ਸੈਂਟਰਲ ਜੇਲ ਲੁਧਿਆਣਾ ਦੇ 3 ਵਾਰਡਨ ਸਸਪੈਂਡ

09/03/2018 10:21:52 AM

ਲੁਧਿਆਣਾ (ਸਿਆਲ) : ਸੈਂਟਰਲ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੀ. ਜੀ. ਆਈ. ਤੋਂ ਭੱਜੇ ਕੈਦੀ ਦੇ ਮਾਮਲੇ ਵਿਚ ਸਖਤ ਨੋਟਿਸ ਲੈਂਦਿਆਂ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਤਿੰਨਾਂ ਵਾਰਡਨਾਂ ਨੂੰ ਸਸਪੈਂਡ ਕਰ ਦਿੱਤਾ ਹੈ। ਉਥੇ ਉਨ੍ਹਾਂ ਖਿਲਾਫ ਚੰਡੀਗੜ੍ਹ ਵਿਚ ਕੇਸ ਵੀ ਦਰਜ ਕਰਵਾਇਆ ਗਿਆ ਹੈ।

ਵਰਨਣਯੋਗ ਹੈ ਕਿ ਸੈਂਟਰ ਜੇਲ ਵਿਚ ਸਜ਼ਾਯਾਫਤਾ ਕੈਦੀ ਅਨਿਲ ਪਾਸਵਾਨ ਨੂੰ ਪੇਟ ਵਿਚ ਪੱਥਰੀ ਦੀ ਸ਼ਿਕਾਇਤ ਸੀ, ਜਿਸ ਨੂੰ ਜੇਲ ਹਸਪਤਾਲ ਨੇ 29 ਅਗਸਤ ਨੂੰ ਸਿਵਲ ਹਸਪਤਾਲ ਭੇਜਿਆ ਸੀ। ਇਸ ਤੋਂ ਬਾਅਦ 30 ਅਗਸਤ ਨੂੰ ਫਿਰ ਤੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਸੀ। ਜਿਥੋਂ ਸ਼ੁੱਕਰਵਾਰ ਨੂੰ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ ਸੀ ਪਰ ਉਥੋਂ ਉਕਤ ਕੈਦੀ ਨਿਗਰਾਨੀ ਲਈ ਮੌਜੂਦ ਜੇਲ ਵਾਰਡਨ ਰਣਬੀਰ ਸਿੰਘ, ਗੁਰਮੋਹਨ ਸਿੰਘ ਤੇ ਤਰਸੇਮ ਸਿੰਘ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ

ਬੋਪਾਰਾਏ ਨੇ ਦੱਸਿਆ ਕਿ ਤਿੰਨਾਂ ਵਾਰਡਨਾਂ ਨੂੰ ਡਿਊਟੀ ਵਿਚ ਲਾਪ੍ਰਵਾਹੀ ਕਾਰਨ ਸਸਪੈਂਟ ਕੀਤਾ ਗਿਆ ਹੈ। ਉਥੇ ਇਸ ਸਬੰਧੀ ਏ. ਡੀ. ਜੀ. ਪੀ. (ਜੇਲ) ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਵੀ ਪੱਤਰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਵਾਰਡਨਾਂ ਖਿਲਾਫ ਪੀ. ਜੀ. ਆਈ. ਦੀ ਪੁਲਸ ਚੌਕੀ ਵਿਚ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲਸ ਨੇ ਫਰਾਰ ਕੈਦੀ ਦੀ ਫੋਟੋ ਮੰਗੀ ਸੀ, ਜੋ ਕਿ ਭੇਜ ਦਿੱਤੀ ਗਈ ਹੈ। ਕੈਦੀ ਪਾਸਵਾਨ ਦੇ ਲੁਧਿਆਣਾ ਵਿਚ ਫੋਕਲ ਪੁਆਇੰਟ ਸਥਿਤ ਗਲੀ ਨੰਬਰ 1 ਵਿਚ ਈਸ਼ਵਰ ਲਾਲ ਦੇ ਵਿਹੜੇ ਵਿਚ ਨਿਗਰਾਨੀ ਸਬੰਧੀ ਜੇਲ ਤੇ ਐੱਲ. ਓ. ਪਲਵਿੰਦਰ ਦੀ ਡਿਊਟੀ ਲਾਈ ਹੈ, ਜਿਨ੍ਹਾਂ ਨੇ ਅੱਗੇ ਇਕ ਕਰਮਚਾਰੀ ਨੂੰ ਕੈਦੀ ਦੇ ਘਰ ਵਿਚ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਉਸ ਦੇ ਇਥੇ ਆਉਣ ਸਬੰਧੀ ਨਜ਼ਰ ਰੱਖੀ ਜਾ ਸਕੇ। ਉਧਰ, ਚੰਡੀਗੜ੍ਹ ਪੁਲਸ ਸਮੇਤ ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਵੀ ਫਰਾਰ ਕੈਦੀ ਦੀ ਧੜ-ਪਕੜ ਵਿਚ ਜੁਟ ਗਈ ਹੈ। ਉਥੇ ਜੇਲ ਪ੍ਰਸ਼ਾਸਨ ਵੀ ਮਾਮਲੇ ਦੀ ਜਾਂਚ ਵਿਚ ਲੱਗਾ ਹੋਇਆ ਹੈ।


Related News