ਲਵ ਮੈਰਿਜ਼ ਵਿਰੁੱਧ ਸਹੁਰੇ ਪਰਿਵਾਰ ਨੇ ਜਵਾਈ ਦੇ ਦੋਸਤ ’ਤੇ ਕੀਤਾ ਹਮਲਾ!
Monday, Feb 01, 2021 - 10:38 AM (IST)
ਅੰਮ੍ਰਿਤਸਰ ( ਇੰਦਰਜੀਤ) : ਮਾਤਾ-ਪਿਤਾ ਦੀ ਮਰਜ਼ੀ ਦੇ ਬਿਨਾਂ ਵਿਆਹ ਕਰਨ ਵਾਲੀ ਧੀ ਅਤੇ ਉਸਦੇ ਪਤੀ ਤੋਂ ਗੁੱਸੇ ’ਚ ਆਏ ਕੁੜੀ ਵਾਲਿਆਂ ਵੱਲੋਂ ਜਵਾਈ ਦੇ ਦੋਸਤ ’ਤੇ ਹਮਲਾ ਕਰ ਦੇਣ ਦੀ ਸੂਚਨਾ ਥਾਣਾ ਡੀ-ਡਵੀਜ਼ਨ ਨੂੰ ਦਿੱਤੀ ਗਈ ਹੈ । ਵੱਡੀ ਗੱਲ ਹੈ ਕਿ ਇਹ ਸ਼ਿਕਾਇਤ ਜਵਾਈ ਨੇ ਨਾ ਦੇ ਕੇ ਸਗੋਂ ਧੀ ਨੇ ਹੀ ਆਪਣੇ ਭਰਾ ਅਤੇ ਪੇਕੇ ਦੇ ਰਿਸ਼ਤੇਦਾਰਾਂ ਨੂੰ ਕੁੱਟਮਾਰ ਦਾ ਦੋਸ਼ੀ ਦੱਸਿਆ ਹੈ। ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਨੰਦਿਨੀ ਪਤਨੀ ਰੋਹਿਤ ਕੁਮਾਰ ਪੁੱਤਰ ਰਾਮਕਿਸ਼ਨ ਨਿਵਾਸੀ 36 ਲੇਬਰ ਕਾਲੋਨੀ ਜੀ. ਟੀ. ਰੋਡ ਅੰਮ੍ਰਿਤਸਰ ਨੇ ਕਿਹਾ ਹੈ ਕਿ ਉਸਦਾ ਵਿਆਹ ਰੋਹਿਤ ਕੁਮਾਰ ਨਾਲ 12 ਦਸੰਬਰ ਨੂੰ ਕੋਰਟ ਮੈਰਿਜ਼ ਰਾਹੀਂ ਹੋਇਆ ਸੀ। ਵਿਆਹ ਦੇ ਪੂਰੇ ਕਾਨੂੰਨੀ ਦਸਤਾਵੇਜ਼ ਉਨ੍ਹਾਂ ਦੇ ਕੋਲ ਹਨ। ਵਿਆਹੁਤਾ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਉਸਨੂੰ ਉਸਦੇ ਪਤੀ ਦੇ ਰਿਸ਼ਤੇਦਾਰਾਂ, ਜਿਨ੍ਹਾਂ ’ਚ ਉਸਦੀ ਭੈਣ, ਭਰਾ, ਮਾਤਾ-ਪਿਤਾ, ਭੂਆ, ਚਾਚੀ ਅਤੇ ਹੋਰ ਲੋਕ ਸ਼ਾਮਲ ਹਨ, ਨੇ 10-12 ਵਿਅਕਤੀਆਂ ਦੇ ਨਾਲ ਉਸਦੇ ਪਤੀ ਦੇ ਦੋਸਤ ਕਰਨ ’ਤੇ ਹਮਲਾ ਕਰ ਦਿੱਤਾ, ਜਿਸ ’ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ’ਚ ਪੀੜਤ ਕਰਨ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹੈ । ਇਸ ਸਬੰਧੀ ਥਾਣਾ ਡੀ-ਡਵੀਜ਼ਨ ਦੀ ਪੁਲਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ ।
ਵਿਆਹੁਤਾ ਨੇ ਦੱਸਿਆ ਕਿ ਵਿਆਹ ਉਪਰੰਤ ਉਸਦੀ ਨਨਾਣ ਜਦੋਂ ਵੀ ਮਿਲਦੀ ਹੈ, ਉਸਨੂੰ ਅਤੇ ਉਸਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਹੈ, ਜਿਸ ’ਚ ਉਸਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਨੰਦਿਨੀ ਨੇ ਕਿਹਾ ਕਿ ਮੇਰੇ ਪਤੀ ਦੇ ਰਿਸ਼ਤੇਦਾਰ ਮੈਨੂੰ ਅਤੇ ਮੇਰੇ ਪਤੀ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲ ਕਰ ਕੇ ਧਮਕੀਆਂ ਦਿੰਦੇ ਹਨ। ਵਿਆਹੁਤਾ ਅਨੁਸਾਰ ਜਦੋਂ ਤੋਂ ਉਨ੍ਹਾਂ ਦਾ ਵਿਆਹ ਹੋਇਆ ਹੈ ਇਹ ਲੋਕ ਉਸਨੂੰ ਬਰਦਾਸ਼ਤ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ । ਇਸ ਮਾਮਲੇ ’ਚ ਥਾਣਾ ਗੇਟ ਹਕੀਮਾਂ ਪੁਲਸ ਨੂੰ ਸਾਡੀ ਸੁਰੱਖਿਆ ਲਈ ਕੋਰਟ ਦੇ ਆਰਡਰ ਵੀ ਮਿਲੇ ਹੋਏ ਹਨ ਪਰ ਇਹ ਹਮਲਾ ਥਾਣਾ ਡਵੀਜ਼ਨ ਦੇ ਇਲਾਕੇ ’ਚ ਹੋਇਆ ਹੈ, ਜਿੱਥੇ ਇਸਦੀ ਸ਼ਿਕਾਇਤ ਪਹੁੰਚ ਚੁੱਕੀ ਹੈ । ਦੋਸ਼ ਹੈ ਕਿ ਕੁੱਟਮਾਰ ਦੇ ਨਾਲ-ਨਾਲ ਉਸਦੇ ਪਤੀ ਦੇ ਦੋਸਤ ਕਰਨ ਤੋਂ ਉਸਦਾ ਮੋਬਾਇਲ ਫੋਨ ਅਤੇ ਪਰਸ ਵੀ ਖੋਹ ਲਿਆ ਗਿਆ, ਜਿਸ ’ਚ 15 ਹਜ਼ਾਰ ਰੁਪਏ ਵੀ ਸਨ। ਪੀੜਤ ਪੱਖ ਨੇ ਦੋਸ਼ ਲਾਇਆ ਕਿ ਇਸ ਸਬੰਧੀ ਥਾਣਾ ਡੀ-ਡਵੀਜ਼ਨ ਦੇ ਮੁਨਸ਼ੀ ਨੂੰ ਸ਼ਿਕਾਇਤ ਦਿੰਦੇ ਸਮੇਂ ਵਾਰ-ਵਾਰ ਬੇਨਤੀ ਕੀਤੀ ਸੀ ਪਰ ਉਸਨੇ ਕੁੱਟਮਾਰ ਦੀ ਸ਼ਿਕਾਇਤ ਤਾਂ ਲਿਖ ਲਈ ਪਰ ਖੋਹੇ ਗਏ ਪੈਸੇ ਅਤੇ ਮੋਬਾਇਲ ਫੋਨ ਉਸਨੇ ਸ਼ਿਕਾਇਤ ’ਚ ਦਰਜ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਉਕਤ ਮੁਨਸ਼ੀ ਰਾਜੇਸ਼ ਦੂਜੇ ਪੱਖ ਦੀ ਮਦਦ ਕਰ ਰਿਹਾ ਹੈ ।
ਕੀ ਕਹਿਦੇ ਹਨ ਅਧਿਕਾਰੀ
ਇਸ ਸਬੰਧੀ ਥਾਣਾ ਡੀ-ਡਵੀਜ਼ਨ ਦੇ ਸਬ-ਇੰਸਪੈਕਟਰ ਅਵਤਾਰ ਸਿੰਘ, ਜੋ ਕਿ ਇਸ ਕੇਸ ਦੀ ਜਾਂਚ ਕਰ ਰਹੇ ਹਨ, ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਉਪਰੰਤ ਜੋ ਵੀ ਕਾਰਵਾਈ ਪੀਡ਼ਤ ਦੇ ਪੱਖ ’ਚ ਬਣਦੀ ਹੈ, ਜ਼ਰੂਰ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਖਿਲਾਫ ਸ਼ਿਕਾਇਤ ਦਿੱਤੀ ਹੈ ਉਹ ਆਪਣੇ ਘਰਾਂ ਨੂੰ ਤਾਲੇ ਲਾ ਕੇ ਕਿਤੇ ਚਲੇ ਗਏ ਹਨ ।
‘ਜਵਾਈ ਧਿਰ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ’
ਇਸ ਸਬੰਦੀ ਦੋਸ਼ੀ ਧਿਰ ’ਚ ਲੜਕੀ ਦੀ ਮਾਂ ਪਿੰਕੀ ਦੇਵੀ ਨੇ ਦੱਸਿਆ ਕਿ ਆਪਣੀ ਧੀ ਦੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਕੋਈ ਤਕਲੀਫ ਨਹੀਂ ਸੀ। ਅਸੀਂ ਇਸ ਵਿਆਹ ਨੂੰ ਸਵਿਕਾਰ ਕਰਦੇ ਹਾਂ ਅਤੇ ਆਪਣੇ ਜਵਾਈ ਧਿਰ ਨੂੰ ਕੋਈ ਧਮਕੀ ਨਹੀਂ ਦਿੱਤੀ । ਉਸ ਨੇ ਦੋਸ਼ ਲਾਇਆ ਕਿ ਲਡ਼ਕੇ ਦੇ ਰਿਸ਼ਤੇਦਾਰ, ਖਾਸ ਤੌਰ ’ਤੇ ਉਸਦਾ ਮਾਮਾ ਅਤੇ ਮਾਸੜ ਉਨ੍ਹਾਂ ਨੂੰ ਇਸ ਗੱਲ ਲਈ ਤਾਅਨੇ ਮਾਰਦੇ ਹਨ ਕਿ ਸਾਡਾ ਲੜਕਾ ਤੁਹਾਡੀ ਕੁੜੀ ਨੂੰ ਵਿਆਹ ਕੇ ਇੱਥੇ ਲੈ ਆਇਆ ਹੈ , ਸਾਡਾ ਤੂੰ ਕੀ ਵਿਗਾੜ ਲਿਆ ਹੈ?