋੜਿਆ ਜਾਵੇਗਾ ਤਾਂ ਕਿ ਯਾਤਰੀ ਹੇਠਾਂ ਉਤਰ ਕੇ ਪਲੇਟਫਾਰਮ 'ਤੇ ਪਹੁੰਚ ਸਕੇ, ਉਸ ਤੋਂ ਬਾਅਦ ਯਾਤਰੀ ਬਹੁਮੰਜ਼ਿਲਾ ਪਾਰਕਿੰਗ ਵਿਚ ਆਪਣਾ ਵਾਹਨ ਪਾਰਕ ਕਰ ਸਕੇਗਾ ਨਹੀਂ ਤਾਂ ਇਹ ਮਾਰਗ ਅੱਗੇ ਐਲੀਵੇਟਿਡ ਰੋਡ ਨਾਲ ਜੁੜਿਆ ਹੋਵੇ। ਸ਼ਹਿਰ ਦੇ ਅੰਦਰਲੇ ਇਲਾਕਿਆਂ ਤੋਂ ਆਉਣ ਵਾਲੇ ਯਾਤਰੀ ਪੁਰਾਣੇ ਰੂਟ ਰਾਹੀਂ ਸਟੇਸ਼ਨ ਦੇ ਅੰਦਰ ਦਾਖਲ ਹੋ ਸਕਣਗੇ, ਇਸ ਲਈ ਮੁੱਖ ਗੇਟ 'ਤੇ 3 ਐਂਟਰੀ ਪੁਆਇੰਟ ਬਣਾਏ ਜਾਣਗੇ ਅਤੇ 2 ਗੇਟ ਸਿਵਲ ਲਾਈਨ ਵਾਲੇ ਪਾਸੇ ਵੀ ਬਣਾਏ ਜਾਣਗੇ।

PunjabKesari

ਬੱਸ ਸਟੈਂਡ ਤੋਂ ਲੱਕੜ ਪੁਲ ਤੱਕ ਬਣੇਗੀ ਸੜਕ
ਸਿਵਲ ਲਾਈਨ ’ਤੇ ਇਮਾਰਤ ਬਣਾਉਣ ਲਈ ਪਹਿਲਾਂ ਉਥੇ ਸਥਿਤ ਰੇਲਵੇ ਕਲੋਨੀ, ਹਸਪਤਾਲ ਅਤੇ ਦਫ਼ਤਰਾਂ ਨੂੰ ਹਟਾਇਆ ਜਾਵੇਗਾ ਅਤੇ ਬੱਸ ਸਟੈਂਡ ਤੋਂ ਲੱਕੜ ਪੁਲ ਤੱਕ ਸਿੱਧੀ ਸੜਕ ਬਣਾਈ ਜਾਵੇਗੀ ਤਾਂ ਜੋ ਬੱਸ ਸਟੈਂਡ ਤੋਂ ਆਉਣ-ਜਾਣ ਵਾਲੇ ਯਾਤਰੀ ਰੇਲਵੇ ਤੱਕ ਪਹੁੰਚ ਕਰ ਸਕਣ | ਲੱਕੜ ਪੁਲ ਤਕ ਜਾਣ ਵਾਲੀ ਸੜਕ ਤੋਂ ਵੀ ਯਾਤਰੀ ਰੇਲਵੇ ਸਟੇਸ਼ਨ ’ਤੇ ਆ ਸਕਣਗੇ। ਇਸ ਪਾਸੇ ਵੀ ਬਹੁਮੰਜ਼ਿਲਾ ਪਾਰਕਿੰਗ ਬਣਾਈ ਜਾਵੇਗੀ। ਜਾਣਕਾਰੀ ਅਨੁਸਾਰ ਅਧਿਕਾਰੀ ਸਿਵਲ ਲਾਈਨ ਵਾਲੇ ਪਾਸੇ ਯਾਤਰੀਆਂ ਲਈ ਹੋਰ ਸਟਾਪੇਜ ਬਣਾਉਣਾ ਚਾਹੁੰਦੇ ਹਨ।

ਕਰੰਟ ਟਿਕਟ ਅਤੇ ਰਿਜ਼ਰਵੇਸ਼ਨ ਇਕੋ ਸਮੇਂ
ਐਗਰੇਡ ਰੇਲਵੇ ਸਟੇਸ਼ਨਾਂ ਦੀ ਤਰਜ਼ ’ਤੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਕਰੰਟ ਟਿਕਟ ਤੇ  ਰਿਜ਼ਰਵੇਸ਼ਨ ਸੈਂਟਰ ਨਾਲ ਨਾਲ ਬਣਾਏ ਜਾਣਗੇ ਤਾਂ ਕਿ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਨ ਲਈ ਇਧਰ-ਉਧਰ ਨਾ ਭੱਜਣਾ ਪਵੇ ਅਤੇ ਇਸ ਦੇ ਨਾਲ ਹੀ ਇਕ ਪੁੱਛਗਿੱਛ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ। ਇਹ ਸਹੂਲਤ ਸਿਵਲ ਲਾਈਨ ਗੇਟ ’ਤੇ ਵੀ ਉਪਲੱਬਧ ਹੋਵੇਗੀ। ਮੁੱਖ ਗੇਟ ਦੇ ਨਾਲ ਬਣੀਆਂ ਕਾਲੋਨੀਆਂ ਨੂੰ ਹਟਾ ਕੇ ਬਹੁਮੰਜ਼ਿਲਾ ਇਮਾਰਤ ਬਣਾਉਣ ਦੀ ਯੋਜਨਾ ਹੈ, ਜਿਸ ਵਿਚ ਰੇਲ ਡਾਕ ਸੇਵਾ ਅਤੇ ਹੋਰ ਦਫ਼ਤਰ ਹੋਣਗੇ। ਮੁੱਖ ਗੇਟ ’ਤੇ ਪਾਰਕਿੰਗ ਨੂੰ ਹਟਾ ਕੇ ਬਹੁਮੰਜ਼ਿਲਾ ਪਾਰਕਿੰਗ ’ਚ ਤਬਦੀਲ ਕੀਤਾ ਜਾਵੇਗਾ।

