ਸਤਿਗੁਰੂ ਉਦੇ ਸਿੰਘ ਜੀ ਦਾ ਮੁਕੇਰੀਆਂ ਧਰਮਸ਼ਾਲਾ ਵਿਖੇ ਭਰਵਾਂ ਸਵਾਗਤ
Sunday, Mar 03, 2019 - 03:57 AM (IST)
ਲੁਧਿਆਣਾ (ਜ. ਬ.)–ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਵਲੋਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਮੁਕੇਰੀਆਂ ਤੇ ਗੜ੍ਹਦੀਵਾਲਾ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਨਾਮਧਾਰੀ ਧਰਮਸ਼ਾਲਾ ਮੁਕੇਰੀਆਂ ਵਿਖੇ ਦਰਸ਼ਨ ਦਿੱਤੇ। ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਸਤਿਗੁਰੂ ਜੀ ਨੇ ਆਖਿਆ ਕਿ ਆਪਣੇ ਬੱਚਿਆਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉਠਾ ਕੇ ਇਸ਼ਨਾਨ ਕਰਵਾਓ ਅਤੇ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਓ ਕਿ ਕਿਵੇਂ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿੱਖੀ ਖਾਤਰ ਪੂਰਾ ਸਰਬੰਸ ਵਾਰ ਦਿੱਤਾ। ਬੱਚਿਆਂ ਨੂੰ ਦੱਸੋ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਸ਼ਹੀਦ ਬਿਸ਼ਨ ਸਿੰਘ ਨੇ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ। ਬੱਚਿਆਂ ਨੂੰ ਪੰਜਾਬੀ ਸਿਖਾਓ ਤਾਂ ਜੋ ਬੱਚੇ ਸ਼ੁੱਧ ਗੁਰਬਾਣੀ ਪੜ੍ਹ ਸਕਣ। ਸਤਿਗੁਰੂ ਜੀ ਨੇ ਸੰਗਤਾਂ ਨੂੰ ਬਜ਼ੁਰਗਾਂ ਤੇ ਲੋੜਵੰਦਾਂ ਦੀ ਸੇਵਾ ਕਰਨ ’ਤੇ ਇਕ ਘੰਟਾ ਰੋਜ਼ਾਨਾ ਨਾਮ ਸਿਮਰਨ ਕਰਨ ਲਈ ਵੀ ਆਖਿਆ। ਮੁਕੇਰੀਆਂ ਧਰਮਸ਼ਾਲਾ ਪੁੱਜਣ ’ਤੇ ਸਤਿਗੁਰੂ ਜੀ ਦਾ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਨਵਤੇਜ ਚੀਮਾ, ਜ਼ਿਲਾ ਪ੍ਰੀਸ਼ਦ ਮੈਂਬਰ ਜਸਵੰਤ ਰੰਧਾਵਾ, ਨਗਰ ਕੌਂਸਲ ਪ੍ਰਧਾਨ ਬੀਬੀ ਇੰਦਰਜੀਤ ਕੌਰ, ਸੂਬਾ ਬਲਵਿੰਦਰ ਝੱਲ, ਕੁਲਦੀਪ ਸਿੰਘ ਬੁੱਟਰ, ਗੁਰਦੀਪ ਕਾਨੂੰਗੋ, ਕੁਲਦੀਪ ਲਾਡਪੁਰ, ਅਮਰੀਕ ਸਿੰਘ, ਧਿਆਨ ਸਿੰਘ, ਰਜਿੰਦਰ ਚੀਮਾ, ਇਕਬਾਲ ਜੌਹਲ, ਹਰਭਜਨ ਬੁੱਟਰ, ਗੁਲਜਾਰ ਪੰਨੂ, ਰਣਜੀਤ ਬੁੱਟਰ, ਭੁਪਿੰਦਰ ਪੰਨੂ, ਸੂਬਾ ਗੁਲਜ਼ਾਰ ਸਿੰਘ ਵੀ ਸਤਿਗੁਰੂ ਜੀ ਦੇ ਇਸ ਦੌਰੇ ਦੇ ਨਾਲ ਸਨ। ਧਰਮਸ਼ਾਲਾ ਤੋਂ ਬਾਅਦ ਸਤਿਗੁਰੂ ਜੀ ਨੇ ਪਿੰਡ ਲਾਡਪੁਲ, ਪੁਰਾਣਾ ਭੰਗਾਲਾ, ਰੰਧਾਵਾ ਕਾਲੋਨੀ ਮੁਕੇਰੀਆਂ, ਭੱਟੀਆ ਜੱਟਾਂ ਸਮੇਤ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਦਰਜਨਾਂ ਪਰਿਵਾਰਾਂ ਨੇ ਬਖਸ਼ਬੰਦੀ ਵੀ ਕਰਵਾਈ। ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਨੇ ਦੱਸਿਆ ਕਿ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿਚ ਸ੍ਰੀ ਭੈਣੀ ਸਾਹਿਬ ਵਿਖੇ ਹੋਲਾ-ਮਹੱਲਾ 21 ਤੋਂ 24 ਮਾਰਚ ਤੱਕ ਹੋਵੇਗਾ, ਜਿਸ ਵਿਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਣਗੀਆਂ।
