ਪ੍ਰੇਮ ਵਿਆਹ ਨੂੰ ਲੈ ਕੇ ਹੋਇਆ ਝਗੜਾ, 4 ਲੋਕ ਜ਼ਖਮੀ

11/20/2017 12:10:32 PM

ਜਲੰਧਰ— ਬੀਤੇ ਦਿਨ ਪ੍ਰੇਮ ਵਿਆਹ ਦੇ ਕਾਰਨ ਹੋਏ ਝਗੜੇ 'ਚ ਚਾਰ ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਧਾਰਥ ਨਗਰ ਦੇ ਰਹਿਣ ਵਾਲੇ ਸ਼ਿਵ ਪ੍ਰਸਾਦ ਨੇ ਦੱਸਿਆ ਕਿ ਉਸ ਦੇ ਬੇਟੇ ਅਮਿਤੇਸ਼ ਨੇ 27 ਅਕਤੂਬਰ ਨੂੰ ਪੱਲਵੀ ਦੇ ਨਾਲ ਪ੍ਰੇਮ ਵਿਆਹ ਕੀਤਾ ਸੀ। ਇਸ ਨੂੰ ਲੈ ਕੇ ਐਤਵਾਰ ਸ਼ਾਮ ਨੂੰ ਕਰੀਬ 8 ਵਜੇ ਅਮਿਤੇਸ਼ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ, ਜਿਸ 'ਚ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਪਰਿਮਾ ਪੁੱਤਰੀ ਸ਼ਿਵ ਪ੍ਰਸਾਦ, ਅਭਿਸ਼ੇਕ ਪੁੱਤਰ ਸ਼ਿਵ ਪ੍ਰਸਾਦ, ਅਮਿਤੇਸ਼ ਪੁੱਤਰ ਸ਼ਿਵ ਪ੍ਰਸਾਦ ਅਤੇ ਪੱਲਵੀ ਪਤਨੀ ਅਮਿਤੇਸ਼ ਕੁਮਾਰ ਦੇ ਰੂਪ 'ਚ ਕੀਤੀ ਗਈ। ਉਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਪੱਲਵੀ ਨੇ ਦੱਸਿਆ ਕਿ ਉਸ ਦੀ ਭੁਆ ਰਾਣੀ ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਗਾਲ੍ਹਾਂ ਕੱਢਣ ਲੱਗੀ। ਜਦੋਂ ਉਸ ਦੇ ਸਹੁਰੇ ਪਰਿਵਾਰ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ। ਜਦੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਉਸ ਦੀ ਭੁਆ ਅਤੇ ਉਸ ਦੇ ਨਾਲ ਆਏ ਲੋਕ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News