ਅਕਾਲੀ ਦਲ ਨੂੰ ਝਟਕਾ, ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਚੰਦ ਗਰਗ ਭਾਜਪਾ ''ਚ ਸ਼ਾਮਲ
Friday, May 17, 2024 - 02:49 PM (IST)
ਭਵਾਨੀਗੜ੍ਹ (ਕਾਂਸਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਆਗੂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਚੰਦ ਗਰਗ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਦਿੱਤਾ। ਉਹ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾਂ ਵੱਲੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਚੰਦ ਗਰਗ ਤੇ ਸਾਥੀਆਂ ਨੂੰ ਸਿਰੋਪਾਓ ਭੇਂਟ ਕਰਕੇ ਭਾਜਪਾ ’ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਅਤੇ ਯੋਗ ਅਹੁਦੇ ਦਿੱਤੇ ਜਾਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਚੰਦ ਗਰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹਿ ਗਈ ਹੈ, ਜਿੱਥੇ ਸਿਰਫ ਉਕਤ ਪਰਿਵਾਰ ਦੀ ਚਾਪਲੂਸੀ ਕਰਨ ਵਾਲੇ ਵਿਅਕਤੀਆਂ ਦੀ ਹੀ ਪੁੱਛ-ਗਿੱਛ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ੁਰੂ ਤੋਂ ਹੀ ਢੀਂਡਸਾ ਪਰਿਵਾਰ ਤੇ ਬਾਬੂ ਪ੍ਰਕਾਸ਼ ਚੰਦ ਗਰਗ ਦੀ ਸਰਪ੍ਰਸਤੀ ਹੇਠ ਦਲ ਦੀ ਮਜ਼ਬੂਤੀ ਲਈ ਬਿਨ੍ਹਾਂ ਕਿਸੇ ਸਵਾਰਥ ਦੇ ਕੰਮ ਕੀਤਾ ਹੈ ਪਰ ਅਕਾਲੀ ਦਲ ’ਚ ਵਾਪਸੀ ਕਰਨ ਦੇ ਬਾਵਜੂਦ ਵੀ ਪਾਰਟੀ ਪ੍ਰਧਾਨ ਵੱਲੋਂ ਲੋਕ ਸਭਾ ਚੋਣਾਂ ’ਚ ਢੀਂਡਸਾ ਪਰਿਵਾਰ ਨੂੰ ਅਣਗੌਲਿਆਂ ਕੀਤਾ ਗਿਆ ਹੈ।
ਦਲ ਦੇ ਇਸ ਮਤਰੇਈ ਮਾਂ ਵਾਲੇ ਸਲੂਕ ਤੋਂ ਨਾਰਾਜ਼ ਹੋ ਕੇ ਉਹ ਅੱਜ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਜਿੱਥੇ ਪਾਰਟੀ ਦੇ ਥੰਮ ਮਨੇ ਜਾਣ ਵਾਲੇ ਉੱਚ ਆਗੂਆਂ ਦੀ ਕਦਰ ਨਹੀਂ, ਉੱਥੇ ਆਮ ਆਗੂਆਂ ਤੇ ਵਰਕਰਾਂ ਦਾ ਕੀ ਹਾਲ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਧਰਮਿੰਦਰ ਸਿੰਘ ਦੁੱਲਟ ਜ਼ਿਲ੍ਹਾ ਪ੍ਰਧਾਨ, ਕਪਿਲ ਦੇਵ ਗਰਗ, ਪ੍ਰਮੋਦ ਕਾਂਸਲ ਪਿੰਕੀ ਅਤੇ ਹਰਭਗਵਾਨ ਦਾਸ ਸਮੇਤ ਕਈ ਆਗੂ ਮੌਜੂਦ ਸਨ।