ਪਲੇਟਫਾਰਮਾਂ ਦੇ ਉੱਤੇ ਪਹਿਲੀ ਮੰਜ਼ਿਲ ’ਤੇ ਬਣੇਗਾ ਕਾਨਕੋਰਨ
ਐਲੀਵੇਟਿਡ ਰੋਡ ਅਤੇ ਸਿਵਲ ਲਾਈਨ ਵਾਲੀ ਸਾਈਡ ਤੋਂ ਆਉਣ ਵਾਲੇ ਯਾਤਰੀਆਂ ਲਈ ਏਅਰਪੋਰਟ ਦੀ ਤਰਜ਼ ’ਤੇ ਇਕ ਕਾਨਕੋਰਨ ਬਣਾਇਆ ਜਾਵੇਗਾ ਤਾਂ ਕਿ ਕਾਫੀ ਲੰਬੇ-ਚੌੜੇ ਕਾਨਕੋਰਨ ’ਤੇ ਬੈਠ ਕੇ ਯਾਤਰੀ ਟਰੇਨਾਂ ਦਾ ਇੰਤਜ਼ਾਰ ਕਰ ਸਕਣ ਅਤੇ ਇਥੇ ਟਰੇਨਾਂ ਦੀ ਜਾਣਕਾਰੀ ਉਪਲੱਬਧ ਹੋਵੇਗੀ। ਇਸ ਨੂੰ ਨਵੇਂ ਅਤੇ ਪੁਰਾਣੇ ਫੁੱਟ ਓਵਰਬ੍ਰਿਜ ਨਾਲ ਜੋੜਿਆ ਜਾਵੇਗਾ ਅਤੇ ਪਲੇਟਫਾਰਮ ’ਤੇ ਆਉਣ-ਜਾਣ ਲਈ ਐਸਕੀਲੇਟਰ ਪੌੜੀਆਂ ਅਤੇ ਲਿਫਟਾਂ ਲਾਈਆਂ ਜਾਣਗੀਆਂ ਤਾਂ ਕਿ ਟਰੇਨ ਆਉਣ ਦੇ ਸਮੇਂ ਹੀ ਯਾਤਰੀ ਪਲੇਟਫਾਰਮ ’ਤੇ ਪਹੁੰਚ ਸਕਣ। ਇਥੇ ਯਾਤਰੀਆਂ ਲਈ ਫੂਡ ਕੋਰਟ, ਸਟਾਲ, ਬਾਥਰੂਮ ਅਤੇ ਹੋਰ ਸੁਵਿਧਾਵਾਂ ਉਪਲੱਬਧ ਰਹਿਣਗੀਆਂ, ਜਦਕਿ ਪਲੇਟਫਾਰਮ ’ਤੇ ਵੀ ਸਟਾਲ ਅਤੇ ਖਾਣ-ਪੀਣ ਦਾ ਸਾਮਾਨ ਉਪਲੱਬਧ ਰਹੇਗਾ।

ਸਰਕੁਲੇਟਰ ਏਰੀਆ ਦਾ ਹੋਵੇਗਾ ਸੁੰਦਰੀਕਰਨ
ਮੇਨ ਐਂਟਰੀ ’ਤੇ ਸਥਿਤ ਸਰਕੁਲੇਟਰ ਏਰੀਏ ਦਾ ਸੁੰਦਰੀਕਰਨ ਹੋਵੇਗਾ। ਯਾਤਰੀਆਂ ਨੂੰ ਉਨ੍ਹਾਂ ਦੇ ਵਾਹਨ ਗੇਟ ’ਤੇ ਛੱਡਣ ਤੋਂ ਬਾਅਦ ਸਿੱਧਾ ਪਾਰਕਿੰਗ ਜਾਂ ਬਾਹਰ ਜਾਣ ਦਾ ਰਸਤਾ ਹੋਵੇਗਾ ਤਾਂ ਕਿ ਸਟੇਸ਼ਨ ’ਤੇ ਭੀੜ ਨਾ ਹੋਵੇ। ਇਸ ਖੇਤਰ ’ਚ ਏ. ਟੀ. ਐੱਮ. ਸਥਾਪਿਤ ਹੋਣਗੇ ਅਤੇ ਪਾਰਸਲ ਵਿਭਾਗ ਨੂੰ ਵੀ ਪਿੱਛੇ ਬਣਾਇਆ ਜਾਵੇਗਾ। ਪਲੇਟਫਾਰਮਾਂ ਦੀ ਲੰਬਾਈ ਨੂੰ ਵੀ ਲੰਬਾ ਕੀਤਾ ਜਾਵੇਗਾ।


Manoj

Content Editor

Related News